ਕੋਈ ਇਕ ਸਵਾਰ (ਕਹਾਣੀ)-ਸੰਤੋਖ ਸਿੰਘ ਧੀਰ

ਸੂਰਜ ਦੀ ਟਿੱਕੀ ਨਾਲ ਤਾਂਗਾ ਜੋੜ ਕੇ ਅੱਡੇ ਵਿਚ ਲਾਉਂਦਿਆਂ ਬਾਰੂ ਤਾਂਗੇ ਵਾਲੇ ਨੇ ਹੋਕਾ ਦਿਤਾ, ”ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈ ਓ…!”
ਸਿਆਲ ਵਿਚ ਏਨੇ ਸਾਝਰੇ ਸਬੱਬ ਨਾਲ ਭਾਵੇਂ ਕੋਈ ਸਵਾਰ ਆ ਜਾਵੇ, ਨਹੀਂ ਤਾਂ ਰੋਟੀ ਟੁਕ ਖਾ ਕੇ ਧੁੱਪ ਚੜ੍ਹੇ ਹੀ ਘਰੋਂ ਬਾਹਰ ਨਿਕਲਦੈ ਬੰਦਾ। ਪਰ ਬਾਰੂ ਇਸ ‘ਸਬੱਬ’ ਤੋਂ ਵੀ ਕਿਉਂ ਖੁੰਝੇ? ਪਾਲੇ ਵਿਚ ਠਰਦਿਆਂ ਵੀ ਉਹ ਸਭ ਤੋਂ ਪਹਿਲਾਂ ਆਪਣਾ ਤਾਂਗਾ ਅੱਡੇ ਵਿਚ ਲਾਉਣ ਦੀ ਸੋਚਦਾ।
ਬਾਰੂ ਨੇ ਬਾਜ਼ਾਰ ਵਲ ਮੂੰਹ ਕਰਕੇ ਏਕਣ ਜ਼ੋਰ ਨਾਲ ਹੋਕਾ ਮਾਰਿਆ, ਜਿਵੇਂ ਉਹਨੂੰ ਕੁੱਲ ਇਕੋ ਸਵਾਰ ਚਾਹੀਦਾ ਹੈ। ਪਰ ਬਜ਼ਾਰ ਵਲੋਂ ਇਕ ਵੀ ਸਵਾਰ ਨਾ ਆਇਆ। ਫੇਰ ਉਹਨੇ ਪਿੰਡ ਤੋਂ ਆਉਂਦੀਆਂ ਵੱਖੋ ਵੱਖ ਡੰਡੀਆਂ ਵਲ ਅੱਖਾਂ ਚੁੱਕ ਕੇ ਆਸ ਨਾਲ ਤੱਕਦਿਆਂ ਹੋਕੇ ਲਾਏ। ਪਤਾ ਨਹੀਂ ਕਦੇ ਕਦੇ ਸਵਾਰੀਆਂ ਨੂੰ ਕੀ ਸੱਪ ਸੁੰਘ ਜਾਂਦਾ ਹੈ। ਬਾਰੂ ਸੜਕ ਦੇ ਇਕ ਪਾਸੇ ਫੜ੍ਹੀ ਵਾਲੇ ਕੋਲ ਬੈਠ ਕੇ ਬੀੜੀ ਪੀਣ ਲੱਗਾ।
ਬਾਰੂ ਦਾ ਚੁਸਤ ਘੋੜਾ ਨਿਚੱਲਾ ਹੋ ਕੇ ਖਲੋ ਨਹੀਂ ਸੀ ਸਕਦਾ। ਦੋ ਤਿੰਨ ਵਾਰ ਘੋੜੇ ਨੇ ਨਾਸਾਂ ਫੁਲਾ ਕੇ ਫਰਾਟੇ ਮਾਰੇ, ਪੂਛ ਹਿਲਾਈ ਤੇ ਫੇਰ ਆਪੇ ਦੋ ਤਿੰਨ ਕਦਮ ਤੁਰ ਪਿਆ। ”ਬਸ ਓ ਬਸ ਪੁੱਤਰਾ! ਕਾਹਲਾ ਕਿਉਂ ਪੈਨੈਂ-ਚਲਦੇ ਆਂ-ਆ ਲੈਣ ਦੇ ਕਿਸੇ ਅੱਖਾਂ ਦੇ ਅੰਨ੍ਹੇ ਤੇ ਗੱਠ ਦੇ ਪੂਰੇ ਨੂੰ!” ਮੌਜ ਨਾਲ ਹਸਦਿਆਂ ਬਾਰੂ ਨੇ ਨੱਠ ਕੇ
ਘੋੜੇ ਦੀਆਂ ਵਾਗਾਂ ਫੜੀਆਂ ਤੇ ਉਹਨੂੰ ਕਸ ਕੇ ਤਾਂਗੇ ਦੇ ਬੰਬ ਨਾਲ ਬੰਨ੍ਹ ਦਿੱਤਾ।
ਸਟੇਸ਼ਨ ਉਤੇ ਗੱਡੀ ਨੇ ਕੂਕ ਮਾਰੀ। ਰੇਲ ਦੀ ਕੂਕ ਬਾਰੂ ਦੇ ਦਿਲ ਵਿਚ ਖੁਭ ਗਈ। ਉਹਨੇ ਰੇਲ ਨੂੰ ਮਾਂ ਦੀ ਗਾਲ੍ਹ ਕੱਢੀ, ਤੇ ਨਾਲੇ ਰੇਲ ਬਣਾਉਣ ਵਾਲੇ ਨੂੰ। ਪਹਿਲੋਂ ਜਨਤਾ ਲੰਘੀ ਸੀ, ਹੁਣ ਡੱਬਾ। ‘ਸਾਲੀਆਂ ਘੰਟੇ ਘੰਟੇ ਮਗਰੋਂ ਗੱਡੀਆਂ ਚੱਲਣ ਲੱਗ ਪਈਆਂ!’ ਤੇ ਫੇਰ ਬਾਰੂ ਨੇ ਜ਼ੋਰ ਨਾਲ ਸੁਆਰੀ ਲਈ ਹੋਕਾ ਮਾਰਿਆ।
ਇਕ ਬੀੜੀ ਉਹਨੇ ਹੋਰ ਸੁਲਘਾਈ ਤੇ ਏਨਾ ਲੰਮਾ ਸੂਟਾ ਖਿਚਿਆ ਕਿ ਅੱਧੀ ਬੀੜੀ ਫੂਕ ਦਿਤੀ।
ਬਾਰੂ ਨੇ ਧੂਏਂ ਦੇ ਫਰਾਟੇ ਛਡਦਿਆਂ ਬੀੜੀ ਨੂੰ ਗਾਲ੍ਹ ਕਢ ਕੇ ਸੁਟ ਦਿਤਾ। ਮਿਰਚਾਂ ਵਾਂਗ ਧੂੰਆਂ ਉਹਦੇ ਮੂੰਹ ਵਿਚ ਲੜਨ ਲੱਗਾ ਸੀ। ਘੋੜੇ ਤੋਂ ਟਿਕ ਨਹੀਂ ਸੀ ਹੁੰਦਾ। ਉਹਨੇ ਇਕ ਦੋ ਵਾਰ ਪੌੜ ਚੁਕ ਚੁਕ ਧਰਤੀ ਉਤੇ ਮਾਰੇ। ਮੂੰਹ
ਵਿਚ ਲੋਹੇ ਦੀ ਲਗਾਮ ਚੱਬ ਚੱਬ ਬੂਥੀ ਘੁਮਾਈ। ਗੱਡੀ ਦੀਆਂ ਚੂਲਾਂ ਜਰਕੀਆਂ, ਸਾਜ਼ ਜਰਕਿਆ, ਖੰਭਾਂ ਦੀ ਰੰਗ ਬਰੰਗੀ ਕਲਗੀ ਹਵਾ ਵਿਚ ਫਰਕੀ ਤੇ ਗਲ ਨਾਲ ਲਟਕਦੇ ਰੇਸ਼ਮੀ ਰੁਮਾਲ ਹਿੱਲਣ ਲਗੇ। ਬਾਰੂ ਨੂੰ ਆਪਣੇ ਘੋੜੇ ਦੀ ਚੁਸਤੀ ਉਤੇ ਮਾਣ ਹੋਇਆ, ਉਹਨੇ ਬੁਲ੍ਹਾਂ ਨਾਲ ਪੁਚਕਾਰ ਕੇ ਆਖਿਆ,

 ”ਬਸ ਓ ਵੈਲੀਆ, ਕਰਦੇ ਆਂ ਹੁਣੇ ਹਵਾ ਨਾਲ ਗੱਲਾਂ…!
”ਘੋੜਾ ਤੇਰਾ ਚਤੰਨ ਬੜੈ ਬਾਰੂ-ਟਪੂੰ ਟਪੂੰ ਕਰਦਾ ਰਹਿੰਦੈ।” ਫੜੀ ਵਾਲੇ ਨੇ ਆਖਿਆ।
”ਕੀ ਅੰਤ ਐ!! ਬਾਰੂ ਮਾਣ ਵਿਚ ਹੁਬ ਕੇ ਬੋਲਿਆ। ”ਲਬਾਸ ਤਾਂ ਦੇਖ ਤੂੰ-ਪਿੰਡੇ ਉਤੇ ਮੱਖੀ
ਤਿਲਕਦੀ ਐ-ਪੁੱਤਾਂ ਆਂਗਣ ਸੇਵਾ ਕਰੀਦੀ ਐ ਨਥਿਆ!”
”ਪਸ਼ੂ ਬਚਦਾ ਵੀ ਤਾਂਹੀਂ ਐ,” ਨੱਥੂ ਨੇ ਯਕੀਨ ਨਾਲ ਕਿਹਾ।
ਦਿਨ ਚੰਗਾ ਚੜ੍ਹ ਆਇਆ, ਪਰ ਖੰਨੇ ਜਾਣ ਵਾਲਾ ਇਕ ਸਵਾਰ ਵੀ ਅਜੇ ਤਕ ਨਾ ਸੀ ਆਇਆ।
ਹੋਰ ਵੀ ਤਿੰਨ ਚਾਰ ਤਾਂਗੇ ਅੱਡੇ ਵਿਚ ਆ ਖੜੇ ਸਨ ਤੇ ਕੁੰਦਨ ਵੀ ਸੜਕ ਦੇ ਦੂਜੇ ਪਾਸੇ ਖੰਨੇ ਦੀ ਹੀ ਰੁਖ ਤਾਂਗਾ ਖਲ੍ਹਾਰ ਕੇ ਸਵਾਰੀਆਂ ਲਈ ਹੋਕੇ ਦੇਣ ਲਗ ਪਿਆ ਸੀ।
ਹੱਥ ਵਿਚ ਝੋਲਾ ਫੜੀ ਇਕ ਸ਼ੁਕੀਨ ਜਿਹਾ ਬਾਬੂ ਬਾਜ਼ਾਰ ਵਲੋਂ ਆਉਂਦਾ ਦਿਸਿਆ। ਬਾਰੂ ਉਹਦੀ ਚਾਲ ਪਛਾਨਣ ਲੱਗਾ। ਬਾਬੂ ਅੱਡੇ ਦੇ ਹੋਰ ਨੇੜੇ ਆ ਗਿਆ। ਪਰ ਅਜੇ ਤਕ ਉਹਦੇ ਪੈਰਾਂ ਨੇ ਕਿਸੇ ਪਾਸੇ ਦਾ ਰੁਖ ਨਾ ਸੀ ਕੀਤਾ।
”ਚੱਲ ਇਕ ਸਵਾਰ ਸਰ੍ਹੰਦ ਦਾ..ਕੋਈ ਮਲੋਹ ਜਾਂਦਾ ਬਈ ਓ…!” ਵਾਜਾਂ ਉੱਚੀਆਂ ਹੋਣ ਲਗੀਆਂ, ਪਰ ਸਵਾਰ ਦੀ ਮਰਜ਼ੀ ਦਾ ਪਤਾ ਨਾ ਲਗਿਆ। ਬਾਰੂ ਨੇ ਖੰਨੇ ਦਾ ਹੋਕਾ ਲਾਇਆ।
ਸਵਾਰ ਨੇ ਸਿਰ ਨਾ ਚੁਕਿਆ।

 ‘ਕਾਹਨੂੰ ਬੋਲਦੇ ਨੇ ਮੂੰਹੋਂ ਛੇਤੀ ਜੈਂਟਰਮੈਨ ਆਦਮੀ’ ਬਾਰੂ ਨੇ ਮਨ ਵਿਚ ਨਿੰਦਿਆ ਤੇ ਬਾਬੂ ਖੰਨੇ ਦੇ ਰੁਖ ਖੜੇ ਤਾਂਗੇ ਕੋਲ ਆ ਖਲੋਇਆ।

“ਹੋਰ ਹੈ ਬਈ ਕੋਈ ਸਵਾਰੀ?” ਉਹਨੇ ਮਸੀਂ ਬੋਲ ਕੇ ਪੁਛਿਆ।
ਬਾਰੂ ਨੇ ਅਦਬ ਨਾਲ ਝੋਲਾ ਫੜਨਾ ਚਾਹੁੰਦਿਆਂ ਆਖਿਆ, ”ਤੁਸੀਂ ਬੈਠੋ ਬਾਬੂ ਜੀ ਮੂਹਰੇ-ਹੁਣੇ ਹੱਕ ਦਿੰਨੇ ਆਂ ਬਸ-ਇਕ ਸਵਾਰ ਲੈ ਲਈਏ।”
ਪਰ ਬਾਬੂ ਨੇ ਝੋਲਾ ਨਾ ਫੜਾਇਆ ਤੇ ਹਵਾ ਵਿਚ ਤਕਦਾ ਚੁਪ ਚਾਪ ਖੜ੍ਹਾ ਰਿਹਾ। ਐਵੇਂ ਘੰਟਾ ਭਰ ਤਾਂਗੇ ਵਿਚ ਬੈਠੇ ਰਹਿਣ ਦਾ ਕੀ ਮਤਲਬ?
ਬਾਰੂ ਨੇ ਜ਼ੋਰ ਨਾਲ ਇਕ ਸਵਾਰ ਲਈ ਹੋਕਾ ਦਿੱਤਾ, ਜਿਵੇਂ ਉਹਨੂੰ ਬਸ ਇਕੋ ਸਵਾਰ ਚਾਹੀਦਾ। ਬਾਬੂ ਜ਼ਰਾ ਟਹਿਲ ਕੇ ਤਾਂਗੇ ਦੇ ਅਗਲੇ ਪਾਇਦਾਨ ਦੇ ਜ਼ਰਾ ਕੁ ਨੇੜੇ ਹੋ ਗਿਆ। ਬਾਰੂ ਨੇ ਹੌਂਸਲੇ ਨਾਲ ਇਕ ਹੋਕਾ ਹੋਰ ਦਿਤਾ। ਬਾਬੂ ਨੇ ਆਪਣਾ ਝੋਲਾ ਤਾਂਗੇ ਦੀ ਅਗਲੀ ਗੱਦੀ ਉਤੇ ਰੱਖ ਦਿਤਾ ਤੇ ਆਪ ਪਤਲੂਨ ਦੀਆਂ ਜੇਬਾਂ ਵਿਚ
ਹੱਥ ਪਾ ਕੇ ਟਹਿਲਣ ਲੱਗ ਪਿਆ। ਬਾਰੂ ਨੇ ਘੋੜੇ ਦੀ ਪਿੱਠ ਉਤੇ ਪਿਆਰ ਨਾਲ ਥਾਪੀ ਮਾਰੀ ਤੇ ਫੇਰ ਤਾਂਗੇ ਦੀਆਂ ਪਿਛਲੀਆਂ ਗੱਦੀਆਂ ਨੂੰ ਐਵੇਂ ਜਰਾ ਠੀਕ ਠਾਕ ਕਰਨ ਲਗ ਪਿਆ। ਏਨੇ ਵਿਚ ਇਕ ਸਾਈਕਲ ਆ ਕੇ ਤਾਂਗੇ ਕੋਲ ਰੁਕ ਗਿਆ। ਥੋੜ੍ਹੀ ਜਿਹੀ ਗੱਲ ਚੜ੍ਹੇ ਚੜਵਾਏ ਸਾਈਕਲ ਵਾਲੇ ਨੇ ਬਾਬੂ ਨਾਲ ਕੀਤੀ ਤੇ ਉਹ ਗੱਦੀ ਉਤੋਂ ਆਪਣਾ ਝੋਲਾ ਚੁਕਣ ਲੱਗਾ। ਬਾਰੂ ਨੇ ਘਟਦੇ ਦਿਲ ਨਾਲ ਆਖਿਆ, ਹਵਾ ਸਾਹਮਣੀ ਐ ਬਾਬੂ ਜੀ..?
ਪਰ ਸਾਈਕਲ ਬਾਬੂ ਨੂੰ ਲੈ ਕੇ ਤੁਰਦਾ ਹੋਇਆ।
ਗੋਡੇ ਗੋਡੇ ਦਿਨ ਚੜ੍ਹ ਆਇਆ। ਠਿਠ ਜਿਹਾ ਹੋ ਕੇ ਬਾਰੂ ਫੇਰ ਸੜਕ ਦੇ ਇਕ ਪਾਸੇ ਫੜ੍ਹੀ ਵਾਲੇ ਕੋਲ ਬਹਿ ਗਿਆ। ਉਹਦਾ ਜੀ ਕੈਂਚੀ ਦੀ ਸਿਗਰਟ ਪੀਣ ਨੂੰ ਕੀਤਾ। ਪਰ ਦੋ ਪੈਸੇ ਵਾਲੀ ਸਿਗਰਟ ਅਜੇ ਉਹ ਕਿਹੜੇ ਹੌਂਸਲੇ ਪੀਵੇ? ਫੇਰਾ ਅੱਜ ਇਕੋ ਮਸੀਂ ਲਗਦਾ ਦੀਂਹਦਾ ਸੀ। ਚਾਰ ਆਨੇ ਸਵਾਰੀ ਐ ਖੰਨੇ ਦੀ-ਛੇ ਸਵਾਰੀਆਂ ਤੋਂ ਵਧ ਹੁਕਮ ਨ੍ਹੀ-ਤਿੰਨ ਰੁਪਏ ਤਾਂ ਘੋੜੇ ਦੇ ਈ ਢਿਡ ‘ਚ ਪੈ ਜਾਂਦੇ ਨੇ…! ਉਹਦੇ ਮਨ ਵਿਚ ਲੂਹਣ ਜੇਹੀ ਲੱਗੀ। ਇਉਂ ਇਥੇ ਉਹ ਕਿਉਂ ਬੈਠੇ? ਉਹ ਉਠ ਕੇ ਤਾਂਗੇ ਵਿਚ ਪਿਛਲੀ ਗੱਦੀ ਉਤੇ ਬਹਿ ਗਿਆ, ਤਾਂ ਜੋ ਪਹਿਲੀ ਨਜ਼ਰੇ ਸੁਆਰ ਨੂੰ ਤਾਂਗਾ ਬਿਲਕੁਲ ਖਾਲੀ ਨਾ ਜਾਪੇ।
ਤਾਂਗੇ ਵਿਚ ਬੈਠਾ ਉਹ ”ਲਾਰਾ ਲੱਪਾ, ਲਾਰਾ ਲੱਪਾ….” ਗੁਣਾਗੁਣਾਉਣ ਲੱਗਾ, ਤੇ ਫੇਰ ਹੀਰ ਦਾ ਟੱਪਾ। ਪਰ ਛੇਤੀ ਹੀ ਉਹਦੇ ਮਨ ਵਿਚ ਅੱਚਵੀ ਜਿਹੀ ਲਗੀ। ਟੱਪੇ ਉਹਦੇ ਬੁਲਾਂ ਨੂੰ ਭੁਲ ਗਏ। ਉਹ ਦੂਰ ਫਸਲਾਂ ਵਲ ਝਾਕਣ ਲੱਗਾ। ਪੈਲੀਆਂ ਵਿਚ ਵਲ ਖਾਂਦੀਆਂ ਡੰਡੀਆਂ ਉਤੇ ਕੁਝ ਰਾਹੀ ਤੁਰੇ ਆਉਂਦੇ ਸਨ। ਧਿਆਨ ਨਾਲ ਬਾਰੂ ਨੇ ਨੇੜੇ ਆਉਂਦੇ ਰਾਹੀਆਂ ਵਲ ਤੱਕਿਆ। ਡੱਬੇ ਤੇ ਚਿੱਟੇ ਖੇਸਾਂ ਦੀਆਂ ਬੁੱਕਲਾਂ ਮਾਰੀ ਚਾਰ ਕੁ ਜੱਟ ਜਿਹੇ ਸਨ। ਬਾਰੂ ਨੇ ਸੋਚਿਆ, ਪੇਸ਼ੀ ਉਤੇ ਜਾਣ ਵਾਲੇ ਹੁੰਦੇ ਨੇ ਇਹੋ ਜਿਹੇ ਚੌਧਰੀ। ਉਹਨੇ ਤਾਂਗੇ ਨੂੰ ਮੋੜ ਕੇ ਉਨ੍ਹਾਂ ਵਲ ਨੂੰ ਜਾਂਦਿਆਂ
ਵਾਜ ਦਿਤੀ, ”ਖੰਨੇ ਜਾਣੈ ਲੰਬੜਦਾਰੋ? ਆਓ ਬੈਠੋ ਹੱਕੀਏ…”
ਸੁਆਰੀਆਂ ਨੇ ਕੁਝ ਜੱਕੋ ਤੱਕੋ ਜਿਹਾ ਕੀਤਾ, ਤੇ ਫਿਰ ਵਿਚੋਂ ਕਿਸੇ ਆਖਿਆ, ”ਜਾਣਾ ਤਾਂ ਹੈ ਜੇ
ਛੇੜ ਦਮੇ ਹੁਣੇ!”
” ਹੁਣੇ ਲਓ, ਬਸ ਬੈਠਣ ਦੀ ਦੇਰ ਐ…।” ਬਾਰੂ ਨੇ ਘੋੜੇ ਦੇ ਮੂੰਹ ਕੋਲੋਂ ਲਗਾਮ ਫੜ ਕੇ ਤਾਂਗੇ ਦਾ ਮੂੰਹ ਅੱਡੇ ਵਲ ਘੁਮਾ ਦਿਤਾ।
”ਤਸੀਲ ਅਪੜਨੈਂ ਅਸੀਂ, ਪੇਸ਼ੀ ਉਤੇ, ਸਮਰਾਲੇ।”
”ਮਖਾਂ ਬੈਠੋ ਤਾਂ ਸਹੀ-ਘੁੱਗੀ ਨ੍ਹੀ ਖੰਘਣ ਦਿੰਦਾ?” ਸਵਾਰੀਆਂ ਤਾਂਗੇ ਵਿਚ ਬਹਿ ਗਈਆਂ।
ਇਕ ਸਵਾਰ ਦਾ ਹੋਕਾ ਦਿੰਦਿਆਂ ਬਾਰੂ ਨੇ ਤਾਂਗੇ ਨੂੰ ਅੱਡੇ ਵਲ ਤੋਰ ਲਿਆ।
”ਅਜੇ ਹੋਰ ਚਾਹੀਦੀ ਐ ਇਕ ਸਵਾਰੀ?”
ਵਿਚੋਂ ਇਕ ਸਵਾਰੀ ਨੇ ਤਾਂਗੇ ਵਾਲੇ ਨੂੰ ‘ਆਖਰ ਤਾਂਗੇ ਵਾਲਾ ਹੀ ਨਿਕਲਿਆ’ ਬੁਝ ਕੇ ਆਖਿਆ।
”ਚਲ ਕਰ ਲੈਣ ਦੇ ਇਹਨੂੰ ਵੀ ਆਪਣਾ ਘਰ ਪੂਰਾ…” ਵਿਚੋਂ ਹੀ ਕਿਸੇ ਨੇ ਉੱਤਰ ਦਿਤਾ,
”ਅਸੀਂ ਜਾਣੋਂ ਬਿੰਦ ਮਗਰੋਂ ਅੱਪੜ ਲਾਂਗੇ। ਅੱਡੇ ਤੋਂ ਬਾਰੂ ਨੇ ਤਾਂਗਾ ਬਾਜ਼ਾਰ ਵਲ ਭਜਾ
ਲਿਆ। ਬਾਜ਼ਾਰ ਦੇ ਗੱਭੇ ਬਾਰੂ ਨੇ ਤਾਂਗੇ ਦੇ ਬੰਬ ਉਤੋਂ ਤਣ ਕੇ ਹੋਕਾ ਮਾਰਿਆ, ”ਜਾਂਦਾ ਕੋਈ ਕੱਲਾ
ਸਵਾਰ ਖੰਨੇ ਬਈ ਓ!”
”ਕੱਲੇ ਸਵਾਰ ਨੂੰ ਲੁੱਟਣੈ ਰਾਹ ਵਿਚ…?”
ਬਾਜ਼ਾਰ ਵਿਚੋਂ ਕਿਸੇ ਉੱਚੀ ਟੋਕ ਕੇ ਬਾਰੂ ਨੂੰ ਮਸ਼ਕਰੀ ਕੀਤੀ। ਬਜ਼ਾਰ ਵਿਚ ਹਾਸਾ ਪੈ ਗਿਆ। ਬਾਰੂ ਦੇ
ਚਿੱਟੇ ਦੰਦ ਤੇ ਲਾਲ ਬੁੱਟ ਦਿਸਣ ਲਗੇ। ਉਹਦੀਆਂ ਗੱਲ੍ਹਾਂ ਫੁਲ ਕੇ ਚਮਕੀਆਂ ਤੇ ਹਾਸੇ ਵਿਚ ਹਾਸਾ
ਰਲਾ ਕੇ ਸਵਾਰ ਲਈ ਹੋਕਾ ਦਿੰਦਿਆਂ ਉਹਨੇ ਘੋੜਾ ਮੋੜ ਲਿਆ। ਅੱਡੇ ਵਿਚ ਆ ਕੇ ਸੜਕ ਦੇ ਇਕ ਪਾਸੇ ਖੰਨੇ ਦੇ ਰੁਖ ਤਾਂਗਾ ਲਾਇਆ ਤੇ ਆਪ ਫੜ੍ਹੀ ਵਾਲੇ ਕੋਲ ਆ ਬੈਠਾ।
”ਕੀਤੀ ਨਾ ਉਹੀ ਗੱਲ਼..!” ਤਾਂਗੇ ਵਾਲੇ ਨੂੰ ਟਲਿਆ ਦੇਖਕੇ ਇਕ ਸਵਾਰ ਬੋਲਿਆ।
”ਓ ਬਈ ਤਾਂਗੇ ਆਲਿਆ, ਸਾਨੂੰ ਹੁਣ ਏਵੇਂ ਹਰਾਨ ਕਰਨੈ?” ਇਕ ਹੋਰ ਸਵਾਰ ਨੇ ਆਖਿਆ।
”ਮਖਾਂ ਅਟਕਣਾ ਨ੍ਹੀਂ ਆਪਾਂ ਨੇ ਲੰਬੜਦਾਰਾ, ਬਸ ਇਕ ਸਵਾਰ ਦੀ ਝਾਕ ਐ-ਆ ਗਿਆ ਚੰਗਾ, ਨਹੀਂ ਤੁਰ ਪਾਂਗੇ।” ਬਾਰੂ ਨੇ ਦਿਲ ਧਰਾਇਆ।
ਸਵਾਰੀਆਂ ਨੂੰ ਕਾਹਲੀਆਂ ਪਈਆਂ ਦੇਖ ਕੇ ਕੁੰਦਨ ਨੇ ਆਪਣੇ ਤਾਂਗੇ ਨੂੰ ਇਕ ਕਦਮ ਹੋਰ ਅੱਗੇ ਕਰਦਿਆਂ ਹੋਕਾ ਦਿੱਤਾ, ”ਚੱਲ ਚਾਰੇ ਸਵਾਰ ਲੈ ਕੇ ਤੁਰਦਾ ਖੰਨੇ ਨੂੰ…!” ਤੇ ਉਹ ਚਿੜਾਉਣ
ਲਈ ਬਾਰੂ ਵਲ ਬਿਟ ਬਿਟ ਝਾਕਣ ਲੱਗਾ।
”ਟਲ ਜਾ ਉਏ, ਟਲ ਜਾ ਨਾਈਆ-ਟਲ ਜਾ ਤੂੰ ਲੱਛਣਾਂ ਤੋਂ!” ਬਾਰੂ ਨੇ ਕੁੰਦਨ ਵਲ ਅੱਖਾਂ ਕੱਢੀਆਂ ਤੇ ਸਵਾਰੀਆਂ ਨੂੰ ਵਰਗਲਾਉਣ ਤੋਂ ਬਚਾਉਣ ਲਈ ਉਹਨੇ ਤੀਵੀਆਂ ਤੇ ਕੁੜੀਆਂ ਕੱਤਰੀਆਂ ਦੀ ਆ ਰਹੀ ਰੰਗ ਬਰੰਗੀ ਟੋਲੀ ਵਲ ਤੱਕਦਿਆਂ ਕਿਹਾ, ”ਚਲਦੇ ਆਂ ਸਰਦਾਰੋ ਆਪਾਂ ਹੁਣ ਬਸ, ਔਹ ਆ ਗਈਆਂ ਸਵਾਰੀਆਂ!”
ਸਵਾਰੀਆਂ, ਟੋਲੀ ਵਲ ਦੇਖ ਕੇ ਫਿਰ ਟਿਕ ਰਹੀਆਂ। ਟੋਲੀ ਵਲ ਤੱਕਦਾ ਬਾਰੂ ਸੋਚਣ ਲੱਗਾ, ਵਿਆਹ ਮੁਕਲਾਵੇ ਦੀਆਂ ਸੱਗੀਆਂ ਰੱਤੀਆਂ ਸੁਆਰੀਆਂ ਨੇ ਜਾਣੋ-ਦੋ ਤਾਂਗੇ ਭਰ ਜਾਣ ਭਾਵੇਂ ਨਾਵਾਂ ਵੀ ਚੰਗਾ ਬਣਾ ਜਾਂਦੀਆਂ ਨੇ ਇਹੋ ਜੇਹੀਆਂ ਸੁਆਰੀਆਂ। ਟੋਲੀ ਨੇੜੇ ਆ ਗਈ। ਕੁਝ ਮਾਈਆਂ ਤੇ ਕੁੜੀਆਂ ਨੇ ਹੱਥਾਂ ਉਤੇ ਕੱਪੜਿਆਂ ਨਾਲ ਢਕੇ ਹੋਏ ਗੋਹਲੇ, ਬ੍ਹੋਈਏ ਤੇ ਥਾਲ ਚੁੱਕੇ ਹੋਏ ਸਨ। ਪਿਛੇ ਕੁਝ ਘੁੰਡ ਵਾਲੀਆਂ ਵਹੁਟੀਆਂ ਤੇ ਨਿੱਕੀਆਂ ਨਿੱਕੀਆਂ ਕੁੜੀਆਂ ਸਨ। ਬਾਰੂ ਨੇ ਅੱਗੇ ਵਧ ਕੇ ਧੀਆਂ ਵਰਗਾ ਪੁੱਤ ਬਣਦਿਆਂ, ਇਕ ਮਾਈ ਨੂੰ ਆਖਿਆ, ”ਆਓ ਮਾਈ ਜੀ, ਤਿਆਰ ਐ ਤਾਂਗਾ, ਬਸ ਥੋਨੂੰ ਈ ਡੀਕਦਾ ਸੀ-ਬੈਠੋ ਖੰਨੇ ਨੂੰ।”
”ਬੇ ਨਾ ਬੀਰ।” ਮਾਈ ਨੇ ਸਰਸਰੀ ਆਖਿਆ। ”ਅਸੀਂ ਤਾਂ ਮੱਥਾ ਟੇਕਣ ਚੱਲੀਆਂ ਮਾਤਾ ਦੇ ਥਾਨਾਂ ‘ਤੇ।”
”ਚੰਗਾ ਮਾਈ ਚੰਗਾ”, ਬਾਰੂ ਹਸ ਕੇ ਛਿੱਥਾ ਜਿਹਾ ਪੈ ਗਿਆ।
”ਓ ਬਈ ਤੁਰੇਂਗਾ ਕਿ ਨਹੀਂ?” ਸਵਾਰੀਆਂ ਨੂੰ ਕਿਥੇ ਟੇਕ ਹੁੰਦੀ ਐ, ਤੇ ਹਰ ਘੜੀ ਬਾਰੂ ਵੀ ਉਨ੍ਹਾਂ ਨੂੰ ਕਿਹੜੀਆਂ ਜੁਗਤਾਂ ਨਾਲ ਟਾਲੀ ਜਾਂਦਾ।
ਹਾਰ ਕੇ ਉਹਨੇ ਸਾਫ ਗੱਲ ਕੀਤੀ, ”ਚਲਦੇ ਆਂ ਬਾਬਾ-ਆ ਲੈਣ ਦੇਹ ਇਕ ਸਵਾਰ-ਕੁਝ ਭਾੜਾ ਤਾਂ ਬਣ ਲਵੇ।”
”ਤੂੰ ਆਪਣਾ ਭਾੜਾ ਬਣਾ, ਸਾਡੀ ਤਰੀਕ ਖੁੰਝ ਜੂ।” ਸਵਾਰੀਆਂ ਵੀ ਸੱਚੀਆਂ ਸਨ।
ਕੁੰਦਨ ਨੇ ਫੇਰ ਛੇੜ ਕਰਦਿਆਂ ਸੁਣਾ ਕੇ ਆਖਿਆ, ”ਸਧਾਰਨ ਹੁੰਦੇ ਨੇ ਬਾਜੇ ਲੋਕ-ਕਿਥੇ ਫਸ ਗੇ-ਅੱਬਲਾ ਤੁਰਦਾ ਨ੍ਹੀਂ-ਜੇ ਤੁਰਿਆ ਤਾਂ ਕਿਤੇ ਮੂਧਾ ਪਿਆ ਹੋਊ-ਪੈਰ ਪੈਰ ਤੇ ਨਹੁੰ ਲੈਂਦੈ ਘੋੜਾ-ਜੇ ਉਠ ਖੜ੍ਹਿਆ ਤਾਂ ਗੈਬ ‘ਚ ਅੜ ਜੂ ਸਿਰੇ ਲਗਦਾ ਨ੍ਹੀਂ।”
ਸਵਾਰੀਆਂ ਕੰਨਾਂ ਦੀਆਂ ਕੱਚੀਆਂ ਹੁੰਦੀਆਂ ਹਨ। ਬਾਰੂ ਨੂੰ ਇਕ ਚੜ੍ਹੇ, ਇਕ ਉਤਰੇ। ਪਰ ਉਹ ਛੇੜ ਨੂੰ ਅਜੇ ਵੀ ਜਰਦਿਆਂ ਕੁੰਦਨ ਵਲ ਕੌੜਾ ਝਾਕ ਕੇ ਬੋਲਿਆ, ”ਨਾਈਆ, ਨਾਈਆ-ਮੌਤ ਗੱਲਾਂ ਕਰੌਂਦੀ ਐ ਤੇਰੀ। ਗੱਡੀ ਤਾਂ ਸੰਵਰਾ ਲਿਆ ਪਹਿਲਾਂ ਮਾਂ ਕੋਲੋਂ ਜਾ ਕੇ, ਢੀਚਕੂੰ ਢੀਚਕੂੰ ਕਰਦੀ ਐ, ਐਥੇ ਭੌਂਕੀ ਜਾਨੈਂ ਖੜ੍ਹਾ, ਗੁਟਾਰ ਜਾਤ…!”
ਲੋਕ ਹਸਣ ਲੱਗੇ। ਪਰ ਜਿਹੜੀ ਹਾਲਤ ਬਾਰੂ ਦੀ ਸੀ, ਉਹੀ ਕੁੰਦਨ ਤੇ ਹੋਰ ਤਾਂਗੇ ਵਾਲਿਆਂ ਦੀ। ਕਿਸ ਨੂੰ ਨਹੀਂ ਸਵਾਰੀਆਂ ਚਾਹੀਦੀਆਂ? ਕੀਹਨੇ ਘੋੜੇ ਤੇ ਟੱਬਰ ਦਾ ਢਿੱਡ ਨਹੀਂ ਤੋਰਨਾ? ਨਾ ਬਾਰੂ ਵਿਚੋਂ ਤੁਰੇ, ਨਾ ਕਿਸੇ ਹੋਰ ਨੂੰ ਤੁਰਨ ਦੇਵੇ-ਸਬਰ ਵੀ ਕੋਈ ਚੀਜ਼ ਐ-ਆਪੋ ਆਪਣੇ ਭਾਗ ਨੇ-ਮੰਦਾ ਠੰਡਾ ਬਣਿਆ ਹੋਇਐ-ਚਾਰੇ ਲੈ ਕੇ ਤੁਰ ਜਾਵੇ-ਕਿਸੇ ਹੋਰ ਨੂੰ ਵੀ ਰੋਜ਼ੀ ਕਮਾਉਣ ਦੇਵੇ-ਕਿਥੇ ਕੁਲਾਲ ਅੜਿਆ ਖੜ੍ਹੈ ਮਣ੍ਹੇ ਆਂਗੂ ਮੂਹਰੇ! ਕੁੰਦਨ ਨੇ ਆਪਣੀ
ਜੜ੍ਹ ਉਤੇ ਆਪੇ ਟੱਕ ਲਾਉਂਦਿਆਂ ਖਿਝ ਕੇ ਹੋਕਾ ਮਾਰਿਆ, ”ਚੱਲ ਚਾਰੇ ਲੈ ਕੇ ਤੁਰਦਾ ਖੰਨੇ ਨੂੰ ਬੰਬੂਕਾਟ-ਚਲ ਜਾਂਦਾ ਮਿੰਟਾਂ ਸਕਿੰਟਾਂ ਵਿਚ ਖੰਨੇ-ਚਲ ਭਾੜਾ ਵੀ ਤਿੰਨ-ਤਿੰਨ ਆਨੇ…!” ਤੇ ਤਾਂਗਾ ਉਹਨੇ ਇਕ ਕਦਮ ਹੋਰ ਅਗੇ ਕਰ ਲਿਆ।
ਸਵਾਰੀਆਂ ਬਾਰੂ ਦੀਆਂ ਅਗੇ ਹੀ ਅੱਕੀਆਂ ਹੋਈਆਂ ਸਨ, ਤੇ ਸਵਾਰੀਆਂ ਕਿਸੇ ਦੀਆਂ ਬੰਨ੍ਹੀਆਂ ਹੋਈਆਂ ਵੀ ਨਹੀਂ ਹੁੰਦੀਆਂ। ਬਾਰੂ ਦੀਆਂ ਸਵਾਰੀਆਂ ਵਿਗੜ ਕੇ ਤਾਂਗੇ ਵਿਚੋਂ ਲਹਿਣ ਲਗੀਆਂ। ਬਾਰੂ ਨੇ ਗੁੱਸੇ ਵਿਚ ਲਲਕਾਰ ਕੇ ਕੁੰਦਨ ਨੂੰ ਮਾਂ ਦੀ ਗਾਲ੍ਹ ਕੱਢੀ ਤੇ ਆਪਣੀ ਧੋਤੀ ਦਾ ਲਾਂਗੜ ਮਾਰ ਕੇ ਆਖਿਆ, “ ਉੱਤਰ ਪੁਤ ਹੇਠ ਤਾਂਗੇ ਤੋਂ!”
ਕੁੰਦਨ, ਬਾਰੂ ਨੂੰ ਗੁੱਸੇ ਵਿਚ ਤਣਿਆ ਦੇਖ, ਕੇ ਯਰਕ ਤਾਂ ਗਿਆ, ਪਰ ਉਹ ਤਾਂਗੇ ਉਤੋਂ ਹੇਠਾਂ ਉਤਰ ਆਇਆ ਤੇ ਬੋਲਿਆ, ”ਮੂੰਹ ਸੰਭਾਲ ਕੇ ਕੱਢੀਂ ਓਏ ਗਾਲ੍ਹ ਕੁਲਾਲਾ!”
ਬਾਰੂ ਨੇ ਇਕ ਗਾਲ੍ਹ ਹੋਰ ਕਢ ਦਿੱਤੀ ਤੇ ਹੱਥ ਵਿਚ ਫੜੀ ਪਰੈਣੀ ਉਤੇ ਉਂਗਲੀ ਜੋੜ ਕੇ ਆਖਿਆ, ”ਪਹੀਏ ਦੇ ਗਜਾਂ ਵਿਚ ਲੰਘਾ ਦੂੰ ਸਾਲੇ ਨੂੰ ਤੀਹਰਾ ਕਰਕੇ!”
”ਤੂੰ ਹੱਥ ਤਾਂ ਲਾ ਕੇ ਦੇਖ”, ਕੁੰਦਨ ਅੰਦਰੋਂ ਡਰਦਾ ਸੀ, ਪਰ ਉਤੋਂ ਭੜਕਦਾ ਸੀ।
”ਓ ਮਖਾਂ ਮਿਟ ਜਾ ਤੂੰ, ਮਿਟ ਜਾ, ਨਾਈਆ! ਲਹੂ ਦਾ ਤੁਬਕਾ ਨ੍ਹੀ ਡੁਲ੍ਹਣ ਦਊਂਗਾ ਭੁੰਜੇ-ਸੀਰਮੇ
ਪੀ ਜੂੰ!” ਬਾਰੂ ਨੂੰ ਖਿਝ ਸੀ ਕਿ ਕੁੰਦਨ ਉਹਨੂੰ ਕਿਉਂ ਨਹੀਂ ਬਰਾਬਰ ਗਾਲ੍ਹ ਕੱਢ ਬੈਠਦਾ।
ਸਵਾਰੀਆਂ ਆਲੇ ਦੁਆਲੇ ਖੜੀਆਂ ਦੋਹਾਂ ਦੇ ਮੂੰਹਾਂ ਵਲ ਤੱਕਦੀਆਂ ਸਨ।
”ਤੈਨੂੰ ਮੈਂ ਕੀ ਕਿਹੈ? ਤੂੰ ਨਾਸਾਂ ਫੁਲਾਉਨੈ ਵਾਧੂ!” ਕੁੰਦਨ ਨੇ ਜ਼ਰਾ ਕੁ ਡਟ ਕੇ ਆਖਿਆ।
”ਸਵਾਰੀਆਂ ਪੱਟਦੈਂ ਤੂੰ ਮੇਰੀਆਂ!”
”ਮੈਂ ਤਾਂ ਹਾਕਾਂ ਮਾਰਦਾਂ-ਤੂੰ ਬੰਨ੍ਹ ਲੈ ਸਵਾਰੀਆਂ!”
”ਮੈਂ ਸਵੇਰ ਦਾ ਦੇਖਦਾਂ ਤੇਰੇ ਮੂੰਹ ਕੰਨੀ- ਬੋਦੀਆਂ ਪੱਟ ਦੂੰ!”
”ਪੱਟ ਦਏਂਗਾ ਤੂੰ ਬੋਦੀਆਂ…” ਕੁੰਦਨ ਬਰਾਬਰ ਜਿਦਣ ਲੱਗਾ।
”ਸਵਾਰੀਆਂ ਬਠਾਏਂਗਾ ਤੂੰ ਮੇਰੀਆਂ?”
”ਆਹੋ-ਬਠਾਊਂਗਾ!”
”ਬਠਾ ਫੇਰ…” ਬਾਰੂ ਨੇ ਹੂਰਾ ਉੱਗਰ ਲਿਆ।
”ਆ ਬਾਬਾ…” ਕੁੰਦਨ ਨੇ ਇਕ ਸਵਾਰ ਨੂੰ ਮੋਢੇ ਤੋਂ ਫੜਿਆ।
ਬਾਰੂ ਨੇ ਝਟ ਕੁੰਦਨ ਨੂੰ ਝੱਗੇ ਦੇ ਗਲਾਵੇਂ ਤੋਂ ਫੜ ਲਿਆ। ਕੁੰਦਨ ਨੇ ਵੀ ਬਾਰੂ ਨੂੰ ਹੱਥ ਲਾ ਲਏ। ਦੋਵੇਂ ਉਲਝ ਪਏ। ਫੜੋ ਛੁਡਾਓ ਹੋਣ ਲੱਗੀ। ਅਖੀਰ ਹੋਰ ਤਾਂਗੇ ਵਾਲਿਆਂ ਤੇ ਸਵਾਰੀਆਂ ਨੇ ਦੋਹਾਂ ਨੂੰ ਛੁਡਾ ਦਿਤਾ ਤੇ ਅੱਡੇ ਦੇ ਠੇਕੇਦਾਰ ਨੇ ਦੋਹਾਂ ਨੂੰ ਘੂਰ ਘੱਪ ਕਰ ਦਿੱਤੀ। ਸਾਰੇ ਲੋਕਾਂ ਇਹੋ ਆਖਿਆ ਕਿ ਸਵਾਰੀਆਂ ਬਾਰੂ ਦੇ ਹੀ ਤਾਂਗੇ ਵਿਚ ਬੈਠਣ। ਤਿੰਨ ਤੁੰਨ ਆਨੇ ਐਵੇਂ ਵਾਧੂ ਗੱਲ ਐ-ਕਿਸੇ ਲੈਣੇ ਨਾ ਦੇਣੇ-ਕੁੰਦਨ ਨੂੰ ਸਾਰਿਆਂ ਥੋੜੀ ਜਿਹੀ ਫਿਟ ਲਾਹਣਤੀ ਦਿਤੀ ਤੇ ਸਵਾਰੀਆਂ ਮੁੜ ਬਾਰੂ ਦੇ ਤਾਂਗੇ ਵਿਚ ਬਹਿ ਗਈਆਂ।
ਬਾਰੂ ਨੂੰ ਅੱਕਿਆ ਤੇ ਦੁਖੀ ਹੋਇਆ ਦੇਖ ਕੇ ਸਾਰਿਆਂ ਨੂੰ ਹੁਣ ਉਹਦੇ ਨਾਲ ਹਮਦਰਦੀ ਜਿਹੀ ਹੋ ਗਈ ਸੀ। ਸਾਰੇ ਰਲ ਮਿਲ ਉਹਦਾ ਤਾਂਗਾ ਭਰਵਾ ਕੇ ਤੁਰਾਉਣਾ ਚਾਹੁੰਦੇ ਸਨ।
ਸਵਾਰੀਆਂ ਨੇ ਵੀ ਕਹਿ ਦਿਤਾ ਕਿ ਚਲੋ ਉਹ ਹੋਰ ਘੜੀ ਪੱਛੜ ਲੈਣਗੇ, ਇਹ ਆਪਣਾ ਘਰ ਪੂਰਾ ਕਰ ਲਵੇ-ਇਹਨੇ ਵੀ ਪਸ਼ੂ ਦਾ ਢਿਡ ਭਰ ਕੇ ਰੋਟੀ ਖਾਣੀ ਐਂ ਗਰੀਬ ਨੇ।
ਏਨੇ ਨੂੰ ਬਾਜ਼ਾਰ ਵਲੋਂ ਆਉਂਦੇ ਪੁਲਿਸ ਦੇ ਹੌਲਦਾਰ ਨੇ ਨੇੜੇ ਆਉਂਦਿਆਂ ਪੁਛਿਆ, ”ਉਏ
ਤਾਂਗਾ ਹੈ ਤਿਆਰ ਕੋਈ ਖੰਨੇ ਨੂੰ ਮੁੰਡਿਓ?”
ਪਰ ਭਰ ਲਈ ਬਾਰੂ ਨੇ ਸੋਚਿਆ- ਆ ਗਈ ਮੁਫਤ ਦੀ ਬਗਾਰ-ਨਾ ਪੈਸਾ, ਨਾ ਧੇਲਾ ਪਰ ਝਟ ਹੀ ਉਹਨੇ ਸੋਚਿਆ ਕਿ ਨਾਂਹ ਤਾਂ ਪੁਲਿਸ ਨੂੰ ਕਰ ਨਹੀਂ ਹੁੰਦੀ, ਸੁਆਰੀਆਂ ਤਾਂ ਦੋ ਵਧ ਬਠਾ ਈ ਲਊਂਗਾ ਇਹਦੇ ਕਰਕੇ-ਨਹੀਂ ਭਾੜਾ ਦਊ, ਨਾ ਸਹੀ-ਤੇ ਬਾਰੂ ਨੇ ਆਖਿਆ, “ਆਓ ਹੌਲਦਾਰ ਜੀ, ਤਿਆਰ ਇ ਖੜ੍ਹੈ ਤਾਂਗਾ, ਬੈਠੋ ਮੂਹਰੇ।”
ਹੌਲਦਾਰ ਤਾਂਗੇ ਵਿਚ ਬਹਿ ਗਿਆ। ਬਾਰੂ ਨੇ ਇਕ ਸਵਾਰ ਲਈ ਇਕ ਦੋ ਤਕੜੇ ਹੋਕੇ ਲਾਏ। ਇਕ ਲਾਲਾ ਬਾਜ਼ਾਰ ਵਲੋਂ ਆਇਆ ਤੇ ਬਿਨਾਂ ਪੁਛੇ ਬਾਰੂ ਦੇ ਤਾਂਗੇ ਵਿਚ ਜਾ ਚੜ੍ਹਿਆ। ਦੋ ਕੁ ਬੁੱਢੀਆਂ ਜੇਹੀਆਂ ਅੱਡੇ ਵਲ ਸੜਕੋ ਸੜਕ ਆ ਰਹੀਆਂ ਸਨ। ਬਾਰੂ ਨੇ ਕਾਹਲੀ ਨਾਲ ਵਾਜ ਮਾਰ ਕੇ ਪੁਛਿਆ, ”ਮਾਈ ਖੰਨੇ ਜਾਣੈ?” ਬੁੱਢੀਆਂ
ਛੇਤੀ ਛੇਤੀ ਪੈਰ ਪੁਟਣ ਲੱਗੀਆਂ ਤੇ ਇਕ ਨੇ ਹੱਥ ਉਲਾਰ ਕੇ ਆਖਿਆ, ‘ਬੇ ਖੜ੍ਹੀਂ ਬੀਰ…”
”ਛੇਤੀ ਕਰੋ ਮਾਈ ਛੇਤੀ!” ਬਾਰੂ ਦੇ ਜਿਵੇਂ ਪੈਰ ਮੱਚਦੇ ਸਨ।
ਬੁੱਢੀਆਂ ਛੇਤੀ ਛੇਤੀ ਆ ਕੇ ਤਾਂਗੇ ਵਿਚ ਬੈਠਣ ਲੱਗੀਆਂ, ‘ਵੇ ਭਾਈ ਕੀ ਲਏਂਗਾ?”
”ਬਹਿ ਜਾਓ ਮਾਈ ਕੇਰਾਂ ਝੱਟ ਦੇ ਕੇ-ਥੋਤੋਂ ਵਧ ਨ੍ਹੀਂ ਮੰਗਦਾ।”
ਅੱਠਾਂ ਸਵਾਰੀਆਂ ਨਾਲ ਤਾਂਗਾ ਭਰ ਗਿਆ। ਦੋ ਰੁਪਏ ਬਣ ਗਏ ਸਨ। ਤੁਰਦੇ ਤੁਰਾਉਂਦਿਆਂ ਕੋਈ ਹੋਰ ਭੇਜ ਦੂ ਮਾਲਕ-ਦੋ ਫੇਰੇ ਲਗ ਜਾਣ ਇਸੇ ਤਰ੍ਹਾਂ…। ਬਾਰੂ ਨੇ ਠੇਕੇਦਾਰ ਨੂੰ ਮਸੂਲ ਦੇ ਦਿਤਾ।
”ਲੈ ਬਈ, ਹੁਣ ਨਾ ਪਾਧਾ ਪੁਛ…!” ਪਹਿਲੀਆਂ ਸਵਾਰੀਆਂ ਵਿਚੋਂ ਇਕ ਨੇ ਕਿਹਾ।
”ਲਓ ਜੀ, ਬਸ, ਲੈਨੇ ਆਂ ਰੱਬ ਦਾ ਨਾਉਂ …” ਬਾਰੂ ਘੋੜੇ ਦੀ ਪਿੱਠ ਉਤੇ ਥਾਪੀ ਮਾਰ ਕੇ ਬੰਬ ਨਾਲੋਂ ਰਾਸਾਂ ਖੋਲ੍ਹਣ ਲੱਗਾ।
ਫੇਰ ਉਹਨੂੰ ਚੇਤਾ ਆਇਆ, ਇਕ ਸਿਗਰਟ ਵੀ ਲੈ ਲਵੇ। ਇਕ ਪਲ ਲਈ, ਖਿਆਲ ਵਿਚ, ਉਹਨੇ ਆਪਣੇ ਆਪ ਨੂੰ ਟਪਟਪ ਤੁਰਦੇ ਤਾਂਗੇ ਦੇ ਬੰਬ ਉਤੇ ਤਣ ਕੇ ਬੈਠਿਆਂ ਧੂੰਏਂ ਦੇ ਫਰਾਟੇ ਮਾਰਦਾ ਤੱਕਿਆ ਤੇ ਉਹ ਭਰੇ ਹੋਏ ਤਾਂਗੇ ਨੂੰ ਛਡ ਕੇ ਕੈਂਚੀ ਦੀ ਸਿਗਰਟ ਖਰੀਦਣ ਲਈ ਫੜ੍ਹੀ ਵਾਲੇ ਕੋਲ ਚਲਾ ਗਿਆ।
ਭੁੱਖੀ ਡੈਣ ਵਾਂਗ, ਝੱਟ, ਅੰਬਾਲਿਓਂ ਲੁਧਿਆਣੇ ਜਾਣ ਵਾਲੀ ਬੱਸ ਤਾਂਗੇ ਦੇ ਸਿਰ ਉਤੇ ਆ ਖੜ੍ਹੀ। ਪਲੋ ਪਲੀ ਵਿਚ ਤਾਂਗੇ ਤੋਂ ਸਵਾਰੀਆਂ ਲਹਿ ਕੇ ਬੱਸ ਦੇ ਵੱਡੇ ਢਿਡ ਵਿਚ ਖਪ ਗਈਆਂ।
ਅੱਡੇ ਵਿਚ ਹੂੰਝਾ ਫੇਰ ਕੇ ਡੈਣ ਵਾਂਗ ਚੰਘਿਆੜਦੀ ਬੱਸ ਅਗੇ ਤੁਰ ਗਈ। ਧੂਏਂ ਦੀ ਸੜ੍ਹਿਆਣ ਤੇ ਉਡੀ ਹੋਈ ਧੂੜ ਉਹਦੇ ਮੂੰਹ ਉਤੇ ਪੈ ਰਹੀ ਸੀ। ਬਾਰੂ ਨੇ ਅੱਡੇ ਦੇ ਵਿਚਕਾਰ, ਪਰੈਣੀ ਉਚੀ ਕਰਕੇ, ਦਿਲ ‘ਤੇ ਸਰੀਰ ਦੇ ਪੂਰੇ ਜ਼ੋਰ ਨਾਲ ਇਕ ਵਾਰ ਫੇਰ ਹੋਕਾ ਮਾਰਿਆ, ”ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈ ਓ..!”

ਪ੍ਰਕਾਸ਼ਿਤ: Uncategorized ਵਿੱਚ | ਟਿੱਪਣੀ ਕਰੋ

ਸਮਝਦਾਰ ਚੂਹਾ

ਕਿਸੇ  ਪਿੰਡ ਵਿੱਚ  ਇੱਕ ਕਿਸਾਨ  ਰਹਿੰਦਾ ਸੀ |  ਕਿਸਾਨ   ਦੇ ਕੋਲ ਥੋੜ੍ਹੀ ਬਹੁਤ ਜ਼ਮੀਨ ਸੀ ਜੋ ਇੱਕ ਨਦੀ  ਦੇ ਕੰਢੇ ਉੱਤੇ ਸੀ | ਉਥੇ ਹੀ  ਨਦੀ ਕੰਢੇ ਉਸਨੇ ਆਪਣਾ ਇੱਕ ਛੋਟਾ ਜਿਹਾ ਆਸ਼ਿਆਨਾ ਬਣਾ ਰੱਖਿਆ ਸੀ |  ਕਿਸਾਨ ਪੂਰੀ ਮਿਹਨਤ ਲਗਾਕੇ ਜੀ ਜਾਨ ਨਾਲ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ |  ਮਹਿੰਗਾਈ  ਦੇ ਦੌਰ ਵਿੱਚ  ਉਸਦਾ ਘਰ ਦਾ ਗੁਜਾਰਾ ਠੀਕ ਤਰ੍ਹਾਂ ਨਹੀਂ ਚੱਲਦਾ ਸੀ |  ਉਸਨੇ ਨਦੀ ਕੰਢੇ ਆਪਣੇ ਖੇਤ ਵਿੱਚ  ਦੇਸ਼ੀ ਦਾਰੂ ਬਣਾਉਣੀ ਸ਼ੁਰੂ ਕਰ ਦਿੱਤੀ |  ਤਾਂ ਕਿ ਉਸਦੇ ਘਰ ਦਾ ਖਰਚਾ ਚੱਲ ਸਕੇ |  ਦਾਰੂ ਕੱਢ ਕੇ ਉਹ ਇੱਕ ਡਿੱਬੇ ਵਿੱਚ  ਰੱਖਦਾ ਸੀ |  ਇੱਕ ਦਿਨ ਇੱਕ ਚੂਹਾ ਖਾਣੇ  ਦੀ ਤਲਾਸ਼ ਵਿੱਚ ਉੱਥੇ ਆ ਗਿਆ |  ਖਾਣਾ ਢੂੰਡਦੇ ਹੋਏ ਚੂਹਾ ਦਾਰੂ  ਦੇ ਡੱਬੇ  ਦੇ ਉੱਤੇ ਚੜ੍ਹ ਗਿਆ ਡੱਬੇ ਦਾ ਢੱਕਨ ਕੁੱਝ ਖੁੱਲ੍ਹਾ ਹੋਇਆ ਸੀ |  ਚੂਹਾ ਉਸ ਵਿੱਚੀ ਹੇਠਾਂ ਝਾਕਣ ਲਗਾ ਤਾਂ ਦਾਰੂ  ਦੇ ਵਿੱਚ ਵਿੱਚ  ਡਿੱਗ ਗਿਆ | ਕਾਫ਼ੀ ਹੱਥ ਪੈਰ ਮਾਰੇ  ਪਰ ਬਾਹਰ  ਨਿਕਲ ਨਹੀਂ  ਸਕਿਆ |  ਅਖੀਰ ਵਿੱਚ ਉਹ  ਬਚਾਓ ਬਚਾਓ ਚੀਖਣ ਲਗਾ  |  ਉਸਦੀ ਅਵਾਜ ਸੁਣ ਕੇ  ਇੱਕ ਬਿੱਲੀ ਉੱਥੇ ਆ ਗਈ  |  ਉਸਨੇ ਵੇਖਿਆ ਕਿ  ਚੂਹਾ ਦਾਰੂ ਵਿੱਚ  ਡਿਗਿਆ ਹੋਇਆ ਹੈ |  ਬਿੱਲੀ ਨੇ ਚੂਹੇ ਨੂੰ ਕਿਹਾ ਕਿ  ਮੈ ਤੈਨੂੰ ਬਚਾ ਤਾਂ ਲਵਾਂਗੀ  ਪਰ ਬਾਹਰ ਕੱਢ ਕੇ ਤੈਨੂੰ ਖਾ ਜਾਉਂਗੀ  |  ਚੂਹੇ ਨੇ ਕਿਹਾ ਸ਼ਰਾਬ  ਵਿੱਚ ਡੁੱਬ ਕੇ ਮਰਨ ਤੋਂ ਤਾਂ ਅੱਛਾ  ਹੈ ਕਿਸੇ  ਦੇ ਕੰਮ ਆ ਸਕਾਂ  |  ਘੱਟ  ਤੋਂ ਘੱਟ ਤੁਹਾਡੀ  ਢਿੱਡ ਦੀ ਭੁੱਖ ਤਾਂ ਮਿਟੇਗੀ |  ਬਿੱਲੀ ਨੇ ਚੂਹੇ ਨੂੰ ਬਾਹਰ ਕੱਢ ਲਿਆ ਅਤੇ ਲੱਗੀ  ਖਾਣ  |  ਚੂਹੇ ਨੇ ਕਿਹਾ ਮੇਰੇ ਵਿੱਚੋਂ  ਸ਼ਰਾਬ ਦੀ ਬਦਬੂ ਆ ਰਹੀ ਹੈ ਘੱਟ  ਤੋਂ ਘੱਟ ਧੋ ਤਾਂ ਲਓ | ਬਿੱਲੀ ਨੇ ਸੋਚਿਆ ਇਹ ਠੀਕ ਹੀ ਕਹਿ ਰਿਹਾ ਹੈ |  ਜਿਵੇਂ ਹੀ ਬਿੱਲੀ ਚੂਹੇ ਨੂੰ ਧੋਣ ਲੱਗੀ ਪਕੜ ਥੋੜ੍ਹੀ ਜਿਹੀ ਢਿੱਲੀ ਹੋਈ ਚੂਹਾ ਭੱਜ ਕੇ ਨੇੜਲੀ ਖੁੱਡ ਵਿੱਚ ਜਾ ਛੁਪਿਆ |  ਬਿੱਲੀ ਨੇ ਕਿਹਾ ਕਿ  ਤੂੰ ਤਾਂ ਵਾਹਦਾ ਕੀਤਾ ਸੀ ਕਿ  ਤੂੰ ਮੇਰਾ ਭੋਜਨ ਬਣੇਗਾ ਪਰ ਹੁਣ ਭੱਜ ਗਿਆ ਹੈਂ  |  ਚੂਹੇ ਨੇ ਕਿਹਾ ਉਦੋਂ ਮੈਂ ਜੋ ਕੁਛ ਵੀ ਕਹਿ ਗਿਆ ਸ਼ਰਾਬੀ ਹੋਕੇ ਕਹਿ ਗਿਆ |  ਲੇਕਿਨ ਹੁਣ ਤਾਂ  ਸ਼ਰਾਬ ਉੱਤਰ  ਚੁੱਕੀ ਹੈ |  ਬਾਕੀ ਰਹਿ ਵਾਹਦੇ ਦੀ ਗੱਲ! ਵਾਹਦਾ  ਤਾਂ ਆਦਮੀ ਨਹੀਂ ਨਿਭਾਉਂਦਾ ਮੈ ਕੀ ਨਿਭਾ ਸਕਦਾ ਹਾਂ  |

-ਕੇ ਆਰ ਜੋਸ਼ੀ

ਪ੍ਰਕਾਸ਼ਿਤ: Uncategorized ਵਿੱਚ | ਟਿੱਪਣੀ ਕਰੋ

ਗੋਲ ਗੋਲ ਲੱਡੂ -ਰੂਸੀ ਲੋਕ ਕਹਾਣੀ

ਇਕ ਬੁੜ੍ਹੀਆ ਨੇ ਗੋਲ ਗੋਲ ਇਕ ਬੜਾ ਲੱਡੂ ਬਣਾ ਕੇ ਠੰਡਾ ਕਰਨ ਲਈ ਖਿੜਕੀ ਵਿੱਚ ਰੱਖ ਦਿਤਾ। ਲੱਡੂ ਉਥੋਂ  ਰੁੜ੍ਹ ਕੇ ਭੱਜ ਲਿਆ । ਉਹ ਰੁੜ੍ਹਦਾ ਰੁੜ੍ਹਦਾ ਸੜਕ ਤੇ ਜਾ ਰਿਹਾ ਸੀ ਔਰ ਇਹ ਗੀਤ ਗਾ ਰਿਹਾ ਸੀ :

“ਮੈਂ ਗੋਲ ਗੋਲ ਹੂੰ, ਲਾਲ਼ ਲਾਲ਼ ਹੂੰ,

ਖ਼ੂਬਸੂਰਤ ਹੂੰ, ਖ਼ੂਬ ਕਮਾਲ ਹੂੰ,

ਬੁੜ੍ਹੀਆ ਨੂੰ ਚਕਮਾ ਦੇ ਕੇ ਭੱਜ ਆਇਆ ਹੂੰ,

ਮੈਂ ਚਾਲਾਕੀ ਦੀ ਜਿੰਦਾ ਮਿਸਾਲ ਹੂੰ”।

ਇਹ ਗੀਤ ਗਾਉਂਦੇ ਹੋਏ।ਲੱਡੂ ਜੰਗਲ਼ ਵਿੱਚ ਘੁੰਮ ਰਿਹਾ ਸੀ । ਰਸਤੇ ਵਿੱਚ ਉਸ ਨੂੰ ਪਹਿਲੇ ਇਕ ਖ਼ਰਗੋਸ਼ ਮਿਲਿਆ , ਫਿਰ ਇਕ ਭਾਲੂ ,ਤੇ  ਫਿਰ ਇਕ ਭੇੜੀਆ ਮਿਲਿਆ। ਸਭ ਨੇ ਲੱਡੂ ਨੂੰ ਖਾਣ ਦੀ ਕੋਸ਼ਿਸ਼ ਕੀਤੀ  ਲੇਕਿਨ ਉਹ ਬੜੀ ਅਸਾਨੀ ਨਾਲ ਸਭ ਨੂੰ ਚਕਮਾ ਦੇ ਕੇ ਬਚ ਨਿਕਲਿਆ । ਉਸ ਦੇ ਬਾਦ ਲੱਡੂ ਦਾ ਸਾਹਮਣਾ ਚਾਲਾਕ ਲੂੰਮੜੀ ਨਾਲ ਹੋਇਆ । ਲੂੰਮੜੀ ਦੇ ਮਨ ਵਿੱਚ ਭੀ ਲੱਡੂ ਖਾਣ ਦੀ ਖ਼ਾਹਿਸ਼ ਪੈਦਾ ਹੋਈ। ਉਸ ਨੇ ਲੱਡੂ ਨੂੰ ਕਿਹਾ: “ਅਰੇ, ਆਪ  ਕਿਤਨਾ ਅੱਛਾ ਗਾਉਂਦੇ ਹੋ! ਲੇਕਿਨ ਮੈਂ ਜ਼ਰਾ ਬਹਿਰੀ ਹੂੰ ਔਰ ਤੇਰਾ ਗੀਤ ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ । ਐਸਾ ਕਰੋ: ਮੇਰੀ ਜ਼ਬਾਨ ਪਰ ਬੈਠ ਜਾਓ ਔਰ ਮੇਰੇ ਕੰਨ ਕੋਲ ਆ ਕੇ ਫਿਰ ਤੋਂ ਅਪਣਾ ਗੀਤ ਸੁਣਾਓ”। ਲੱਡੂ ਨੂੰ ਆਪਣੀ ਚਾਲਾਕੀ ਤੇ ਪੂਰਾ ਭਰੋਸਾ ਸੀ ਇਸ ਲਈ  ਉਹ ਸਾਰੀ ਇਹਤਿਆਤ ਔਰ ਹੁਸ਼ਿਆਰੀ ਨੂੰ ਭੁੱਲ ਕੇ  ਲੂੰਮੜੀ ਦੀ ਜੀਭ ਤੇ ਟਪੂਸੀ ਮਾਰ ਚੜ੍ਹ ਗਿਆ। ਔਰ ਲੂੰਮੜੀ ਉਸ ਨੂੰ  ਹੜੱਪ ਕਰ ਗਈ।

ਪ੍ਰਕਾਸ਼ਿਤ: Uncategorized ਵਿੱਚ | ਟਿੱਪਣੀ ਕਰੋ

ਕੈਨੇਡੀਅਨ ਪੰਜਾਬੀ ਕਹਾਣੀ ‘ਵਿਚਲੀ ਉਂਗਲ’ – ਕੁਲਜੀਤ ਮਾਨ

ਮੈਂ ਕਿਥੋਂ ਕਿਥੋਂ ਦੀ ਗੁਜ਼ਰ ਗਿਆ ਹਾਂ। ਹਰ ਦਿਨ ਮੇਰੇ ਹੱਥੋਂ ਕਿਰ ਰਿਹਾ ਹੈ। ਕਿਰ ਗਿਆ ਹੈ ਉਹ ਸਭ ਕੁੱਝ ਜਿਸ ‘ਤੇ ਮਾਣ ਕੀਤਾ ਜਾ ਸਕਦਾ ਸੀ। ਪੈਸੇ ਧੇਲੇ ਨਾਲ ਬੱਝੀਆਂ ਛਾਵਾਂ ਚੋਰੀ ਹੋ ਗਈਆਂ ਹਨ। ਮੇਰੇ ਘਰ ਨੂੰ ਸੰਨ੍ਹ ਲੱਗਦੀ ਰਹੀ ਤੇ ਮੈਂ ਲੌਲੀਪੌਪ ਚੂਸਦਾ ਰਿਹਾ। ਸਾਰੇ ਕਹਿੰਦੇ ਹਨ ਕੋਈ ਵਿਚਲਾ ਰਾਹ ਵੀ ਹੁੰਦਾ ਹੈ। ਹਾਂ, ਹੁੰਦਾ ਹੈ ਵਿਚਲਾ ਰਾਹ। ਜਦੋਂ ਕੁੱਝ ਸਮਝ ਨਾ ਆਵੇ ਵਿਚਲੀ ਉਂਗਲ ਖੜ੍ਹੀ ਕਰ ਦੇਵੋ। ਪਰ ਮੈਂ ਕਿਸ ਨੂੰ ਖੜ੍ਹੀ ਕਰਾਂ ਇਹ ਉਂਗਲ। ਰਾਜ਼ ਦੀ ਇਹ ਗੱਲ ਸ਼ਾਇਦ ਦਵਿੰਦਰ ਨੂੰ ਪਤਾ ਹੋਵੇ। ਡੈਡ ਪ੍ਰਸਾਦ ਲੈ ਲਵੋ। ਮੈਂ ਅੱਖਾਂ ਖੋਲ੍ਹੀਆਂ। ਮੇਰੇ ਹੱਥ ਆਪ ਮੁਹਾਰੇ ਹੀ ਜੁੜ ਗਏ। ਭਾਈ ਜੀ ਨੇ ਮੇਰੇ ਬੁੱਕ ਵਿਚ ਪ੍ਰਸ਼ਾਦ ਪਾ ਦਿੱਤਾ।
                                                              – ਲੇਖਕ –
ਮੈਂ ਬੁੱਕ ਨੂੰ ਇੱਕਠਾ ਕਰਕੇ ਮੱਥੇ ਨਾਲ ਲਾਇਆ। ਸ਼ਰਧਾ ਨਾਲ ਥੋੜਾ ਸਿਰ ਝੁਕਾਇਆ। ਇਹ ਸੀ ਮੇਰੇ ਸੰਸਕਾਰ। ਜੋ ਆਪ ਮੁਹਾਰੇ ਹੁੰਦੇ ਹਨ। ਜਿਹਨਾਂ ਲਈ ਕੋਈ ਕਸ਼ਟ ਨਹੀਂ ਕਰਨਾ ਪੈਂਦਾ। ਪਰ ਇਹ ਆਪ ਮੁਹਾਰੇ ਕੀਤੀਆਂ ਕਿਰਿਆਵਾਂ ਮੇਰਾ ਧਿਆਨ ਮੇਰੇ ਪਿੰਡ ਕਿਉਂ ਲੈ ਜਾਂਦੀਆਂ ਹਨ, ਆਪਣੀ ਭੂਆ ਕੋਲੇ, ਗੁਰਦੁਆਰੇ ਦੀ ਸਰਦਲ ਤੇ। ਸਾਰੇ ਪਿੰਡ ਦੀ ਜਗਤ ਭੂਆ ਮੇਰੀ ਸਕੀ ਸੀ ਜਿਸਦੇ ਇੱਕ ਇਸ਼ਾਰੇ ਤੇ ਦਿਨ ਵਿਚ ਸੌ ਬੂਟਾ ਲੱਗ ਗਿਆ ਸੀ। ਉਨ੍ਹਾਂ ਛਾਵਾਂ ਤੇ ਮੇਰਾ ਇਤਨਾ ਹੱਕ ਨਹੀਂ ਸੀ ਜਿਤਨਾ ਕਾਨੂੰਨ ਨੇ ਮੈਨੂੰ ਦਿੱਤਾ ਸੀ। ਮੇਰੇ ਹਿੱਸੇ ਤਾਂ ਚੌਕੀਦਾਰੀ ਸੀ ਜੋ ਮੈਂ ਕਰ ਨਾ ਸਕਿਆ।
ਸਦਾ ਤੋਂ ਇਸ ਤਰ੍ਹਾਂ ਨਹੀਂ ਸੀ। ਇਹ ਓਪਰਾਪਨ ਤਾਂ ਓਦੋਂ ਦਾ ਹੈ ਜਦੋਂ ਦਾ ਮੇਰਾ ਜ਼ਹਿਨੀ ਦਿਵਾਲਾ ਨਿਕਲਿਆ ਹੈ। ਮੇਰੀਆਂ ਅੱਖਾਂ ਬੰਦ ਸਨ, ਇਹ ਕਿਸੇ ਲਿਵ ਵਿਚ ਨਹੀਂ ਸਨ, ਇਹ ਤੇ ਉਹ ਦੇਖਣ ਤੋਂ ਇਨਕਾਰੀ ਸਨ, ਜਿਸਨੂੰ ਰੀਣ ਰੀਣ ਸਿਰਜਿਆ ਜਾ ਰਿਹਾ ਸੀ। ਇਹ ਤੇ ਇੰਝ ਸੀ ਜਿਵੇਂ ਕੁਦਰਤ ਨਾਲ ਖੇਡਿਆ ਜਾ ਰਿਹਾ ਹੋਵੇ। ਮੇਰੇ ਸਦੀਆਂ ਦੇ ਪਾਏ ਸੰਸਕਾਰਾਂ ਨੂੰ ਹਲੂਣਿਆ ਜਾ ਰਿਹਾ ਸੀ। ਦਵਿੰਦਰ ਕਦੋਂ ਬਹਾਨਾ ਬਣਿਆ, ਮੈਨੂੰ ਨਹੀਂ ਪਤਾ। ਸੱਚ ਤਾਂ ਇਹ ਹੈ ਕਿ ਮੈਂ ਆਪਣੇ ਆਪ ਨਾਲ ਹੀ ਝੂਠ ਬੋਲ ਰਿਹਾ ਹਾਂ। ਗੱਲ ਜੇ ਦਵਿੰਦਰ ਇੱਕਲੇ ਦੀ ਹੁੰਦੀ ਤਾਂ ਮੇਰਾ ਸਟੈਂਡ ਇਤਨਾ ਨਾਜ਼ਕ ਤੇ ਪੇਤਲਾ ਨਹੀਂ ਸੀ ਹੋਣਾ। ਇਹ ਤਾਂ ਗੁਰੋ ਸੀ, ਇੱਕ ਔਰਤ…। ਜਿਵੇਂ ਸਾਰਿਆਂ ਨਾਲ ਹੁੰਦਾ ਹੈ ਉਹੋ ਮੇਰੇ ਨਾਲ ਹੋਇਆ ਫਿਰ ਅਫਸੋਸ ਕਾਹਦਾ। ਅਫਸੋਸ ਤਾਂ ਭੂਆ ਦੀ ਰੂਹ ਨੂੰ ਹੋਵੇਗਾ। ਸ਼ਾਇਦ ਉਸਦੀ ਸਿੱਖਿਆ ਉਸਾਰੀ ਵਿਚ ਕੋਈ ਖੱਪਾ ਰਹਿ ਗਿਆ। ਸ਼ਾਇਦ ਉਸਦਾ ਰੁਹਾਨੀ ਕੱਦ-ਕਾਠ ਦੁਨਿਆਵੀ ਲਾਲਚ ਵਿਚ ਫਸੀਆਂ ਔਰਤ ਦੀਆਂ ਚਾਲਾਂ ਤੋਂ ਅਣਭਿੱਜ ਸੀ। ਮੈਂ ਫਿਰ ਭੂਆ ਨੂੰ ਹੀ ਦੋਸ਼ ਦੇ ਰਿਹਾ ਹਾਂ, ਆਪ ਤਾਂ ਮੈਂ ਮਿੱਟੀ ਦਾ ਮਾਧੋ ਹਾਂ। ਵੱਡੀਆਂ ਵੱਡੀਆ ਸਲਤਨਤਾਂ ਖਾ ਲਈਆਂ ਬੰਦੇ ਦੀਆਂ ਕਮਜ਼ੋਰੀਆਂ ਨੇ। ਮੇਰੀ ਭੂਆ ਵਰਗੀਆਂ ਤਾਂ ਕਦੇ ਕਦੇ ਜਨਮ ਲੈਂਦੀਆਂ ਹਨ। ਬਾਬਾ ਮੁਕੰਦ ਨੀਰ ਵੀ ਕਦੇ ਕਦੇ ਹੀ ਜਨਮ ਲੈਂਦਾ ਹੈ। ਇਸ ਨੇਕੀ ਬਦੀ ਦੀ ਲੜਾਈ ਵਿਚ ਕਈ ਮਾਰੇ ਜਾਂਦੇ ਹਨ।
ਇਨ੍ਹਾਂ ਮਾਰੇ ਗਏ ਕਈ ਇਨਸਾਨਾਂ ਵਿਚ ਕਈ ਤਾਂ ਸਿਪਾਹੀ ਹੁੰਦੇ ਹਨ ਤੇ ਕਈ ਮੇਰੇ ਵਰਗੇ ਕੀੜੇ। ਕਿਸੇ ਵੀ ਧਿਰ ਨਾਲ ਖੜ੍ਹੇ ਹੋਣਾ ਉਨ੍ਹਾਂ ਮਾੜਾ ਨਹੀਂ ਜਿਨ੍ਹਾਂ ਬਿਨ੍ਹਾ ਕਿਸੇ ਖਾਸ ਮਕਸਦ ਦੇ ਸਿਰਫ਼ ਆਪਣੇ ਸੋਹਜ ਸੁਆਦ ਲਈ ਚੱਲ ਰਹੀ ਜੰਗ ਵਿਚੋਂ ਲੁੱਟ ਦਾ ਮਾਲ ਪ੍ਰਾਪਤ ਕਰਨ ਦੀ ਲਾਲਸਾ। ਗੁਰੋ ਲੁੱਟ ਦਾ ਮਾਲ ਵੀ ਨਹੀਂ ਸੀ। ਉਹ ਤੇ ਮੁਕੰਦ ਨੀਰ ਦਾ ਅਗਨ ਤੀਰ ਸੀ। ਉਸ ਤੀਰ ਨੇ ਕਮਾਲ ਵੀ ਕੀਤਾ। ਮੈਂ ਭੂਆ ਜੀ ਦੇ ਭੱਥੇ ਦਾ ਤੀਰ ਨਹੀਂ ਸੀ। ਮੈਂ ਕਿਉਂ ਲੜਨ ਲੱਗ ਪਿਆ। ਮੈਂ ਤਾਂ ਉਹ ਚਿਰਾਗ਼ ਸੀ ਜਿਸ ਲਈ ਇਹ ਲੜਾਈ ਚੱਲੀ ਤੇ ਮੈਂ ਹੀ ਨਹੀਂ ਸਮਝਿਆ। ਉਸ ਦਿਨ ਵੀ ਮੇਰੀਆਂ ਅੱਖਾਂ ਬੰਦ ਸਨ। ਮੈਂ ਕਿਸੇ ਸ਼ਸ਼ੋਪੰਜ ਵਿਚ ਫਸ ਚੁੱਕਾ ਸੀ। ਮੇਰਾ ਦਿਲ ਕਹਿੰਦਾ ਸੀ ਇਹ ਜੋ ਮੈਂ ਕਰ ਰਿਹਾ ਹਾਂ ਇਹ ਗਲਤ ਹੈ। ਸਰੀਰ ਕਹਿੰਦਾ ਸੀ ਜੋ ਹੋਵੇਗਾ ਉਹ ਆਨੰਦ ਮੰਗਲ ਹੋਵੇਗਾ। ਜਸਬੀਰ ਦਾ ਦਿਲ ਕਹਿੰਦਾ ਸੀ ਇਹ ਠੀਕ ਹੀ ਨਹੀਂ ਬਹੁਤ ਠੀਕ ਹੈ। ਇਹ ਉਸਦੀ ਅੰਤਰ ਆਤਮਾ ਦੀ ਅਵਾਜ਼ ਸੀ। ਮੈਂ ਹੂੜ ਮੱਤ ਨਾਲ ਵੀ ਉਸਨੂੰ ਰੋਕ ਸਕਦਾ ਸੀ। ਮੈਂ ਨਹੀਂ ਰੋਕਿਆ। ਕਿਉਂਕਿ ਮੈਂ ਰੋਕਣਾ ਹੀ ਨਹੀਂ ਚਾਹੁੰਦਾ ਸੀ। ਹੁਣ ਸਾਰੀ ਉਮਰ ਉਸਨੂੰ ਬਲੇਮ ਕਰਾਂਗਾ। ਆਖਰ ਮੇਰੀ ਮਾਨਸਿਕ ਮਜ਼ਬੂਰੀ ਲਈ ਉਸਨੂੰ ਇਹ ਜ਼ਹਿਰ ਤਾਂ ਪੀਣਾ ਹੀ ਪਵੇਗਾ।
ਉਸ ਦਿਨ ਵੀ ਸਤਿਸੰਗ ਵਿਚ ਮੇਰੀਆਂ ਅੱਖਾਂ ਬੰਦ ਹੀ ਸਨ ਜਦੋਂ ਕਿਸੇ ਦੀ ਅਵਾਜ਼ ਨੇ ਮੇਰੇ ਸਰੀਰ ਨੂੰ ਛੋਹਿਆ। ਮੈਂ ਅੱਖਾਂ ਫਿਰ ਵੀ ਨਾਂਹ ਖ੍ਹੋਲੀਆਂ।
“ਮੇਰੇ ਵਿਆਹ ਨੂੰ ਗਿਆਰਾਂ ਸਾਲ ਹੋ ਗਏ ਹਨ।”ਕਿਸੇ ਜ਼ਨਾਨਾ ਅਵਾਜ਼ ਨੇ ਮੇਰੇ ਤਰਕ ਨੂੰ ਖੋਰਾ ਲਾਇਆ। “ਅੱਜ ਤਾਂ ਬਾਬਾ ਜੀ ਕੋਲੋਂ ਪੁੱਤ ਦੀ ਦਾਤ ਲੈਕੇ ਹੀ ਜਾਣੀ ਹੈ।ਬਾਬਾ ਜੀ ਦੀ ਮੇਹਰ ਸਦਕਾ ਮੇਰਾ ਘਰ ਉੱਜੜਣ ਤੋਂ ਬਚ ਜਾਵੇਗਾ। ਢਾਈ ਸਾਲ ਹੋ ਗਏ ਹਨ ਸੇਵਾ ਕਰਦੀ ਨੂੰ…ਬਾਬਾ ਜੀ ਦੀ ਕਰੜੀ ਕਿਲੇ ਵਰਗੀ ਦੀਵਾਰ ਪਤਾ ਨਹੀਂ…ਖੌਰੇ ਕਦੋਂ ਮੋਮ ਹੋਵੇਗੀ। ਜਨਾਨਾ ਅਵਾਜ਼ ਨੇ ਜਿਵੇਂ ਮੇਰੇ ਸਰੀਰ ਦੁਆਲੇ ਕੋਈ ਜਾਲ ਬੁਣਿਆ ਹੋਵੇ। “ਭੈਣੇ ਸਬਰ ਕਰ, ਸਬਰ ਦਾ ਫ਼ਲ ਮਿੱਠਾ ਹੋਵੇਗਾ।”
“ਨਾ ਸਬਰ ਕੀ ਕਰਾਂ ਹੋਰ, ਅਗਲਾ ਵਿਆਹ ਕਰਾਉਂਣ ਨੂੰ ਤਿਆਰ ਬੈਠਾ।” ਸਿਸਕੀਆਂ ਨੇ ਬੋਲ ਕੇ ਕਿਹਾ।
ਉਸ ਦਿਨ ਗੁਰੋ ਆਈ ਸੀ। ਅੱਤ ਦੀ ਗੰਦੀ ਕਾਰ ਵਿਚੋਂ ਉੱਤਰ ਰਹੀ ਮੈਨੂੰ ਬਹੁਤ ਹੀ ਭੈੜੀ ਲਗੀ। ਗੰਦੀ ਕਾਰ ਵਾਲਾ ਉਹਨੂੰ ਸਾਡੇ ਘਰ ਉਤਾਰਕੇ ਆਪ ਚਲਾ ਗਿਆ। ਸ਼ੀਸ਼ੇ ਵਿਚੋਂ ਦੇਖ ਰਿਹਾ ਸੀ ਮੈਂ, ਗੁਰੋ ਨੂੰ ਤੇ ਉਸਦੇ ਲੁਭਾਉਂਣੇ ਅੰਗਾਂ ਨੂੰ। ਨਿਆਣੇਂ ਅਜੇ ਸੁੱਤੇ ਪਏ ਸਨ। ਸਿਰਫ਼ ਉਹ ਜਾਗਦਾ ਸੀ। ਜਿਸਨੇ ਮੇਰੇ ਜਿੰ.ਦਗੀ ਦੇ ਸੰਕਲਪਾਂ ਨੂੰ ਪੁੱਠਾ ਗੇੜਾ ਦਿਤਾ ਹੋਇਆ ਸੀ। ਮੇਰਾ ਵੱਡਾ ਮੁੰਡਾ ਕੰਨਾਂ ਤੋਂ ਬੋਲਾ,ਦਿਮਾਗ ਤੋਂ ਸਿੱਧ ਪੱਧਰਾ ਪਰ ਪੈਰਾਂ ਦੀ ਧਮਕ ਪਛਾਣਦਾ ਹੈ। ਡਾਕਟਰ ਦੀ ਰਿਪੋਰਟ ਮੁਤਾਬਕ ਜਿਸਦੀ ਦਿਮਾਗੀ ਪਧਰ ਦੀ ਉਮਰ ਦੋ ਸਾਲ ਹੈ। ਪਿਆਰ ਕਰਦਾ ਹੈ ਇਸ ਸੁਣਨ ਵਾਲੀ ਦੁਨੀਆਂ ਨੂੰ। ਮੋਹ ਨਾਲ ਭਿੱਜੇ ਇਸ ਦਵਿੰਦਰ ਨੂੰ ਇਹ ਵੀ ਨਹੀਂ ਪਤਾ ਕੌਣ ਚੰਗਾ ਹੈ ਤੇ ਕੌਣ ਪੂਛ। ਸਾਰਿਆਂ ਦਾ ਦੋਸਤ ਹੈ। ਕਾਲੇ ਪੀਲੇ ਚੋਰਾਂ ਦਾ ਵੀ ਤੇ ਬਗਲੇ ਨੀਲੇ ਭਗਤਾਂ ਦਾ ਵੀ। ਹਥ ਤੇ ਹਥ ਮਾਰੇਗਾ। ਉਂਗੂਠਾ ਉੱਚਾ ਕਰੇਗਾ ਤੇ ਅਗਲੇ ਨੂੰ ਜੱਫੀ ਵਿਚ ਲੈ ਲਵੇਗਾ। ਬਸ ਸਿਰਫ ਇਸਦੀ ਇੱਕੋ ਸ਼ਰਤ ਹੈ ਅਗਲਾ ਹਸਦਾ ਹੋਣਾ ਚਾਹੀਦਾ ਹੈ। ਰੋਣ ਵਾਲੇ ਨੂੰ, ਗੁਸੇ-ਖੋਰ ਨੂੰ ਤੇ ਜ਼ਿੰਦਗੀ ਨਾਲ ਨਰਾਜ਼ ਰਹਿਣ ਵਾਲੇ ਨੂੰ ਦਵਿੰਦਰ ਆਪਣਾ ਦੁਸ਼ਮਣ ਸਮਝਦਾ ਹੈ।
ਇਨ੍ਹਾਂ ਸ਼ਰਤਾਂ ਹਾਲਤਾਂ ਮੁਤਾਬਕ ਮੈਂ ਹੀ ਉਸਦਾ ਸਭਤੋਂ ਵੱਡਾ ਦੁਸ਼ਮਣ ਹਾਂ। ਸਾਰੀ ਖਿੱਝ ਮੇਰੇ ਉੱਤੇ ਕਢੇਗਾ। ਪਰ ਐਸੀ ਗੱਲ ਵੀ ਨਹੀਂ ਕਿ ਮੇਰੀ ਹੋਂਦ ਨੂੰ ਬਰਦਾਸ਼ਤ ਹੀ ਨਾ ਕਰਦਾ ਹੋਵੇ। ਮੈਂ ਦੋ ਚਾਰ ਘੰਟੇ ਵੀ ਕਿਤੇ ਲੇਟ ਹੋ ਜਾਵਾਂ, ਸਭ ਤੋਂ ਵੱਧ ਫ਼ਿਕਰ ਦਵਿੰਦਰ ਨੂੰ ਹੀ ਹੁੰਦਾ ਹੈ। ਉਸਦਾ ਫ਼ਿਕਰ ਕਰਨ ਦਾ ਢੰਗ ਵੀ ਨਿਵੇਕਲਾ ਹੈ। ਰੋਟੀ ਨਹੀਂ ਖਾਵੇਗਾ। ਪਾਣੀ ਨਹੀਂ ਪੀਵੇਗਾ ਤੇ ਜੇ ਸਾਹ ਲੈਣਾ ਉਸਦੇ ਵਸ ਵਿਚ ਹੁੰਦਾ, ਉਸਨੇ ਉਹ ਵੀ ਨਹੀਂ ਸੀ ਲੈਣਾ।
ਲੇਟ ਆਵਾਂ, ਗੁਸੇ ਵਿਚ ਹੋਵਾਂ ਤਾਂ ਉਹ ਮੈਨੂੰ ਵਿਚਲੀ ਉਂਗਲ ਖੜੀ ਕਰਕੇ ਗ੍ਹਾਲ ਕਢਦਾ ਹੈ। ਆਪਣੇ ਵਾਲ ਪੁੱਟੇਗਾ ਟੇਬਲ ਤੇ ਮੁੱਕੀਆਂ ਮਾਰੇਗਾ। ਗੱਲ ਸਾਲਾਂ ਪਹਿਲਾਂ ਦੀ ਹੈ ਪਰ ਪੁਰਾਣੀ ਨਹੀਂ। ਉਦੋਂ ਇਹ ਮਿਡਲ ਸਕੂਲ਼ ਜਾਂਦਾ ਸੀ,ਇਨ੍ਹਾਂ ਦਾ ਵੱਖਰਾ ਸ਼ੈਕਸਨ ਸੀ। ਪੰਜਵੀਂ ਜਮਾਤ ਦੇ ਇਸਦੇ ਸਿਨੀਅਰ ਇਸਦੇ ਕੁੱਝ ਦੋਸਤ ਇਸ ਗੱਲੋਂ ਖਫਾ ਸਨ ਕਿ ਕੁੱਝ ਸ਼ਰਾਰਤੀ ਇਸਨੂੰ ਤੰਗ ਕਰਦੇ ਸਨ। ਵਿਚਲੀ ਉਂਗਲ ਖੜੀ ਕਰਨ ਦੀ ਜਾਚ ਇਸਨੇ ਉਨ੍ਹਾਂ ਕੋਲੋਂ ਸਿਖ ਲਈ। ਕਦੇ ਕਦੇ ਮੈਂ ਇਹ ਸੋਚਦਾ ਹਾਂ, ਇਸਦੀ ਸਮਸਿਆ ਸਿਰਫ ਇੱਕ ਹੈ। ਇਹ ਮੈਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਉਹ ਡੈਡੀ ਦੇ ਪੁੱਤਰਾ ਖੁਸ਼ ਰਿਹਾ ਕਰ। ਮੈਂ ਤਾਂ ਅੱਗੇ ਹੀ ਰਬ ਦਾ ਮਾਰਿਆ ਹਾਂ ਕਿਉਂ ਦੁਖੀ ਹੋਕੇ ਮੈਨੂੰ ਹੋਰ ਦੁਖੀ ਕਰਦਾ ਹੈਂ। ਕੁੱਝ ਜੀਵ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਇਸ ਮਾਇਆ ਤ੍ਰਿਸ਼ਨਾ ਵਿਚ ਨਹੀਂ ਪੈਂਦੇ। ਰੱਬ ਉੱਤੇ ਅਪਾਰ ਭਰੋਸਾ ਹੁੰਦਾ ਹੈ। ਉਹ ਭਰੋਸਾ ਮੇਰੇ ਵਿਚ ਨਹੀਂ ਹੈ ਪਰ ਦਵਿੰਦਰ ਵਿਚ ਹੈ।ਮੇਰੀ ਦਸ਼ਾ ਤਾਂ ਕੁੱਤੇ ਦੀ ਹੱਡੀ ਵਾਲੀ ਹੈ ਪਰ ਦਵਿੰਦਰ ਐਸਾ ਨਹੀਂ ਹੈ। ਉਹ ਤਾਂ ਕਾਮ,ਕਰੋਧ,ਲੋਭ,ਮੋਹ ਹੰਕਾਰ ਤੋਂ ਬਿਲਕੁੱਲ ਮੁਕਤ ਸੀ ਪਰ ਮੇਰੇ ਵਿਹਾਰ ਨੇ ਉਸ ਵਿਚ ਅੰਤਾਂ ਦਾ ਕਰੋਧ ਭਰ ਦਿਤਾ ਹੈ। ਕਮਿਊਨੀਕੇਸ਼ਨ ਦੀ ਸਮਸਿਆ ਉਸਨੂੰ ਮੈਂ ਦਿਤੀ ਹੈ ਵਰਨਾ ਉਹ ਤਾਂ ਦੁਨੀਆਂ ਦਾ ਸਭਤੋਂ ਚੰਗਾ ਮਨੁੱਖ ਹੋਣਾ ਸੀ।
ਗੁਰੋ ਦੀ ਧਮਕ ਨੇ ਦਵਿੰਦਰ ਦੇ ਰੌਂਗਟੇ ਚੇਤੰਨ ਕਰ ਦਿੱਤੇ। “ਆ ਮੇਰਾ ਛਿੰਦਾ ਪੁੱਤ।”ਗੁਰੋ ਨੇ ਪੌਣੇ ਛੇ ਫੁੱਟੇ ਦਵਿੰਦਰ ਨੂੰ ਜੱਫੀ ਵਿਚ ਲੈ ਲਿਆ। ਦਵਿੰਦਰ ਬੇਹੱਦ ਖੁਸ਼ ਸੀ ਹੋਰ ਉਸਨੂੰ ਚਾਹੀਦਾ ਵੀ ਕੀ ਸੀ। ਗੁਰੋ ਦੀ ਬਿੜਕ ਨੇ ਮੇਰੇ ਨਾਲ ਪਈ ਜਸਬੀਰ ਨੂੰ ਥੋੜਾ ਹਲੂਣਿਆ। ਉਹ ਹੁਣੇ ਚਾਹ ਪੀਕੇ ਹਟੀ ਸੀ। ਮੇਰੀ ਚਾਹ ਦੇ ਕੁੱਝ ਘੁਟ ਰਹਿੰਦੇ ਸਨ। ਮੈਂ ਇਨ੍ਹਾਂ ਘੁਟਾਂ ਨੂੰ ਬਚਾ ਕੇ ਰਖਣਾ ਚਾਹੁੰਦਾ ਸੀ ਤਾਂ ਕਿ ਮੈਨੂੰ ਥੱਲੇ ਨਾ ਜਾਣਾ ਪਵੇ। ਜਸਬੀਰ ਥੱਲੇ ਚਲੇ ਗਈ ਤੇ ਮੈਂ ਬਾਬੇ ਨਾਨਕ ਦੀ ਫੋਟੋ ਵੱਲ ਵੇਖਣ ਲੱਗ ਪਿਆ। ਮੈਨੂੰ ਇੰਝ ਲੱਗਾ ਜਿਵੇਂ ਹੁਣੇ ਬਾਬੇ ਨਾਨਕ ਦੀ ਫੋਟੋ ਨੇ ਕੁੱਝ ਕਿਹਾ ਹੋਵੇ। ‘ਪ੍ਰਾਣੀ ਸੰਸਾਰ ਵਿਚ ਆਉਂਦਾ ਹੈ ਤਾਂ ਇਸਦੀ ਮਾਇਆ ਨਾਲ ਮੋਹਿਆ ਜਾਂਦਾ ਹੈ। ਮਾਇਆ ਉਸਨੂੰ ਆਪਣੇ ਜਾਲ ਵਿਚ ਜਕੜ ਲੈਂਦੀ ਹੈ। ਜੀਵ ਆਪਣੇ ਅਸਲ ਨੂੰ ਵਿਸਰ ਜਾਂਦਾ ਹੈ।
“ਸੁਣੋ ਜ਼ਰਾ ਥੱਲੇ ਆਇਉ।” ਮੈਨੂੰ ਜਸਬੀਰ ਨੇ ਤਿੱਖੀ ਅਵਾਜ਼ ਵਿਚ ਥੱਲੇ ਆਉਣ ਲਈ ਜਿਵੇਂ ਹੁਕਮ ਕੀਤਾ ਹੋਵੇ। ਆਮਤੌਰ ਤੇ ਜਸਬੀਰ ਕਦੇ ਵੀ ਹੁਕਮ ਨਹੀਂ ਕਰਦੀ ਪਰ ਅੱਜ ਲੱਗਾ ਜਿਵੇਂ ਹੁਕਮ ਕਰ ਰਹੀ ਸੀ ਜਾਂ ਮੈਨੂੰ ਹੀ ਐਸਾ ਲੱਗਾ। ਮੈਂ ਕੰਬਲ ਵਗਾਹ ਮਾਰਿਆ।
“ਸਤਿ ਸ੍ਰੀ ਅਕਾਲ।”ਮੈਂ ਅਣਮੰਨੇ ਜਿਹੇ ਨੇ ਕਿਹਾ ਤੇ ਬੈਠ ਗਿਆ। ਗੁਰੋ ਨੇ ਬਹੁਤ ਹੀ ਮਿੱਠੀ ਮੁਸਕਾਨ ਨਾਲ ਜੁਆਬ ਦਿਤਾ। ਮੈਨੂੰ ਉਹਦੀ ਮੁਸਕਾਨ ਕੁੱਝ ਸ਼ਰੀਫ ਜਿਹੀ ਨਹੀਂ ਲੱਗੀ। ਲੁੱਚੀਆਂ ਜਿਹੀਆਂ ਅੱਖਾਂ ਵਾਲੀ ਗੁਰੋ ਨੂੰ ਮੈਂ ਪਹਿਲੀ ਵਾਰੀ ਨਹੀਂ ਮਿਲ ਰਿਹਾ ਸੀ।
“ਜੀ ਬਾਬਾ ਜੀ ਕਲ ਰੈਕਸਡੇਲ ਆ ਰਹੇ ਹਨ। ਦੁਪਿਹਰੇ ਇੱਕ ਵਜ਼ੇ ਸਤਸੰਗ ਹੈ ਰਾਜਰਾਣੀ ਦੇ ਘਰ ਤੇ ਗੁਰੋ ਭੈਣ ਜੀ ਕਹਿੰਦੇ ਹਨ ਐਤਕੀਂ ਤੁਹਾਡੀ ਬਾਬਾ ਜੀ ਨਾਲ ਸਿੱਧੀ ਗੱਲ ਕਰਵਾ ਦੇਵੇਗੀ। ਦਵਿੰਦਰ ਬਾਰੇ ਸਾਰੇ ਭੇਦ ਬਾਬਾ ਜੀ ਦੱਸ ਦੇਣਗੇ ਤੇ ਜੇ ਬਾਬਾ ਜੀ ਦੀ ਮੇਹਰ ਹੋਈ ਤਾਂ ਆਪਣਾ ਦਵਿੰਦਰ ਨੌ ਬਰ ਨੌ ਹੋ ਜਾਵੇਗਾ।”
“ਠੀਕ ਹੈ ਅਸੀਂ ਪਹੁੰਚ ਜਾਵਾਂਗੇ।” ਮੈਂ ਦੋ ਗੱਲਾਂ ਕਰਕੇ ਬਿਲਕੁਲ ਹੀ ਬਹਿਸ ਨਾਂਹ ਕੀਤੀ। ਪਹਿਲੀ ਗੱਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਸੀ। ਐਸੀ ਨਾਜ਼ਕ ਗੱਲ ਜਿੱਥੇ ਦਵਿੰਦਰ ਦੀ ਜ਼ਿੰਦਗੀ ਦਾ ਸੁਆਲ ਹੋਵੇ ਉੱਥੇ ਮੇਰੀ ਕੋਈ ਵੀ ਦਲੀਲ ਸਾਰਥਕ ਨਹੀਂ ਹੋਣੀ ਸੀ। ਪਿੱਛਲੇ ਦੋ ਦਹਾਕਿਆਂ ਤੋਂ ਮੇਰੇ ਨਜ਼ਰੀਏ ਨੇ ਸਾਡੀ ਜ਼ਿੰਦਗੀ ਵਿਚ ਕੋਈ ਮਾਅਰਕਾ ਵੀ ਤੇ ਨਹੀਂ ਸੀ ਮਾਰਿਆ। ਉਹੋ ਛੰਨੋ ਤੇ ਉਹੋ ਛੰਨੋ ਦੇ ਪਰਾਹੁਣੇ। ਦੂਸਰਾ ਮੈਂ ਖੁਦ ਬਾਬੇ ਦਾ ਪਾਖੰਡ ਦੇਖਣਾ ਚਾਹੁੰਦਾ ਸੀ।
ਮੈਂ ਕਦੇ ਵੀ ਵਹਿਮਾਂ ਭਰਮਾਂ ਨੂੰ ਨਹੀਂ ਮੰਨਿਆ। ਟੂਣੇ ਟਾਂਮਣੇ ਤੇ ਅਸੀਂ ਠੁੱਡ ਮਾਰਕੇ ਰੋੜ ਦਿੰਦੇ ਸੀ ਬਚਪਨ ਵਿਚ।
ਜਸਬੀਰ ਚਾਹ ਬਨਾਉਂਣ ਲੱਗ ਪਈ। ਮੈਂ ਅਖਬਾਰ ਵੇਖਣ ਲੱਗ ਪਿਆ ਤੇ ਗੁਰੋ ਮੈਨੂੰ ਵੇਖਣ ਲੱਗ ਪਈ, ਭੁੱਖੀ ਸ਼ੇਰਨੀ ਵਾਂਗ। “ਸ਼ਿਵ ਜੀ ਮਹਾਰਾਜ ਨੇ ਕਈ ਵਾਰ ਮਨੁੱਖੀ ਰੂਪ ਵਿਚ ਅਵਤਾਰ ਲਿਆ ਹੈ।” ਮੈਂ ਬਿਨ ਲੇਦਨ ਦੀ ਅਲ ਜ਼ਜੀਰਾ ਟੈਲੀਵੀਯਨ ਤੇ ਨਵੀਂ ਰਲੀਜ ਕੀਤੀ ਟੇਪ ਬਾਰੇ ਖਬਰ ਪੜ੍ਹ ਰਿਹਾ ਸੀ ਜਦੋਂ ਗੁਰੋ ਨੇ ਰੁਹਾਨੀ ਵਾਕ ਉਚਾਰਿਆ।
“ਅੱਛਾ।” ਮੈਂ ਅਖਬਾਰ ਨੂੰ ਤੋੜ ਮਰੋੜ ਕੇ ਇੱਕ ਖੂੰਜੇ ਵਿਚ ਸੁੱਟ ਕੇ ਗੁਰੋ ਦੀ ਰੁਹਾਨੀਅਤ ਦਾ ਜੁਆਬ ਦਿਤਾ।
“ਜੀ ਵੀਰ ਜੀ, ਬਾਬਾ ਜੀ ਕੋਈ ਇਸ ਕਲਯੁੱਗੀ ਦੁਨੀਆਂ ਦੇ ਪ੍ਰਾਣੀ ਨਹੀਂ ਹਨ। ਇਹ ਤਾਂ ਤਰੇਤਾ ਯੁੱਗ ਵਿਚ ਵੀ ਆਪਣੀ ਪਛਾਣ ਲੁਕਾਉਂਦੇ ਰਹੇ ਹਨ। ਸਤਯੁੱਗ ਵਿਚ ਤਾਂ ਇਨ੍ਹਾਂ ਨੂੰ ਆਪਣਾ ਆਪ ਲੁਕਾਉਂਣ ਦੀ ਲੋੜ ਹੀ ਨਹੀਂ ਸੀ। ਐਸੀ ਕਰਨੀ ਵਾਲੇ ਸੰਤਾਂ ਦੇ ਦਰਸ਼ਨ ਤਾਂ ਕਿਸਮਤ ਵਾਲਿਆਂ ਨੂੰ ਹੁੰਦੇ ਹਨ। ਇਹ ਤਾਂ ਅਕਾਲ ਪੁਰਖ ਦੇ ਹੁਕਮ ਦੇ ਬੱਝੇ ਹਨ, ਜਿਸ ਕਾਲ ਤਕ ਵੀ ਤੂੰ ਇਸ ਭਾਰ ਨੂੰ ਚੁੱਕ ਸਕਦਾ ਹੈਂ, ਚੁੱਕੀ ਰੱਖ। ਕਲਯੁੱਗ ਵਿਚ ਇਹ ਬਾਬਾ ਜੀ ਦਾ ਤੀਜਾ ਗੇੜਾ ਹੈ। ਹੁਣ ਤੇ ਬਾਬਾ ਜੀ ਕਹਿਣ ਲੱਗ ਪਏ ਹਨ ਕਿ ਦੁਨੀਆਂ ਵਿਚ ਪਾਪ ਬਹੁਤ ਵਧ ਗਿਆ ਹੈ, ਹੁਣ ਹੋਰ ਸਹਿਨ ਨਹੀਂ ਹੁੰਦਾ। ਮੇਰੇ ਕੰਧੇ ਬਹੁਤ ਮਜ਼ਬੂਤ ਹਨ ਪਰ ਧਰਤੀ ਦਾ ਬੋਝ ਦਿਨੋ ਦਿਨ ਵਧ ਰਿਹਾ ਹੈ। ਸ਼ਾਇਦ ਜਲਦੀ ਹੀ ਮੌਕਸ਼ ਲੈ ਲਵਾਂ। ਜ਼ਿੰਦਗੀ ਤੋਂ ਟੁੱਟਣ ਦੀ ਖੁਸ਼ੀ ਹੁਣ ਤ੍ਰਿਪਤੀ ਦਿੰਦੀ ਹੈ। ਦਵਿੰਦਰ ਦੀ ਸਰੀਰਕ ਸ਼ਕਤੀ ਤਾਂ ਉਨ੍ਹਾਂ ਝੱਟ ਮੋੜ ਦੇਣੀ ਹੈ। ਬਾਬਾ ਜੀ ਤੋਂ ਇਹ ਕੰਮ ਕਰਾਉਂਣਾ ਤਾਂ ਮੇਰਾ ਖੱਬੇ ਹੱਥ ਦਾ ਕੰਮ ਹੈ। ਵਿਚੋਂ ਗੱਲ ਹੀ ਕਿਤਨੀ ਹੈ। ” ਗੁਰੋ ਗੁਣਗਾਨ ਕਰ ਰਹੀ ਸੀ। ਬਿਨ੍ਹਾਂ ਪੁੱਛੇ, ਬਿਨ੍ਹਾਂ ਮੰਗੇ ਬਰਕਤਾਂ ਵੰਡ ਰਹੀ ਸੀ।
” ਇਸਦਾ ਮਤਲਬ ਹੈ ਬਾਬਾ ਜੀ ਜਲਦੀ ਹੀ ਰਿਟਾਇਰਮੈਂਟ ਲੈਣ ਵਾਲੇ ਹਨ।” ਮੈਂ ਮੁਸਕਰਾ ਕੇ ਕਿਹਾ।
“ਨਾਂਹ ਮੈਂ ਚਾਹ ਦਾ ਕੱਪ ਤੁਹਾਡੇ ਸਿਰ ਵਿਚ ਮਾਰਨਾ, ਕਦੇ ਤੇ ਅਕਲ ਦੀ ਗੱਲ ਕਰਿਆ ਕਰੋ।”ਜਸਬੀਰ ਰਸੋਈ ਵਿਚ ਖੜੀ ਹੀ ਦਹਾੜ ਪਈ।
ਗੁਰੋ ਮੁਸਕਰਾ ਪਈ। ਗੁਲਾਬ ਦੀਆਂ ਪੰਖੜੀਆਂ ਵਾਂਗ ਉਸਦੀਆਂ ਗੱਲਾਂ ਉਸਦੇ ਬੁੱਲਾਂ ਨਾਲ ਇੱਕਮਿੱਕ ਸਨ, ਜਦੋਂ ਉਹ ਬੋਲੀ, “ਜਸਬੀਰ ਕਿਉਂ ਗੁੱਸਾ ਕਰਦੀ ਹੈਂ। ਬਾਬਾ ਜੀ ਹਮੇਸ਼ਾਂ ਕਹਿੰਦੇ ਹਨ ਕਿ ਅਨਜਾਣ ਤੇ ਅਗਿਆਨੀਆਂ ਦਾ ਕਦੇ ਗੁੱਸਾ ਨਹੀਂ ਕਰੀਦਾ। ਇਨ੍ਹਾਂ ਨੂੰ ਕੀ ਪਤਾ ਬ੍ਰਹਿਮਡ ਦੇ ਰਹੱਸਾਂ ਦਾ, ਅਕਾਲ ਪੁਰਖ ਦੀ ਆਗਿਆ ਸਪਸ਼ਟ ਹੈ ਕਿ ਆਨੰਤ ਤੱਕ ਧਰਤੀ ਦਾ ਬੋਝ ਝੱਲਣਾ ਪਵੇਗਾ।” ਮੈਂ ਮੁਸਕਰਾ ਪਿਆ, ਗੁਰੋ ਨੇ ਮੇਰੀ ਮੁਸਕਾਨ ਵੇਖ ਲਈ। ਜਸਬੀਰ ਨੇ ਮੇਰੀ ਮੁਸਕਾਨ ਨਾਲ ਉੱਲਝੀ ਗੁਰੋ ਦੀ ਨਜ਼ਰ ਨਹੀਂ ਵੇਖੀ। ਸ਼ਾਇਦ ਇਸ ‘ਨਜ਼ਰ ਦਾ ਸਦਕਾ’ ਜਾਹਰ ਹੀ ਨਹੀਂ ਹੋਣਾ ਚਾਹੁੰਦਾ ਸੀ। ਗੁਰੋ ਨੇ ਆਪਣੀ ਉਂਗਲ ਦਾ ਪਟਾਕਾ ਵਜਾਇਆ ਤੇ ਬੋਲੀ, “ਤੁਸੀਂ ਬਾਬਾ ਜੀ ਤੇ ਯਕੀਨ ਨਹੀਂ ਕਰਦੇ?”
“ਮੈਂ ਇੱਕਲੇ ਤੁਹਾਡੇ ਬਾਬੇ ਤੇ ਹੀ ਨਹੀਂ ਕਿਸੇ ਵੀ ਦੇਹਧਾਰੀ ਪਾਖੰਡੀ ਤੇ ਯਕੀਨ ਨਹੀਂ ਕਰਦਾ। ਇਹ ਲੋਕ ਤੁਹਾਡਾ ਸ਼ੋਸ਼ਣ ਕਰ ਰਹੇ ਹਨ। ਕਿਤਨੀ ਸੌਖੀ ਜ਼ਿੰਦਗੀ ਮਾਣ ਰਹੇ ਹਨ, ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ। ਤੇਰੇ ਵਰਗੀਆਂ ਸੋਹਣੀਆਂ ਤੀਵੀਆਂ ਇਨ੍ਹਾਂ ਤੇ ਅੰਨਾਂ ਵਿਸ਼ਵਾਸ ਕਰਦੀਆਂ ਹਨ।”
ਗੁਰੋ ਫਿਰ ਮੁਸਕਰਾ ਪਈ ਤੇ ਬੋਲੀ, “ਵੀਰ ਜੀ ਅਸੀਂ ਹਰ ਰੋਜ਼ ਇਸਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ। ਲੋਕੀਂ ਮੈਨੂੰ ਤੇ ਹੋਰ ਸ਼ਰਧਾਲੂਆਂ ਨੂੰ ਟਿਚਰਾਂ ਕਰਦੇ ਹਨ, ਕਿਉਂਕਿ ਉਹ ਬਾਬਾ ਜੀ ਦੀ ‘ਬਾਬਾ ਮਹਿਮਾਂ’ ਜਾਣਦੇ ਹੀ ਨਹੀਂ। ਤੁਸੀਂ ਵੀ ਸ਼ਾਇਦ ਮੈਨੂੰ ਅਨਪੜ੍ਹ ਗੁਆਰ ਪੇਂਡੂ ਹੀ ਸਮਝਦੇ ਹੋਵੋਗੇ।”
“ਨਹੀਂ ਨਹੀਂ ਮੈਂ ਤੈਨੂੰ ਤੇ ਮਾੜਾ ਨਹੀਂ ਸਮਝਦਾ। ਵਧੀਆ ਫ਼ੈਸ਼ਨੇਬਲ ਕੁੜੀ ਹੈਂ ਤੇ ਆਪਣੇ ਸਰੀਰ ਦਾ ਖਿਆਲ ਰੱਖਣ ਵਾਲੀ।” ਮੈਂ ਇਤਨੀ ਗੱਲ ਕਹਿ ਕੇ ਜਸਬੀਰ ਵੱਲ ਵੇਖਿਆ। ਉਹ ਵੀ ਹੱਥਲਾ ਕੰਮ ਛੱਡਕੇ ਮੇਰੇ ਵੱਲ ਹੀ ਵੇਖ ਰਹੀ ਸੀ। ਗੁਰੋ ਸਾਡੇ ਦੋਵਾਂ ਵੱਲ ਵੇਖ ਰਹੀ ਸੀ, ਬੋਲੀ, “ਵੀਰ ਜੀ ਮੈਂ ਕੋਈ ਅਨਪੜ੍ਹ ਨਹੀਂ ਗਰੈਜੂਏਟ ਹਾਂ ਤੇ ਉਹ ਵੀ ਹਿੰਦੂ ਕਾਲਜ਼ ਦੀ। ਮੇਰੇ ਹਸਬੈਂਡ ਚਾਰਟਰਡ ਅਕਾਊਂਟੈਂਟ ਹਨ। ਅਸੀਂ ਦੋਵੇਂ ਬਾਬਾ ਜੀ ਦੇ ਦਾਸ ਐਵੇਂ ਹੀ ਨਹੀਂ ਬਣ ਗਏ। ਸਾਡੇ ਵੀ ਸ਼ੰਕੇ ਸਨ ਜੋ ਨਵਿਰਤ ਹੋ ਗਏ ਹਨ। ਚਾਰਟਰਡ ਅਕਾਊਂਟੈਂਟ ਮੇਰਾ ਘਰਵਾਲਾ ਇੱਕ ਵੇਅਰਹਾਊਸ ਵਿਚ ਲੋਡਿੰਗ ਅਨਲੋਡਿੰਗ ਦਾ ਕੰਮ ਕਰਦਾ ਸੀ। ਦੋ ਸਾਲ ਤੱਕ ਉਹ ਲੱਕ ਤੁੜਾ ਕੇ ਘਰ ਆਉਂਦਾ ਸੀ। ਫੇਰ ਬਾਬਾ ਜੀ ਦੀ ਦੱਸ ਪਈ। ਅਸੀਂ ਅਣਮਨੇ ਮਨ ਨਾਲ ਗਏ ਤੇ ਬਾਬਾ ਜੀ ਦੀ ਮੇਹਰ ਹੋ ਗਈ। ਪਹਿਲੀ ਵਾਰ ਜਦੋਂ ਮੈਂ ਬਾਬਾ ਜੀ ਦੇ ਸਨਮੁੱਖ ਹੋਈ ਉਹ ਬਹੁਤ ਗੁੱਸੇ ਵਿਚ ਸਨ। ਇੱਕ ਕੋਈ ਅਬਲਾ ਔਰਤ ਭੱਜੀ ਭੱਜੀ ਆਈ ਤੇ ਚੌਫਾਲ ਬਾਬਾ ਜੀ ਦੇ ਚਰਨਾਂ ਵਿਚ ਸਿਧੀ ਲੰਮੀ ਪੈ ਗਈ। ਰੋਈ ਜਾਵੇ, ਵਾਲ ਪੁੱਟੀ ਜਾਵੇ ਤੇ ਕਹੀ ਜਾਵੇ ਮੈਂ ਅੱਜ ਪੁੱਤਰ ਦਾ ਵਰਦਾਨ ਲੈਕੇ ਹੀ ਜਾਣਾ ਹੈ। ਉਸ ਵੇਲੇ ਹਾਲ ਵਿਚ ਘਟੋ ਘੱਟ ਪੰਜ ਸੌ ਪ੍ਰਾਣੀ ਸਨ। ਸਨਾਟਾ ਛਾ ਗਿਆ। ਔਰਤ ਦੀਆਂ ਸਿਸਕੀਆਂ ਹਾਲ ਦੇ ਆਖਰੀ ਕੋਨੇ ਤੱਕ ਸੁਣ ਰਹੀਆਂ ਸਨ। ‘ਮੈਂ ਬੇ-ਔਲਾਦ ਹਾਂ। ਨੌ ਸਾਲ ਹੋ ਗਏ ਹਨ ਵਿਆਹ ਹੋਏ ਨੂੰ। ਹਰ ਰਾਤ ਘਰਵਾਲਾ ਮੇਰੇ ਸਰੀਰ ਦੇ ਛੱਪਰ ਪਾੜਦਾ ਹੈ। ਤੂੰ ਬਾਬਾ ਬਣਿਆਂ ਬੈਠਾ ਹੈਂ ਜਾਂ ਤਾਂ ਮੇਰਾ ਕਲਿਆਣ ਕਰ ਨਹੀਂ ਤਾਂ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਕੈਨੇਡਾ ਛਡ ਜਾ।
ਬਾਬਾ ਜੀ ਨੂੰ ਪਹਿਲੀ ਵਾਰ ਮੈਂ ਗੁੱਸੇ ਵਿਚ ਵੇਖਿਆ। ਗੁੱਸੇ ਨਾਲ ਉਨ੍ਹਾਂ ਦਾ ਮੂੰਹ ਲਾਲ ਹੋ ਗਿਆ। ਸਿਰ ਤੇ ਬੰਨੀ ਪੱਗ ਲਾਹ ਕੇ ਪਰੇ ਵਗਾਹ ਮਾਰੀ। ਆਪਣੀ ਜੂੜੀ ਖੋਲ ਲਈ ਤੇ ਬੋਲੇ, “ਇਸ ਦੁਸ਼ਟ ਔਰਤ ਨੂੰ ਮੇਰੀਆਂ ਅੱਖਾਂ ਤੋਂ ਪਰੇ ਲੈ ਜਾਉ। ਅਸੀਂ ਪਾਰਵਤੀ ਦੇ ਪੁੱਤਰ ਨਾਲ ਹਾਥੀ ਦਾ ਸਿਰ ਜੋੜ ਕੇ ਉਸਨੂੰ ਗਣੇਸ਼ ਬਣਾ ਸਕਦੇ ਹਾਂ ਤੇ ਇਹ ਕਲਮੂੰਹੀਂ ਸਾਡੇ ਇਸ਼ਟ ਨੂੰ ਲਲਕਾਰ ਰਹੀ ਹੈ। ਹੇ ਦਾਨਵ ਔਰਤ ਤੈਨੂੰ ਸਰਾਪ ਦੇਂਦੇਂ ਹਾਂ ਕਿ ਸੱਤਾਂ ਜਨਮਾਂ ਤੱਕ ਤੂੰ ਬੇਔਲਾਦ ਰਹੇਂਗੀ। ਔਲਾਦ ਦੀ ਖਾਤਰ ਭਟਕੇਂਗੀ। ਕੁੱਖ ਨੂੰ ਬੇਇਜ਼ਤ ਕਰਵਾਇਂਗੀ।”
“ਰਹਿਮ ਬਾਬਾ ਜੀ ਰਹਿਮ।” ਹਾਲ ਦੇ ਇੱਕ ਪਾਸਿਉਂ ਅਵਾਜ਼ ਆਈ। ਫੇਰ ਉਹੋ ਅਵਾਜ਼ ਹਾਲ ਦੇ ਦੂਸਰੇ ਪਾਸਿਉਂ ਆਈ। ਸਾਰਾ ਹਾਲ ਹੀ ਰਹਿਮ ਦੀ ਅਪੀਲ ਨਾਲ ਗੂੰਜ਼ ਉਠਿਆ। ਬਾਬਾ ਜੀ ਆਪਣੇ ਸਿੰਘਾਸਨ ਤੋਂ ਉੱਠੇ ਤੇ ਪਿੱਛੇ ਮੁੜਦੇ ਆਪਣੇ ਅਰਾਮ-ਕਖਸ਼ ਵਿਚ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਦ ਬਾਬਾ ਜੀ ਦਾ ਚੇਲਾ ਅਮਰਜੋਤ ਉੱਠਿਆ। ਦੋਵੇਂ ਹੱਥ ਉੱਚੇ ਕਰਕੇ ਸਭਨੂੰ ਸ਼ਾਂਤ-ਚਿੱਤ ਹੋਣ ਲਈ ਕਿਹਾ ਤੇ ਬੋਲਿਆ, “ਜਦ ਮੈਂ ਤੇਰੇ ਨਾਵਾਂ ਦਾ ਅੰਤ ਪਾ ਲਵਾਂ ਤਾਂ ਮੈਂ ਧਰਤੀ ਉਤਾਰ ਦੇਵਾਂ। ਜਦ ਉਹ ਤੇਰੇ ਨਾਵਾਂ ਨੂੰ ਜਪਣ ਲੱਗ ਪਵੇ ਤਾਂ ਅੰਤ ਪਾ ਲਵੇ। ਭਗਤੋ, ਸ਼ਾਂਤ ਹੋ ਜਾਵੋ। ਪਾਣੀ ਭਾਵੇਂ ਬਰਫ਼ ਬਣ ਜਾਏ ਭਾਵੇਂ ਭਾਫ। ਪਾਣੀ, ਪਾਣੀ ਹੀ ਰਹਿੰਦਾ ਹੈ। ਅੱਜ ਵਕਤ ਆ ਗਿਆ ਹੈ, ਬਾਬਾ ਜੀ ਦੇ ਇਮਤਿਹਾਨ ਦਾ। ਮੈਂ ਪਿੱਛਲੇ ਵੀਹ ਸਾਲ ਤੋਂ ਬਾਬਾ ਜੀ ਦਾ ਗੜਵਈ ਹਾਂ। ਮੈਨੂੰ ਪਤਾ ਹੈ ਬਾਬਾ ਜੀ ਦੀ ਸ਼ਕਤੀ ਦਾ। ਇਸ ਨਿਆਸਰੀ ਅਬਲਾ ਔਰਤ ਦੀਆਂ ਗੱਲਾਂ ਵਿਚ ਨਾ ਜਾਉ। ਤੁਸੀਂ ਨਹੀਂ ਜਾਣਦੇ ਪਿੱਛਲੇ ਸੱਤਾਂ ਜਨਮਾਂ ਤੋਂ ਇਹ ਕੀ ਕਰ ਰਹੀ ਹੈ। ਹਰ ਜਨਮ ਵਿਚ ਇਸਨੇ ਔਰਤਜ਼ਾਤ ਦਾ ਅਪਮਾਨ ਕੀਤਾ ਹੈ। ਇਹ ਮਾਂ ਬਣਨ ਦੇ ਲਾਇਕ ਹੀ ਨਹੀਂ। ਇਸਦਾ ਧੱਵਜ ਸ਼੍ਰਿਸਟੀ ਦੀ ਰਚਨਾ ਲਈ ਸਾਜ਼ਗਾਰ ਨਹੀਂ ਹੈ। ਆਉ ਆਪਾਂ ਰਲ-ਮਿਲਕੇ ਇਸਦਾ ਮਲੀਆ-ਮੇਟ ਕਰ ਦੇਈਏ।”
“ਬੁਲ-ਸ਼ਿਟ।” ਮੈਂ ਆਪ-ਮੁਹਾਰੇ ਕਹਿ ਉਠਿਆ।
“ਤੁਹਾਡੇ ਕੋਲੋਂ ਚੁੱਪ ਕਰਕੇ ਨਹੀਂ ਬੈਠ ਹੁੰਦਾ?” ਜਸਬੀਰ ਮੈਨੂੰ ਕੁੱਦ ਕੇ ਪਈ।
“ਅੱਗੇ ਕੀ ਹੋਇਆ?” ਜਸਬੀਰ ਨੇ ਗੁਰੋ ਨੂੰ ਪੁੱਛਿਆ।
ਗੁਰੋ ਮੁਸਕਰਾ ਪਈ, ਉਸਦਾ ਮੁਸਕਰਾਉਂਣਾ ਤੇ ਜਿਵੇਂ ਮੂੰਹ ਤੇ ਹੀ ਪਿਆ ਸੀ। ਉਹ ਮੁਸਕਰਾਉਂਦੀ ਸੀ ਜਾਂ ਗੱਲ ਤੇ ਪੈਂਦੇ ਡਿੰਪਲ ਦੀ ਨੂੰਾਇਸ਼ ਕਰਦੀ ਸੀ ਮੈਨੂੰ ਉਦੋਂ ਇਸਦੀ ਸਮਝ ਨਹੀਂ ਸੀ। ਡੁਲ ਡੁਲ ਪੈਂਦਾ ਹਾਸਾ ਉਸਦੀ ਆਦਤ ਨਹੀਂ ਸੀ ਸਗੋਂ ਕਾਰੋਬਾਰ ਸੀ। ਗੁਰੋ ਨੇ ਦੁਬਾਰਾ ਲੜੀ ਸ਼ੁਰੂ ਕੀਤੀ। “ਦੁਹਾਈ ਦੁਹਾਈ…ਹਾਲ ਦੇ ਵਿਚੋਂ ਉਹੋ ਔਰਤ ਉੱਠੀ ਤੇ ਸੰਤੋੜ ਬਾਬੇ ਦੇ ਕਲਸ਼ ਵੱਲ ਭੱਜ ਉੱਠੀ। ਉਸਨੇ ਆਪਣਾ ਸਿਰ ਪਟਕ ਪਟਕ ਮਾਰਨਾ ਸ਼ੁਰੂ ਕਰ ਦਿਤਾ। ਬੋਲੀ,’ਉਧਾਰ ਕਰੋ…ਉਧਾਰ ਕਰੋ। ਉਸਦੇ ਨਾਲ ਹੀ ਸਾਰੇ ਹਾਲ ਵਿਚੋਂ ਉਧਾਰ ਕਰੋ, ਉਧਾਰ ਕਰੋ ਦੀਆਂ ਅਵਾਜ਼ਾਂ ਆਉਂਣ ਲੱਗ ਪਈਆਂ। ਅਮਰਜੋਤ ਚੁੱਪਚਾਪ ਬੈਠ ਗਿਆ।
ਬਾਬਾ ਜੀ ਬਾਹਰ ਆ ਗਏ। ਉਨ੍ਹਾਂ ਆਪਣੇ ਦੋਵੇਂ ਹੱਥ ਉੱਪਰ ਕੀਤੇ ਤੇ ਸੰਗਤਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਸਭ ਆਪਣੀ ਆਪਣੀ ਜਗ੍ਹਾ ਬੈਠ ਗਏ। ਬਾਬਾ ਜੀ ਆਪਣੇ ਸਿੰਘਾਸਨ ਤੋਂ ਹੇਠਾਂ ਉਤਰੇ ਤੇ ਲੰਮੇ ਪਈ ਉਸ ਔਰਤ ਨੂੰ ਵਾਲਾਂ ਤੋਂ ਫੜ ਲਿਆ। ਵਾਲਾਂ ਤੋਂ ਖਿਚ ਕੇ ਔਰਤ ਨੂੰ ਖੜੀ ਕੀਤਾ। ਬਾਬਾ ਜੀ ਨੇ ਵਾਲਾਂ ਤੋਂ ਫੜਕੇ ਉਸਦਾ ਮੂੰਹ ਸਾਰੀ ਸੰਗਤ ਵੱਲ ਘੁੰਮਾਇਆ ਤੇ ਬੋਲੇ, “ਮੁੰਡਾ ਚਾਹੀਦਾ ਹੈ ਇਸ ਕਮਜ਼ਾਤ ਨੂੰ। ਅਸੀਂ ਮੁੰਡਿਆਂ ਦੀ ਮਸ਼ੀਨ ਲਾਈ ਹੈ?” ਬਾਬਾ ਜੀ ਨੂੰ ਕਚੀਚੀਆਂ ਵਟਦੇ ਮੈਂ ਪਹਿਲੀ ਵਾਰ ਵੇਖਿਆ ਸੀ। ਬਾਬਾ ਜੀ ਨੇ ਵਾਲ ਛੱਡਦਿਆਂ ਜ਼ੋਰ ਦਾ ਧੱਕਾ ਦਿਤਾ ਤੇ ਬੋਲੇ, “ਜਾ ਦਫਾ ਹੋ ਜਾ, ਤੈਨੂੰ ਦੋ ਪੁੱਤਰਾਂ ਦਾ ਵਰਦਾਨ ਦਿੱਤਾ ਪਰ ਦੁਬਾਰਾ ਸਾਡੇ ਦਰਬਾਰ ਵਿਚ ਨਾ ਆਈਂ।”
ਔਰਤ ਦਹਿਲੀਜ਼ ਪਾਰ ਕਰਦਿਆਂ ਫਿਰ ਮੁੜ ਆਈ ਤੇ ਬਾਬਾ ਜੀ ਦੇ ਪੈਰਾਂ ਨੂੰ ਚੰਬੜ ਗਈ ਤੇ ਬੋਲੀ, “ਬਾਬਾ ਜੀ ਇਕੋ ਪੁੱਤਰ ਦੇ ਦੇਵੋ ਪਰ ਆਪਣੇ ਦਰਬਾਰ ਵਿਚੋਂ ਨਾ ਕੱਢੋ।”
ਬਾਬਾ ਜੀ ਹੱਸ ਪਏ। ਉਨ੍ਹਾਂ ਔਰਤ ਨੂੰ ਉਠਾਇਆ ਆਪਣੀ ਹਿੱਕ ਨਾਲ ਲਾਇਆ ਤੇ ਬੋਲੇ ਜਾ ਤੇਰੇ ਸਾਰੇ ਪਾਪ ਮੈਂ ਆਪਣੇ ਸਿਰ ਲੈਂਦਾ ਹਾਂ, ਅੱਜ ਤੋਂ ਤੂੰ ਮੁੱਕਤ ਹੈਂ।
ਜੈ- ਜੈਕਾਰ ਇੱਕ ਤਿੱਖੀ ਜਨਾਨਾਂ ਅਵਾਜ਼ ਆਈ ਤੇ ਉਸਦੇ ਪਿੱਛੇ ਸਾਰੀ ਸੰਗਤ ਨੇ ਜੈ-ਜੈਕਾਰ ਕਹੀ। ਇਸਤਰ੍ਹਾਂ ਲਗਦਾ ਸੀ ਇਹ ਮਾਤ-ਲੋਕ ਹੈ ਹੀ ਨਹੀਂ ਤੇ ਵੀਰ ਜੀ ਅਸੀਂ ਵੀ ਬਾਬਾ ਜੀ ਦਾ ਲੜ ਫੜ ਲਿਆ।
ਮੈਂ ਹਸਣ ਲੱਗ ਪਿਆ। ਮੈਨੂੰ ਹਸਦਾ ਵੇਖਕੇ ਦਵਿੰਦਰ ਨੇ ਵੀ ਖੀਵੀ ਚੀਕ ਮਾਰੀ। ਮੈਨੂੰ ਆਪਣੀ ਗੱਲ ਅੱਗੇ ਤੋਰਨ ਦਾ ਜਿਵੇਂ ਹੌਂਸਲਾ ਹੋ ਗਿਆ।
“ਗੁਰੋ ਤੂੰ ਪੜੀ ਲਿਖੀਂ ਹੈਂ, ਤੇਰੇ ਘਰਵਾਲਾ ਪੜਿਆ ਗੁੜਿਆ ਹੈ ਫਿਰ ਇਹ ਅਨਪੜ੍ਹਾਂ ਵਾਲਾ ਨਾਮ ਗੁਰੋ….ਮੇਰੀ ਸਮਝ ਵਿਚ ਨਹੀਂ ਆਉਂਦਾ। ਕਿਤੇ ਬਾਬੇ ਨੇ ਤੇ ਨਹੀਂ ਕੁੱਝ ਊਚ-ਨੀਚ ਕੀਤੀ?”ਮੈਂ ਸੁਆਦ ਲੈਂਦਿਆਂ ਮਸ਼ਕਰੀ ਕੀਤੀ। ਗੁਰੋ ਮੇਰੇ ਸੁਆਦ ਨੂੰ ਸਮਝ ਗਈ ਸੀ। ਉਸਨੇ ਤਰੀਕੇ ਨਾਲ ਆਪਣਾ ਗਲਮਾਂ ਨੀਵਾਂ ਕਰ ਲਿਆ। ਮੇਰੀਆਂ ਅੱਖਾਂ ਵਿਚ ਅੱਖਾਂ ਪਾਕੇ ਚੁੰਨੀ ਸਾਖਸ਼ਾਤ ਨੀਵੀਂ ਕਰ ਲਈ। ਜਸਬੀਰ ਦੀ ਪਿੱਠ ਸੀ ਜਦੋਂ ਗੁਰੋ ਮੁਸਕਰਾ ਵੀ ਪਈ। ਮੈਨੂੰ ਗਲਮੇਂ ਵੱਲ ਝਾਕਦਿਆਂ ਵੇਖਕੇ ਗੁਰੋ ਨੇ ਆਪਣੀਆਂ ਲੱਤਾਂ ਦੀ ਕਰਿੰਗੜੀ ਬਣਾ ਲਈ। ਮੈਨੂੰ ਲੱਗਾ ਗੁਰੋ ਗੋਲ ਤੇ ਗੋਲ ਕਰ ਰਹੀ ਸੀ। ਉਸਦੀਆਂ ਅੱਖਾਂ ਵਿਚ ਇੱਕ ਲਿਸ਼ਕ ਸੀ ਜੋ ਮੈਨੂੰ ਸੌਖਿਆਂ ਕਰ ਗਈ। ਦਸ ਸੈਕਿੰਡ ਦੀ ਚੁੱਪ ਜਿਵੇਂ ਜਸਬੀਰ ਦੀ ਪਿੱਠ ਤੋਂ ਬਰਦਾਸ਼ਤ ਨਾ ਹੋਈ। ਉਸਨੇ ਸਾਡੀ ਮਿਲਣੀ ਨੂੰ ਹੋਰ ਮੌਕਾ ਨਾ ਦਿੱਤਾ ਤੇ ਆਕੇ ਸੋਫੇ ਤੇ ਬੈਠ ਗਈ। ਸਟੋਵ ਤੇ ਰੱਖੀ ਚਾਹ ਮੱਧਮ ਹੀਟ ਤੇ ਰਿੱਝਣ ਲੱਗੀ। ਮੇਰਾ ਉਬਾਲ ਵੀ ਜਿਵੇਂ ਚਾਹ ਵਿਚਲੀਆਂ ਪੱਤੀਆਂ ਨਾਲ ਖੇਡਣ ਲੱਗ ਪਿਆ।
“ਵੀਰ ਜੀ ਗੁਰੋ ਨਾਮ ਤਾਂ ਮੈਨੂੰ ਬਾਬਾ ਜੀ ਨੇ ਦਿਤਾ ਹੈ। ਅਸੀਂ ਪੂਰਾ ਸਾਲ ਸੇਵਾ ਕੀਤੀ ਬਾਬਾ ਜੀ ਦੇ ਦਰਬਾਰ ਦੀ।”
“ਪਰ ਤੇਰੇ ਕੋਲੋਂ ਇੱਕ ਸਾਲ ਸੇਵਾ ਕਰਵਾਉਂਣ ਦੀ ਕੀ ਲੋੜ ਸੀ, ਤੇਰੇ ਬਾਬਾ ਜੀ ਨੂੰ? ਬਾਬਾ ਫਿਰ ਤੇਰਾ ਪਾਰਖੂ ਕਿਵੇਂ ਹੋ ਗਿਆ?”
“ਵੀਰ ਜੀ ਤੁਸੀਂ ਤੇ ਮਸ਼ਕਰੀਆਂ ਕਰਦੇ ਹੋ। ਮੈਂ ਸਭ ਸਮਝਦੀ ਹਾਂ। ਮੇਰਾ ਤਾਂ ਰੋਜ਼ ਹੀ ਵਾਹ ਪੈਂਦਾ ਹੈ ਅਗਿਆਨੀਆਂ ਨਾਲ। ਤੁਹਾਨੂੰ ਕੀ ਪਤਾ ਮੈਨੂੰ ਕੀ ਕੀ ਸੁਣਨਾ ਪੈਂਦਾ ਹੈ? ਪਹਿਲਾਂ ਪਹਿਲਾਂ ਗੁੱਸਾ ਆਉਂਦਾ ਸੀ। ਹੁਣ ਨਹੀਂ ਆਉਂਦਾ। ਹੁਣ ਤੇ ਜਿਵੇਂ ਮੇਰੇ ਪਾਪ ਉੱਤਰ ਰਹੇ ਹੋਣ। ਹਰ ਮਸ਼ਕਰੀ ਮੈਨੂੰ ਹੋਰ ਨਿਖਾਰਦੀ ਹੈ।” ਗੁਰੋ ਨੇ ਆਪਣੀ ਚੁੰਨੀ ਕੁੱਝ ਇਸ ਅੰਦਾਜ਼ ਵਿਚ ਉੱਪਰ ਕੀਤੀ ਜਿਵੇਂ ਕੋਈ ਕੀਮਤੀ ਚੀਜ਼ ਨੂੰ ਸਜਦਾ ਕਰ ਰਿਹਾ ਹੋਵੇ।
ਮੇਰਾ ਗੁੱਸਾ, ਮੇਰੀ ਦਲੀਲ ਸਭ ਝੂਠੇ ਪੈ ਰਹੇ ਸਨ। “ਗੁਰੋ ਤੇਰੇ ਪਾਪ ਉੱਤਰ ਨਹੀਂ ਰਹੇ ਸਗੋ ਧੋਏ ਜਾ ਰਹੇ ਹਨ।”
” ਨਾ ਤੁਸੀਂ ਸਵੇਰੇ ਸਵੇਰੇ ਲੱਗ ਪਏ ਹੋ ਜਬਲੀਆਂ ਮਾਰਨ, ਕੀ ਫਰਕ ਹੈ ਪਾਪ ਉੱਤਰਣ ‘ਚ ਤੇ ਪਾਪ ਧੋਏ ਜਾਣ ‘ਚ।” ਜਸਬੀਰ ਨੇ ਮੇਰੇ ਵੱਲ ਗੁੱਸੇ ਨਾਲ ਵੇਖਿਆ ਹੀ ਨਹੀਂ ਸਗੋਂ ਕੱਚਾ ਚਬਾ ਜਾਣ ਦਾ ਭੁਲੇਖਾ ਜਿਹਾ ਵੀ ਦਿਤਾ।
“ਬਹੁਤ ਫਰਕ ਹੈ, ਕਿਉਂ ਗੁਰੋ ਹੈ ਕਿ ਨਹੀਂ?”
ਗੁਰੋ ਫਿਰ ਮੁਸਕਰਾ ਪਈ। “ਚਲ ਛੱਡ ਗੁਰੋ, ਆਪਣੇ ਇਸ ਫੁਰਤੀਲੇ ਜਿਹੇ ਨਾਮਕਰਣ ਬਾਰੇ ਕੁੱਝ ਦੱਸ।”ਮੈਂ ਜਿਵੇਂ ਇਲਤਜ਼ਾ ਕੀਤੀ ਹੋਵੇ।
“ਮੈਂ ਸੰਗਤ ਨੂੰ ਪਾਣੀ ਪਿਲਾ ਰਹੀ ਸੀ ਜਦੋਂ ਬਾਬਾ ਜੀ ਨੇ ਅਵਾਜ਼ ਮਾਰੀ, “ਗੁਰੋ ਅੰਦਰੋਂ ਮੇਰਾ ਗਲਾਸ ਲੈ ਤੇ ਮੈਨੂੰ ਵੀ ਪਾਣੀ ਪਿਆ। ਮੈਂ ਪਿਆਸਾ ਹਾਂ। ” ਮੈਂ ਅਨਸੁਣਿਆ ਕਰ ਦਿੱਤਾ। ਬਾਬਾ ਜੀ ਖੌਰੇ ਕਿਸਨੂੰ ਬੁਲਾ ਰਹੇ ਸਨ। ਅਚਾਨਕ ਮੇਰੇ ਮੋਢੇ ਤੇ ਕਿਸੇ ਨੇ ਪੋਲੀ ਜਿਹੀ ਦਸਤਕ ਦਿੱਤੀ। ਮੈਂ ਉੱਪਰ ਦੇਖਿਆ ਕੋਈ ਨਹੀਂ ਸੀ। ਐਧਰ ਉਧਰ ਵੇਖਦੀ ਨੇ ਮੈਂ ਬਾਬਾ ਜੀ ਵੱਲ ਵੇਖਿਆ। ਪਹਿਲੀ ਵਾਰ ਬਿਨ੍ਹਾਂ ਗਰਦਨ ਝੁਕਾਏ। ਬਾਬਾ ਜੀ ਨੇ ਸੈਨਤ ਨਾਲ ਕੋਲ ਸੱਦਕੇ ਕਿਹਾ, “ਗੁਰੋ ਮੈਨੂੰ ਪਿਆਸ ਲੱਗੀ ਹੈ,ਪਾਣੀ ਪਿਲਾ।”
“ਵੀਰ ਜੀ ਸਤਸੰਗ ਖਤਮ ਹੋ ਗਿਆ। ਮੈਂ ਅਸਚਰਜ ਸਾਂ ਐਨੀ ਦੂਰੋਂ ਬਾਬਾ ਜੀ ਨੇ ਮੇਰਾ ਮੋਢਾ ਕਿਵੇਂ ਛੂਹ ਲਿਆ। ਬਾਬਾ ਜੀ ਨੇ ਹੁੱਕਮ ਦਿੱਤਾ, ਗੁਰੋ ਤੂੰ ਨਹੀਂ ਜਾਣਾ। ਤੁਸੀਂ ਦੋਵੇਂ ਮੇਰੇ ਕਖਸ਼ ਵਿਚ ਆਉ। ਸਾਰੀ ਸੰਗਤ ਹੌਲੀ ਹੌਲੀ ਪਾਰਕਿੰਗ ਲਾਟ ਵੱਲ ਉਲਰੀ ਪਈ ਸੀ। ਅਸੀਂ ਸ਼ੰਕਾਵਾਂ ਵਿਚ ਸਾਂ। ਸਾਡੇ ਵੀ ਦਿਲ ਵਿਚ ਉਹੋ ਵਿਚਾਰ ਆ ਰਹੇ ਸਨ ਜੋ ਇਸ ਵੱਕਤ ਤੁਹਾਡੇ ਮਨਾਂ ਵਿਚ ਆ ਰਹੇ ਹਨ। ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ। ਤੁਹਾਡੇ ਵਕਾਰਾਂ ਨੇ ਤੁਹਾਨੂੰ ਬੰਨ੍ਹ ਕੇ ਰਖਿਆ ਹੋਇਆ ਹੈ। ਇੱਕ ਵਾਰ ਇਸ ਕੱਸ ਨੂੰ ਢਿਲ ਪੈਣ ਦੀ ਲੋੜ ਹੈ। ਫਿਰ ਤੁਸੀਂ ਪਿਘਲਦੀ ਬਰਫ ਵਾਂਗ ਵਹਿੰਦੇ ਹੀ ਜਾਣਾ ਹੈ। ਕੀ ਹੈ ਮੇਰੇ ਕੋਲ ਜੋ ਬਾਬਾ ਜੀ ਨੂੰ ਦੇਣ ਜੋਗਾ ਹੈ?”ਗੁਰੋ ਉੱਠਕੇ ਖੜੀ ਹੋ ਗਈ। ਖੜੇ ਖੜੋਤੇ ਘੁੰਮ ਗਈ।
“ਦੇਣ ਨੂੰ ਤਾਂ ਬਹੁਤ ਕੁੱਝ ਹੈ।” ਮੈਂ ਮੁਸਕਰਾ ਕੇ ਕਿਹਾ। ਮੇਰੀ ਮੁਸਕਰਾਹਟ ਹਾਸੇ ਵਿਚ ਵੱਟ ਗਈ। ਮੈਨੂੰ ਖੁਸ਼ ਵੇਖਕੇ ਦਵਿੰਦਰ ਵੀ ਚੀਕ ਮਾਰ ਕੇ ਹੱਸ ਪਿਆ ਤੇ ਉਸਨੇ ਉਂਗੂਠਾ ਵੀ ਖੜਾ ਕਰ ਦਿੱਤਾ। ਸਾਡੇ ਪਿਉ-ਪੁੱਤ ਦੀ ਘਟੀਆ ਹਾਸੀ ਵੇਖਕੇ ਜਸਬੀਰ ਖਿਝ ਗਈ। “ਸ਼ਰਮ ਕਰੋ ਤੁਸੀਂ, ਪਤਾ ਨਹੀਂ ਕਿਹੜੇ ਪਾਪਾਂ ਦੀ ਸਜਾ ਭੁਗਤ ਰਹੇ ਹਾਂ ਹੁਣ ਤੇ ਬਸ ਕਰੋ।”
ਗੁਰੋ ਨੂੰ ਕੋਈ ਗੁਸਾ ਨਹੀਂ ਆਇਆ। ਉਸਦੇ ਚੇਹਰੇ ਤੇ ਨੂਰ ਸੀ। ਪਤਾ ਨਹੀਂ ਕਾਹਦਾ….ਜਸਬੀਰ ਇਸਨੂੰ ਰੁਹਾਨੀਅਤ ਕਹਿੰਦੀ ਸੀ ਤੇ ਮੈਂ ਸੋਚਦਾ ਸੀ ਇਹ ਚਲਾਕ ਔਰਤ ਠੱਗ ਬਾਬੇ ਦੀ ਏਜੰਟ ਹੈ। ਪੈਸੇ ਵੀ ਬਟੋਰਦੀ ਹੈ ਤੇ ਹੋਰ ਪਤਾ ਨਹੀਂ ਕੀ ਕੁੱਝ…..ਚਾਰ ਲੱਖ ਦਾ ਘਰ ਲਈ ਬੈਠੀ ਹੈ। ਪਰ ਮੈਂ ਕਿਤਨਾ ਗਲਤ ਸੋਚਦਾ ਸੀ। ਦੁਨੀਆਂ ਜਾਲਮ-ਮਜ਼ਲੂਮ ਦੀ ਲੜਾਈ ਹੀ ਨਹੀਂ ਕੁੱਝ ਹੋਰ ਵੀ ਹੈ। ਇਹ ਧਰਮ-ਕਰਮ ਕਿਤਨੇ ਬਲਵਾਨ ਹਨ। ਇਹ ਦੁਨੀਆਂ ਤਾਂ ਇੱਕ ਮੁਸਾਫਰ-ਖਾਨਾ ਹੈ। ਜਨਮਾਂ-ਜਨਮਾਂਤਰਾਂ ਦੇ ਚੱਕਰ ਆਪਣੇ ਅੰਦਰ ਕਿਤਨਾ ਕੁੱਝ ਛਪਾਈ ਬੈਠੇ ਹਨ। ਰਿਸ਼ੀਆਂ ਦੇ ਤੱਪ,ਜਾਨ ਹਲੂਣ ਕੇ ਪ੍ਰਾਪਤ ਕੀਤੀ ਆਵਾਗਮਨ ਦੀ ਛੋਟ …ਮੌਕਸ਼।
“ਹਾਂ ਤੇ ਫੇਰ ਅੱਗੇ ਕੀ ਹੋਇਆ?” ਮੈਂ ਪੁਛਿਆ। ਮੈਂ ਜਾਨਣਾ ਚਾਹੁੰਦਾ ਸੀ ਬਾਬੇ ਨੇ ਫੇਰ ਕੀ ਕਿਹਾ, ਇਨ੍ਹਾਂ ਨੂੰ ਆਪਣੇ ਕਖਸ਼ ਵਿਚ ਸੱਦਕੇ। ਮੇਰੇ ਡੋਲਦੇ ਪਾਣੀਆਂ ਨੇ ਫਿਰ ਮੈਨੂੰ ਕੁੱਝ ਕਿਹਾ। ਮੈਂ ਪੱਕਾ ਵਿਰੋਧੀ ਸਾਂ ਇਨ੍ਹਾਂ ਠੱਗ-ਬਾਬਿਆਂ ਦੇ। ਜਿਹੜੇ ਭੋਲੇ-ਭਾਲੇ ਲੋਕਾਂ ਵਿਚ ਵਹਿਮ ਭਰਕੇ ਆਪਣੇ ਕੋਠੇ ਵੀ ਭਰਦੇ ਹਨ ਤੇ ਔਰਤਾਂ ਦਾ ਸਰੀਰਕ ਸ਼ੋਸਣ ਵੀ ਕਰਦੇ ਹਨ। ਮੈਂ ਕਿਆਸ ਕਰ ਰਿਹਾ ਸੀ ਕਿ ਇਹ ਸਾਹਮਣੇ ਬੈਠੀ ਸੁੱਨਖੀ ਸੋਹਣੀ ਭਰਪੂਰ ਅੰਗਾਂ ਦੀ ਮਾਲਕ ਬਾਬੇ ਵਲੋਂ ਠੱਗੀ ਹੋਈ ਸੀ ਤੇ ਮੈਂ ਇਸ ਕਹਾਣੀ ਦੇ ਮਣਕੇ ਆਪਣੇ ਤਰੀਕੇ ਨਾਲ ਜੋੜ ਜੋੜ ਕੇ ਇੱਕ ਮਾਲਾ ਬਨਾਉਣਾ ਚਾਹੁੰਦਾ ਸੀ ਜਿਸਨੂੰ ਕਿਆਸ ਕਰਕੇ ਮੈਨੂੰ ਸੁਆਦ ਆਏ। ਅਚਾਨਕ ਮੇਰਾ ਧਿਆਨ ਜਸਬੀਰ ਵੱਲ ਗਿਆ। ਮੈਂ ਉਸਨੂੰ ਅਜੀਬ ਨਜ਼ਰਾਂ ਨਾਲ ਵੇਖਣ ਲੱਗਾ। ਉਸਦੀ ਤੁਲਨਾ ਗੁਰੋ ਨਾਲ ਕਰਨ ਲੱਗਾ। ਉਹ ਤੇ ਗੁਰੋ ਨਾਲੋਂ ਜ਼ਿਆਦਾ ਸੋਹਣੀ ਸੀ। ਬਾਬਾ ਜੀ ਨੇ ਜਸਬੀਰ ਕੋਲੋਂ ਪਾਣੀ ਦਾ ਗਲਾਸ ਤਾਂ ਛੇ ਮਹੀਨੇ ਵਿਚ ਮੰਗ ਲੈਣਾ ਸੀ। ਮੈਂ ਔਖਾ ਜਿਹਾ ਹੋਕੇ ਬੈਠੇ ਬੈਠੇ ਹੀ ਪਾਸਾ ਪਰਤਿਆ।
“ਤੇ ਵੀਰ ਜੀ ਸਾਰੀ ਸੰਗਤ ਚਲੇ ਗਈ। ਪੂਰੇ ਹਾਲ ਵਿਚ ਚੰਦ ਕੁ ਸੇਵਕ ਹੀ ਰਹਿ ਗਏ ਸਨ। ਰਾਜ ਰਾਣੀ ਮੇਰੇ ਕੋਲ ਆਈ।”
“ਇਹ ਰਾਜ ਰਾਣੀ ਕੀ ਛੈਅ ਹੈ?” ਮੈਂ ਪੁੱਛਿਆ।
“ਰਾਜ ਰਾਣੀ ਵੀਰ ਜੀ ਸਾਡੇ ਨਾਲਦੇ ਪਿੰਡ ਦੀ ਹੈ ਪੰਜਾਬੋਂ। ਸਾਡੇ ਤੋਂ ਕੋਈ ਡੇਢ ਕੁ ਸਾਲ ਪਹਿਲਾਂ ਟਰਾਂਟੋ ਆਈ ਸੀ। ਇਹ ਬਾਬਾ ਜੀ ਦੀ ਪੰਜਾਬ ਤੋਂ ਹੀ ਸ਼ਰਧਾਲੂ ਸੀ। ਇਸਦਾ ਰਿਸ਼ਤਾ ਵੀ ਬਾਬਾ ਜੀ ਨੇ ਆਪਣੇ ਇੱਕ ਸ਼ਰਧਾਲੂ ਨਾਲ ਕਰਵਾਇਆ ਸੀ। ਰਾਜ ਰਾਣੀ ਤਾਂ ਟਰਾਂਟੋ ਵਿਆਹ ਤੋਂ ਦੋ ਮਹੀਨੇ ਬਾਦ ਹੀ ਆ ਗਈ ਸੀ। ਲੋਕੀ ਐਵੇਂ ਗੱਲਾਂ ਮਾਰੀ ਜਾਂਦੇ ਹਨ। ਬਾਬਾ ਜੀ ਨੇ ਆਪ ਮੇਰੇ ਅੱਗੇ ਸੌਂਹ ਖਾਧੀ ਸੀ। “
“ਕਾਹਦੀ ਸੌਂਹ?” ਮੈਂ ਸੁਭੈਕੀ ਪੁੱਛਿਆ।
“ਤੁਹਾਨੂੰ ਨਹੀ ਪਤਾ?”
“ਨਹੀਂ।”
“ਚਲੋ ਛੱਡੋ ਫੇਰ?” ਗੁਰੋ ਨੇ ਆਪਣੀ ਕਚੀ ਪੈ ਰਹੀ ਗੱਲ ਤੇ ਪੋਚਾ ਹੀ ਲਾ ਦਿਤਾ।
“ਗੁਰੋ ਇਹ ਸਭ ਡਾਲਰਾਂ ਦੀਆਂ ਗੱਲਾਂ ਹਨ। ਮੈ ਨਹੀਂ ਮੰਨਦਾ। ਜੇ ਬਾਬਾ ਸੱਚਾ ਹੈ ਤਾਂ ਕਹਿ ਬਾਬੇ ਨੂੰ, ਸਾਨੂੰ ਮਾਇਆ ਨਾਲ ਮਾਲੋਮਾਲ ਕਰ ਦੇਵੇ। ਦਵਿੰਦਰ ਦਾ ਇਲਾਜ ਅਸੀਂ ਆਪੇ ਕਰਵਾ ਲਵਾਂਗੇ। ਸਾਡਾ ਬੈਂਕ ਕਦੇ ਨਹੀਂ ਭਰਿਆ। ਜੇ ਧੂਫ ਬੱਤੀ ਦੇਣੀ ਹੈ ਤਾਂ ਸਾਡੀ ਪਾਸ ਬੁੱਕ ਨੂੰ ਦੇਵੇ।” ਮੈਂ ਇਤਨਾ ਆਖ ਕੇ ਜੋਰ ਜੋਰ ਦੀ ਹੱਸਣ ਲੱਗ ਪਿਆ। ਮੈਨੂੰ ਪਤਾ ਸੀ ਇਸਦਾ ਗੁਰੋ ਕੋਲ ਕੋਈ ਉੱਤਰ ਨਹੀਂ ਹੋਣਾ। ਗੁਰੋ ਨੇ ਉੱਲਰ ਕੇ ਟਾਈਮ ਵੇਖਿਆ ਤੇ ਤ੍ਰਬਕ ਕੇ ਬੋਲੀ, “ਇਹ ਤਾਂ ਮਾਮੂਲੀ ਗੱਲ ਹੈ। ਉਹ ਗਿਆਰਾਂ ਵੱਜ ਗਏ, ਟਾਈਮ ਦਾ ਪਤਾ ਹੀ ਨਹੀਂ ਲੱਗਾ। ਅੱਛਾ ਹੁਣ ਮੈਨੂੰ ਜਾਣਾ ਪੈਣਾ। ਅੱਜ ਬਾਬਾ ਜੀ ਵਿਨੀਪੈਗ ਜਾ ਰਹੇ ਹਨ। ਦੋ ਵਜ਼ੇ ਫਲਾਈਟ ਹੈ।”
“ਤੁਸੀਂ ਉਨ੍ਹਾਂ ਨੂੰ ਏਅਰਪੋਰਟ ਤੇ ਛੱਡਣ ਜਾਂਣਾ ਹੋਣਾ।” ਜਸਬੀਰ ਨੇ ਸਰਸਰੀ ਪੁੱਛਿਆ।
“ਨਹੀਂ ਏਅਰਪੋਰਟ ਤੇ ਤਾਂ ਲਖਵਿੰਦਰ ਭਾਜ਼ੀ ਛੱਡਕੇ ਆਉਣਗੇ ਆਪਣੀ ਵੈਨ ਵਿਚ। ਉਹ ਕਿਚਨਰ ਰਹਿੰਦੇ ਹਨ। ਆ ਗਏ ਹੋਣਗੇ ਹੁਣ ਤੱਕ ਤਾਂ। ਮੇਰੀ ਜ਼ਿੰਮੇਵਾਰੀ ਤਾਂ ਕੇਸਰ ਘੋਲਣ ਦੀ ਹੈ। ਉਹ ਜਦ ਵੀ ਟਰਾਂਟੋ ਹੁੰਦੇ ਹਨ, ਉਨ੍ਹਾਂ ਦੇ ਮੱਥੇ ਟਿੱਕਾ ਲਾਉਣ ਲਈ ਕੇਸਰ ਬਨਾਉਣ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਤੇ ਵਿਧੀ ਵੀ ਉਨ੍ਹਾਂ ਸਿਰਫ ਮੈਨੂੰ ਹੀ ਦਸੀ ਹੋਈ ਹੈ। ਇਹ ਵਿਧੀ ਤਾਂ ਰਾਜ ਰਾਣੀ ਨੂੰ ਵੀ ਨਹੀਂ ਪਤਾ।” ਗੁਰੋ ਗਰੂਰ ਨਾਲ ਕਹਿੰਦੀ ਹੋਈ ਉੱਠ ਪਈ ਤੇ ਮੈਂ ਕਿਹਾ, “ਇਹ ਕੇਸਰ ਬਨਾਉਣ ਦੀ ਰੈਸਪੀ ਤੁਹਾਡੇ ਕੋਲ ਹੀ ਹੈ?” ਗੁਰੋ ਨੇ ਮੇਰੇ ਧੱਫਾ ਮਾਰਿਆ ਪਿੱਠ ਤੇ। ਬੱਸ ਧੱਫੇ ਨੂੰ ਜ਼ਰਾ ਲਮਕਾ ਦਿੱਤਾ ਮੇਰੇ ਲੂੰ-ਕੰਡੇ ਖੜੇ ਹੋ ਗਏ। ਮੇਰੇ ਵਕਾਰਾਂ ਨੂੰ ਵੰਗਾਰਦੀ ਹੋਈ ਉਹ ਗੁਰਗਾਬੀ ਪਾਉਣ ਲੱਗ ਪਈ। ਦੋਵੇਂ ਹੱਥ ਜੋੜ ਕੇ ਬੋਲੀ, “ਮੈਨੂੰ ਪਤਾ ਹੈ ਤੁਸੀਂ ਕੀ ਚਾਹੁੰਦੇ ਹੋ। ਇਹ ਮਾਇਆ ਛਾਇਆ, ਬਾਬਾ ਜੀ ਦੀ ਮੇਹਰ ਰਹੀ ਤਾਂ ਸਭ ਕੁੱਝ ਮਿਲੇਗਾ ਜਿਸਦੀ ਤਮੰਨਾ ਹੈ। ਬਾਬਾ ਜੀ ਦਾ ਇਹ ਬਚਨ ਹੈ ਕਿ ਖਾਹਸ਼ਾਂ ਤੇ ਕਾਬੂ ਪਾਉ ਉਨ੍ਹਾਂ ਨੂੰ ਮਾਰੋ ਨਹੀਂ। ਖਾਹਸ਼ਾਂ ਨੂੰ ਪੂਰਾ ਕਰੋ। ਅਧੂਰੀਆਂ ਖਾਹਸ਼ਾਂ ਤੇ ਕਾਬੂ ਨਹੀਂ ਪੈਂਦਾ। “
” ਪਰ ਬੀਬਾ ਜੀ ਗੱਲ ਤਾਂ ਸਾਰੀ ਅਧੂਰੀ ਛੱਡ ਚਲੇ ਹੋ।” ਮੈਂ ਗੁਰੋ ਦੀਆਂ ਲੁੱਚੀਆਂ-ਅੱਖਾਂ ਦੀਆਂ ਗੋਲਾਈਆਂ ਨੂੰ ਪੁੱਛਿਆ।
“ਬਾਕੀ ਫੇਰ ਦਸਾਂਗੀ ਅੱਜ ਜਾਕੇ ਕੇਸਰ ਬਨਾਉਣਾ ਹੈ। ਫੇਰ ਗਰੌਸਰੀ ਦਾ ਨਿੱਕ-ਸੁੱਕ ਖਰੀਦਣਾ ਹੈ। ਸੋਮ-ਮੰਗਲ ਅਸੀਂ ਦੋਵੇਂ ਬਿਜ਼ੀ ਹਾਂ। ਕੁੱਝ ਨਵੇਂ ਅਕਾਊਂਟਸ-ਕੰਟਰੈਕਟ ਮਿਲੇ ਹਨ ਬਾਬਾ ਜੀ ਦੀ ਮੇਹਰ ਨਾਲ। ਬੁੱਧਵਾਰ ਦੁਪਿਹਰੋਂ ਬਾਦ ਮੈਂ ਵੇਹਲੀ ਹਾਂ। ਜੇ ਕਹੋ ਤਾਂ ਸ਼ਾਮ ਨੂੰ ਆ ਜਾਵਾਂਗੀ ਜਾਂ ਤੁਸੀਂ ਦੋਵੇਂ ਆ ਜਾਇਉ ਕਿਤੇ ਲੌਂਗ-ਡਰਾਈਵ ਤੇ ਚਲਾਂਗੇ। ਰਾਹ ਵਿਚ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਦਿਆਂਗੀ। ਪਰ ਸ਼ਰਤ ਇਕੋ ਹੈ ਬਾਬਾ ਜੀ ਦੇ ਸਤਿਸੰਗ ਵਿਚ ਜ਼ਰੂਰ ਚਲਣਾ ਹੈ ਦਵਿੰਦਰ ਨੂੰ ਲੈਕੇ। ਉਸਦੇ ਦਰਬਾਰ ਵਿਚ ਕਿਸੇ ਗੱਲ ਦਾ ਘਾਟਾ ਨਹੀਂ। “
“ਜਾਉ ਗੁਰੋ ਭੈਣ ਜੀ ਨੂੰ ਛੱਡ ਆਉ।” ਜਸਬੀਰ ਨੇ ਜਿਵੇਂ ਮੇਰੀ ਮਨੋ-ਕਾਮਨਾਂ ਪੂਰੀ ਕੀਤੀ ਹੋਵੇ। ਮੈਂ ਸੋਚ ਰਿਹਾ ਸੀ ਕਿਤੇ ਜਸਬੀਰ ਆਪ ਹੀ ਨਾ ਚਾਬੀ ਘੁੰਮਾਉਂਣ ਲੱਗ ਪਵੇ।
“ਵੀਰ ਜੀ ਜ਼ਰਾ ਕਿੱਲੀ ਦਬਿਉ। ਬਾਬਾ ਜੀ ਦੇ ਕੇਸਰ ਦਾ ਟਾਈਮ ਹੋ ਰਿਹਾ ਹੈ।” ਗੁਰੋ ਨੇ ਬੰਨ੍ਹੀ ਘੜੀ ਵਾਲੀ ਵੀਣੀ ਜ਼ਰਾ ਲੋੜ ਤੋਂ ਵੱਧ ਨੰਗੀ ਕਰ ਲਈ। ਮੈਂ ਕਈ ਕੁੱਝ ਸੋਚ ਰਿਹਾ ਸੀ। ਫੇਰ ਅਖੀਰ ਤੇ ਇਹੋ ਫੈਸਲਾ ਕੀਤਾ ਕਿ ਐਵੇਂ ਕਾਹਲੀ ਨਹੀ ਕਰਨੀ। ਇਸ ਮਲਾਈ ਨੂੰ ਜ਼ਰਾ ਹੋਰ ਮੋਟੀ ਹੋਣ ਦਿਓ।
“ਵੀਰੂ ਜੀ ਇਹਨਾਂ ਵਹਿਣਾਂ ਵਿਚੋਂ ਨਿਕਲੋ, ਕੁੱਝ ਨਹੀਂ ਪਿਆ। ਇਹ ਤਾਂ ਗੰਦ ਹੈ ਦਿਮਾਗ ਦੇ ਚਾਰੇ ਪਾਸੇ ਖਿਲਰਿਆ ਹੋਇਆ। ਨਿੱਤਰੇ ਪਾਣੀ ਨੂੰ ਥੋੜਾ ਜਿਹਾ ਤਾਂ ਰਾਹ ਦਿਉ ਕਿ ਉਹ ਤੁਹਾਡੀ ਰੂਹ ਨੂੰ ਟੁੰਬ ਸਕੇ। ਇਹ ਮਾਇਆ,ਇਹ ਕਾਮ, ਇਹ ਤਾਂ ਪਾਣੀ ਦੇ ਬੁਲਬੁਲੇ ਹਨ। ਘੜੀ ਪਲ ਟਿਮਟਮਾ ਕੇ ਫਿਸ ਜਾਂਦੇ ਹਨ, ਅਸਲ ਮਸਲਾ ਤਾਂ ਰੂਹ ਦੀ ਪਕੜ ਹੈ।”ਅੰਗਾਂ ਦੇ ਛਾਬੇ ਨੇ ਆਪ ਹੀ ਤਾਰ ਛੇੜ ਲਈ।
“ਫਿਰ ਤੇਰੀ ਉਹ ਦਬੀਆ ਖਾਹਸ਼ਾਂ ਵਾਲੀ ਗੱਲ?” ਮੈਂ ਕੁੰਢੀ ਪਾਉਂਣ ਦੀ ਕੋਸ਼ਿਸ਼ ਕੀਤੀ। ਗੁਰੋ ਹਸ ਪਈ। ਉਸ ਕੋਲ ਕੋਈ ਜੁਆਬ ਨਹੀਂ ਸੀ ਜਾਂ ਬਹੁਤ ਸਾਰੇ ਜੁਆਬ ਸਨ। ਕਿਹੜਾ ਜੁਆਬ ਦੇਵੇ ਸ਼ਾਇਦ ਇਹ ਫੈਸਲਾ ਨਹੀਂ ਕਰ ਪਾ ਰਹੀ ਸੀ। ਸਪਸ਼ਟ ਉੱਤਰ ਲੈਣਾ ਤੇ ਅਨਾੜੀਪਨ ਸੀ। ਮੈਂ ਜਿਵੇਂ ਅਪਣਾ ਸੁਆਲ ਹੀ ਵਾਪਸ ਲੈ ਲਿਆ ਤੇ ਕਿਹਾ,”ਗੁਰੋ ਤੂੰ ਤੇ ਰੱਬੀ ਮਾਰਗ ਤੇ ਚੜੀ ਹੋਈ ਹੈਂ, ਮੈਨੂੰ ਇਹ ਦੱਸ ਇਨਸਾਨ ਦੁਖੀ ਕਿਉਂ ਹੈ?”
“ਵੀਰ ਜੀ ਜਿਸਨੂੰ ਤੁਸੀਂ ਦੁਖੀ ਹੋਣਾ ਕਹਿੰਦੇ ਹੋ, ਉਹ ਦੁਖੀ ਹੋਣਾ ਨਹੀਂ ਬਲਕਿ ਬੇਸਬਰੀ ਹੈ,ਅਗਿਆਨਤਾ ਹੈ ਜਾਂ ਕਹਿ ਲਵੋ ਪਸ਼.ੂ ਬਿਰਤੀ ਹੈ। ਇੱਕ ਵਾਰ ਤੁਸੀਂ ਕੁਦਰਤ ਦੇ ਵਹਿੰਦੇ ਪਾਣੀਆਂ ਵੱਲ ਤੁਰ ਪਏ ਫੇਰ ਇਹ ਬੇਸਬਰੀ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਇਨਸਾਨ ਮੋਹ ਮਾਇਆ ਨੂੰ ਜਾਣ ਜਾਂਦਾ ਹੈ ਤੇ ਮਾਇਆ ਤੋਂ ਛੁਟਕਾਰਾ ਪਾਉਣ ਲਈ ਅੰਦਰਲਾ ਮੰਨ ਕਾਹਲਾ ਪੈਂਦਾ ਹੈ। ਪਰ ਇਹ ਸਾਰਾ ਕੁੱਝ ਕਿਸੇ ਗੁਰੂ ਦੇ ਮਾਰਗ ਦਰਸ਼ਨ ਤੋਂ ਬਿਨ੍ਹਾਂ ਨਹੀਂ ਹੁੰਦਾ।”
“ਗੁਰੋ ਪਹਿਲੀ ਗੱਲ ਤਾਂ ਮੈਨੂੰ ਵੀਰ ਜੀ ਕਹਿਣਾ ਬੰਦ ਕਰ। ਮੈਂ ਤੈਨੂੰ ਇੱਕ ਔਰਤ ਸਮਝਦਾ ਹਾਂ। ਦੂਜੀ ਗੱਲ ਇਹ ਮਾਇਆ ਤਾਂ ਚਲੋ ਠੀਕ ਹੈ ਦੇਰ ਸਵੇਰ ਇਹ ਮੋਹ ਮਾਇਆ ਤੋਂ ਛੁਟਕਾਰਾ ਪੈ ਹੀ ਜਾਇਗਾ ਜੇ ਤੁਹਾਡੀ ਸੰਗਤ ਰਹੀ ਪਰ ਇਹ ਛਾਇਆ ਦਾ ਕੀ ਕਰੀਏ। ਚਲ, ਚਲ ਰਲਕੇ ਇਹਦਾ ਕੋਈ ਉਪਾਅ ਕਰੀਏ।
“ਹਾਂ ਮੈਨੂੰ ਪਤਾ ਤੁਸੀਂ ਮੈਨੂੰ ਇੱਕ ਔਰਤ ਹੀ ਸਮਝਦੇ ਹੋ ਬਲਕਿ ਐਸੀ ਔਰਤ ਜਿਸਦਾ ਜ਼ਾਇਕਾ ਵੀ ਕਰਾਰਾ ਹੈ।” ਗੁਰੋ ਨੇ ਹੱਸਕੇ ਖੱਬੀ ਗੱਲ ਤੇ ਪੈਂਦੇ ਡਿੰਪਲ ਤੋਂ ਉੱਪਰਲੀ ਅੱਖ ਦੱਬ ਦਿੱਤੀ।
ਮੈਂ ਹੌਂਸਲੇ ਨਾਲ ਗੁਰੋ ਦੇ ਹੱਥ ਤੇ ਹੱਥ ਮਾਰਕੇ ਹੱਥ ਫੜ ਲਿਆ ਤੇ ਉਸਦੀਆਂ ਉਂਗਲਾਂ ਵਿਚ ਉਂਗਲਾਂ ਫਸਾ ਕੇ ਕਿਹਾ, “ਤੇ ਛਾਇਆ ਵੀ।”
“ਬਸ ਇਥੋਂ ਰਾਈਟ ਮਾਰ ਲਉ ਤੇ ਫਿਰ ਪਹਿਲੇ ਸਟੌਪ ਸਾਈਨ ਤੋਂ ਖੱਬੇ ਮੋੜ ਲਵੋ।”
ਮੈਂ ਗੁਰੋ ਦੇ ਆਲੀਸ਼ਾਨ ਮਕਾਨ ਦੇ ਸਾਹਮਣੇ ਬਰੇਕ ਲਾ ਦਿਤੀ। ਉਸਦੇ ਘਰ ਵੱਲ ਵੇਖਕੇ ਮੈਨੂੰ ਗੁਰੋ,ਉਸਦੇ ਅੰਗ ਤੇ ਉਸਦੇ ਪਾਏ ਕਪੜੇ ਹੋਰ ਵੀ ਉੱਜਵਲ ਲੱਗੇ। ਆਪਣਾ ਆਪ ਛੋਟਾ ਲੱਗਾ। ਕਾਰ ਹੋਰ ਵੀ ਭੈੜੀ ਲਗਣ ਲੱਗ ਪਈ। ਅੱਜ ਹੀ ਕਸਾਉਂਦਾ ਹਾਂ ਮਫਲਰ। ਮੈਂ ਵਾਪਸ ਆਉਂਦਿਆਂ ਰਸਤੇ ਵਿਚ ਸੋਚ ਰਿਹਾ ਸੀ। ਗੁਰੋ ਦਾ ਘਰ ਤੇ ਡਰਾਈਵੇਅ ਵਿਚ ਖੜੀ ਮਰਸਡੀਜ਼ ਕਾਰ ਵੇਖਕੇ ਮੈਨੂੰ ਲੱਗਾ, ਗੁਰੋ ਨਾਂਹ ਆਪ ਠੱਗ ਹੈ ਤੇ ਨਾਂਹ ਇਸਦਾ ਬਾਬਾ ਠੱਗ ਹੈ। ਆਪਣੀ ਮੇਹਨਤ ਕਰਦੇ ਹਨ। ਸ਼ਾਇਦ ਵਾਕਿਆ ਹੀ ਕੋਈ ਸੁਪਰ ਪਾਵਰ ਹੈ ਜਿਸਦੀ ਸਿੱਧੀ ਨਜ਼ਰ ਨਾਲ ਸੁੱਖ ਅਰਾਮ ਮਿਲਦੇ ਹਨ ਤੇ ਵਿੰਗੀ ਨਜ਼ਰ ਨਾਲ ਕਲੇਸ਼,ਦੁੱਖ,ਥੁੜਾਂ ਤੇ ਸਭਤੋਂ ਵੱਧ ਆਲਸ।ਮੈਂ ਆਲਸੀ ਹਾਂ ਪਰ ਦੁਸ਼ਟ ਨਹੀਂ। ਮੇਰੇ ਵਿਚ ਇੱਕੋ ਕਮੀ ਹੈ, ਬੱਸ ਮੇਰੀ ਵਿਲ-ਪਾਵਰ ਬਹੁਤ ਕਮਜ਼ੋਰ ਹੈ। ਇੱਕ ਦਵਿੰਦਰ ਕੀ ਆਇਆ ਮੈਂ ਡੋਲ ਗਿਆ। ਇੰਡੀਆ ਵਿਚ ਰਾਜ਼ ਕਰੇਗਾ। ਇਹ ਹੁਣ ਵੀ ਮੈਂ ਕੀ ਸੋਚ ਰਿਹਾ ਹਾਂ। ਇੱਕ ਐਸਾ ਮਾਧਿਅਮ ਜਿਸਦਾ ਇੱਕ ਕਿਨਕਾ ਵੀ ਮੇਰੇ ਵਿਸ਼ਵਾਸ਼ ਨਾਲ ਮੇਲ ਨਹੀਂ ਖਾਂਦਾ। ਮੈਂ ਸਿੱਖ ਪਰਿਵਾਰ ਨਾਲ ਸਬੰਧਿਤ,ਇੱਕ ਧਾਰਮਿਕ ਬਿਰਤੀ ਵਾਲੇ ਪਰਿਵਾਰ ਦਾ ਮੈਂਬਰ ਜਿਸਦਾ ਵਿਸ਼ਵਾਸ਼ ਸਿਰਫ ਗੁਰੂ ਗਰੰਥ ਸਾਹਿਬ ਨਾਲ ਬੱਝਾ ਹੈ। ਮੇਰੀ ਭੂਆ ਸਵੇਰੇ ਤਿੰਨ ਵਜ਼ੇ ਅੰਮ੍ਰਿਤ ਵੇਲੇ ਉੱਠਕੇ ਪਾਠ ਕਰਦੀ ਸੀ, ਸਿਖ ਧਰਮ ਦੀ ਸ਼ਾਨ ਦੀ ਪਹਿਰੇਦਾਰ। ਗੁਰੂ ਘਰ ਦੀ ਸ਼ਰਧਾਲੂ, ਦੇਹ-ਧਾਰੀ ਪਖੰਡਾਂ ਦੇ ਚਿਥੱੜੇ ਉਡਾਉਣ ਵਾਲਾ ਸਿਪਾਹੀ ਤੇ ਮੈਂ ਉਸਦੀ ਵਿਰਾਸਤ, ਅੱਜ ਇੱਕ ਗੁਰੋ ਦੀ ਸ਼ਾਨੌ-ਸ਼ੌਕਤ ਤੋਂ ਪ੍ਰਭਾਵਿਤ ਹੋ ਰਹੀ ਹੈ।
“ਨਹੀਂ ਨਹੀਂ….”
“ਕੀ ਨਹੀਂ ਨਹੀਂ …ਤੁਸੀਂ ਮੰਨਦੇ ਕਿਉਂ ਨਹੀਂ? ਸਾਰੀ ਦੁਨੀਆਂ ਬੇਵਕੂਫ ਤੇ ਤੁਸੀਂ ਸਿਆਣੇ ਜਾਂ ਤੁਹਾਡੀ ਭੂਆ। ਕੀ ਦਿਤਾ ਤੁਹਾਨੂੰ ਗੁਰਦੁਆਰਿਆਂ ਨੇ, ਇਸ ਸਿਖੀ ਨੇ…ਅਖੇ ਅਸੀਂ ਨਹੀਂ ਕਿਸੇ ਰੜੇ ਸਾਧ ਬਾਬੇ ਨੂੰ ਮੰਨਦੇ। ਆਹ ਪੱਥਰ ਜੰਮ ਕੇ ਵੀ ਮੰਨੀ ਜਾਉ। ਅਖੇ ਜੰਦਰਾ ਚੜਾਉ ਗੁਰਦੁਆਰੇ, ਨਾ ਲੈਕੇ ਗਏ ਸੀ ਜਿੰਦਰਾ, ਲੂਣ ਤੇ ਝਾੜੂ। ਫਿਰ ਲੱਗ ਪਿਆ ਬੋਲਣ। ਨਹੀਂ ਬੋਲੂ ਕਾਹਨੂੰ ਇਹ ਤੇ ਇਕੋ ਵਾਰ ਗੀਤ ਹੀ ਗਾਊ। ਨਾ ਜੰਦੇ ਚੜਾਉਣੇ ਕਿਧਰੋਂ ਜਾਇਜ਼ ਨੇ ਗੁਰਦੁਆਰਿਆਂ ਵਿਚ?” ਜਸਬੀਰ ਨੇ ਢਾਕਾਂ ਤੇ ਹੱਥ ਰਖਕੇ ਮੇਰਾ ਅੱਗਾ ਪਿੱਛਾ ਪੁਣ ਦਿੱਤਾ।
“ਨਾਂਹ ਮੈਂ ਕਦੋਂ ਕਹਿੰਨਾ ਗੁਰਦੁਆਰਿਆਂ ਵਿਚ ਜਿੰਦਰੇ ਚੜਾਉ। ਇਹ ਤਾਂ ਬੱਸ ਕਿਸੇ ਨੇ ਦੱਸ ਪਾਈ ਤਾਂ ਅਸੀਂ ਚਲੇ ਗਏ। ਮੈਂ ਮੰਨਦਾ ਥੋੜੋ ਹਾਂ ਇਸ ਜੰਦਰੇ-ਚਾਬੀ ਨੂੰ।”
“ਮੈਂ ਤਾਂ ਸ਼ਬਦ ਨੂੰ ਮੰਨਦਾ। ਰਬ ਇੱਕ ਹੈ। ਜਪੁਜੀ ਸਾਹਬ ਪਾਠ ਨੂੰ ਮੰਨਦਾ ਹਾਂ। ਗੁਰਦੁਆਰੇ ਸੇਵਾ ਕਰੋ, ਪਾਠ ਕਰੋ…ਬੱਸ।”
“ਬੱਸ ਪਾਠ ਕਰੀ ਜਾਉ, ਉਹਦੇ ਤੇ ਅਮਲ ਨਾ ਕਰਿਉ। ਸਾਧ-ਸੰਤ ਦੀ ਨਿੰਦਾ ਕਰਨੀ ਵਰਜਿਤ ਨਹੀਂ?…ਫੇਰ ਕਿਉਂ ਬੋਲਦੇ ਹੋ ਅਵਾ-ਤਵਾ?”ਜਸਬੀਰ ਤੇ ਬਸ ਕਾਹਲੀ ਸੀ ਕਿਹੜਾ ਵੇਲਾ ਹੋਵੇ ਰਾਜ ਰਾਣੀ ਦੇ ਘਰ ਸਤਸੰਗ ਵਿਚ ਜਾਇਆ ਜਾਏ ਖੌਰੇ ਦਵਿੰਦਰ ਠੀਕ ਹੋ ਹੀ ਜਾਏ। ਖੌਰੇ ਬੋਲਣ ਲੱਗ ਪਵੇ, ਖੌਰੇ ਇਹਦਾ ਦਿਮਾਗ ਚੱਲ ਹੀ ਪਵੇ।
“ਨਾਂਹ ਪਾਂਧਾ ਸਬਕ ਨਾਂਹ ਦਊ ਤਾਂ ਘਰ ਵੀ ਨਾਂਹ ਆਉਣ ਦਊ।” ਜਸਬੀਰ ਨੇ ਆਖਰੀ ਵਾਕ ਤੋਂ ਪਹਿਲਾ ਵਾਕ ਬੋਲਿਆ।
ਮੈਂ ਕੋਈ ਜੁਆਬ ਨਾਂਹ ਦਿੱਤਾ। ਮੇਰੀ ਸੁਤਾ ਅਚਾਨਕ ਸੱਚ-ਝੂਠ ਤੋਂ ਪਰੇ ਹੋਕੇ ਖਲੋ ਗਈ। ਠੀਕ ਕੀ ਹੈ ਤੇ ਗਲਤ ਕੀ ਹੈ, ਇਸ ਸੁਆਲ ਨੂੰ ਮੈਂ ਪਾਸੇ ਰੱਖ ਦਿੱਤਾ। ਮੈਂ ਗੁਰੋ ਦੇ ਝੱਗੇ ਦੀਆਂ ਸੀਣਾਂ ਵਿਚ ਗੁਆਚ ਗਿਆ। ਕਿਨ੍ਹਾਂ ਨਿੱਘ ਸੀ ਗੁਰੋ ਦੀਆਂ ਉਂਗਲਾਂ ਵਿਚ।
ਜੇ ਪਤਾ ਲੱਗ ਗਿਆ ਨਾ ਭੂਆ ਨੂੰ ਮੇਰੇ ਸਤਸੰਗ ਦਾ, ਉਹਨੇ ਮਾਰ ਮਾਰ ਜੁਤੀਆਂ ਮੇਰਾ ਰਹਿੰਦਾ ਸਿਰ ਵੀ ਗੰਜਾ ਕਰ ਦੇਣਾ। ਇੱਕ ਪਾਸੇ ਗੁਰੋ ਸੀ ਤੇ ਦੂਜੇ ਪਾਸੇ ਭੂਆ। ਗੁਰੋ ਦੀ ਉਂਗਲ ਜਸਬੀਰ ਨੇ ਫੜ ਲਈ ਸੀ। ਮੈਂ ਸੋਚਿਆ, ਕਮਲਿਆ ਹੋਰ ਤੈਨੂੰ ਕੀ ਚਾਹੀਦਾ। ਭੂਆ ਕਿਹੜਾ ਏਥੇ ਵੇਂਹਦੀ ਹੈ?
“ਲੈ ਬਈ ਜਸਬੀਰ ਇੱਕ ਸ਼ਰਤ ਤੇ ਮੈਂ ਸਤਸੰਗ ਚਲੂੰਗਾ।”
“ਮੈਨੂੰ ਨਹੀਂ ਸ਼ਰਤਾਂ ਸ਼ੁਰਤਾਂ ਦਾ ਪਤਾ। ਤੁਸੀਂ ਜਾਉ ਜਾਂ ਨਾ ਜਾਉ ਮੈਂ ਇਸ ਸ਼ਨੀਵਾਰ ਦਵਿੰਦਰ ਨੂੰ ਲੈਕੇ ਜਾਣਾ ਹੀ ਜਾਣਾ ਹੈ।” ਉਸਨੇ ਦਵਿੰਦਰ ਨੂੰ ਜੱਫੀ ਵਿਚ ਲੈਂਦਿਆਂ ਕਿਹਾ।
ਇਹ ਜਸਬੀਰ ਦਾ ਆਖਰੀ ਵਾਕ ਸੀ। ਅੱਟਲ ਫੈਸਲਾ। ਮੈਨੂੰ ਕੋਈ ਤਨਾਵ ਨਹੀਂ ਸੀ। ਮੈਨੂੰ ਪਤਾ ਸੀ ਇਹ ਸਾਰਾ ਕੁੱਝ ਗਲਤ ਸੀ ਕੂੜ-ਪ੍ਰਚਾਰ,ਲੁੱਟ-ਘਸੁੱਟ, ਬਦਮਾਸ਼ੀਆਂ ਦਾ ਅੱਡਾ ਸੀ, ਇਹ ਬਾਬੇ ਦਾ ਘੜਮਸ। ਮੇਰੀਆਂ ਸਿਰਫ ਦੋ ਸਮਸਿਆਵਾਂ ਸਨ। ਇੱਕ ਕਿਸੇ ਨੂੰ ਪਤਾ ਨਾਂਹ ਲੱਗੇ ਤੇ ਦੂਜਾ ਜਸਬੀਰ ਕੇਸਰ ਬਨਾਉਣ ਤੱਕ ਨਾ ਪਹੁੰਚ ਜਾਵੇ, ਗੁਰੋ ਵਾਂਗ।
“ਠੀਕ ਹੈ ਜਿਵੇਂ ਤੁਸੀਂ ਕਹੋ, ਪਰ ਅਜਮਾਉਂਣ ਵਿਚ ਕੀ ਹਰਜ਼ ਹੈ, ਔਲਾਦ ਖਾਤਰ ਤਾਂ ਲੋਕੀਂ ਹਜ਼ਾਰ ਜਗ੍ਹਾ ਜਾਂਦੇ ਹਨ। ਸਾਨੂੰ ਕੋਈ ਮੂੰਹ ਵਿਚ ਤੇ ਨਹੀਂ ਪਾਉਂਣ ਲੱਗਾ। ਤੁਸੀਂ ਤੇ ਇੰਝ ਸੋਚਦੇ ਹੋ ਜਿਵੇਂ ਬਾਬਾ ਜੀ ਦੇ ਸਤਸੰਗ ਵਿਚ ਨਹੀਂ ਸਗੋਂ ਕਿਸੇ ਬੌਸ ਦੇ ਖੁਫ਼ੀਆ ਅੱਡੇ ਤੇ ਜਾ ਰਹੇ ਹੋਈਏ।” ਮੈਂ ਜਸਬੀਰ ਦੇ ਦਬਾਏ ਸੰਸਕਾਰਾਂ ਵਿਚੋਂ ਨਿਕਲੀ ਚੰਗਿਆੜੀ ਬਾਰੇ ਤੱਟਫਟ ਕੋਈ ਵੀ ਨਿਰਣਾ ਨਾ ਲੈ ਸਕਿਆ।
ਮੈਂ ਸੋਚਣ ਲੱਗ ਪਿਆ ਕਿ ਕੀ ਠੀਕ ਸੀ, ਕੀ ਗਲਤ ਸੀ। ਸਾਰਾ ਕੁੱਝ ਸੋਚ ਕੇ ਦੋ ਗੱਲਾਂ ਹੀ ਸਾਹਮਣੇ ਆਈਆਂ। ਇੱਕ ਮੈਂ ਦਹਾਕਿਆਂ ਵਿਚ ਵੀ ਜਸਬੀਰ ਨੂੰ ਕਾਇਲ ਨਹੀਂ ਕਰ ਸਕਿਆ ਸੀ ਕਿ ਇਹ ਭੂਤ,ਪ੍ਰੇਤ ਤੇ ਛਲੇਡੇ ਨਹੀਂ ਹੁੰਦੇ। ਇਹ ਦੇਹ-ਧਾਰੀ ਗੁਰੂ ਬਕਵਾਸ ਹੁੰਦੇ ਹਨ ਤੇ ਸਾਡੇ ਧਰਮ ਦੇ ਪੱਕੇ ਵੈਰੀ। ਸਾਡੀ ਬਾਣੀ ਹੀ ਸੱਚ ਹੈ ਤੇ ਇਹ ਦੇਹ-ਧਾਰੀ ਸਾਡੀ ਪਵਿਤਰ ਬਾਣੀ ਨੂੰ ਤੋੜ ਮਰੋੜ ਕੇ ਆਪਣੇ ਨਿੱਜੀ ਮੁਫਾਦ ਲਈ ਆਪਣੇ ਨਿਜੀ ਨਾਮ ਵੀ ਜੋੜ ਲੈਂਦੇ ਹਨ। ਪਰ ਦੋ ਰੂਹਾਂ ਇੱਕ ਜਾਨ ਤਾਂ ਹੋ ਗਈਆਂ ਪਰ ਇੱਕ ਮੱਤ ਨਾ ਹੋਈਆਂ। ਕਾਰਣ ਜਸਬੀਰ ਦੇ ਆਪਣੇ ਸੰਸਕਾਰ ਜਿਹੜੇ ਬਚਪਨ ਤੋਂ ਉਸਦੀ ਤਰਫਦਾਰੀ ਕਰਦੇ ਆ ਰਹੇ ਸਨ।
ਉਦੋਂ ਮੈਨੂੰ ਵੀ ਡਰ ਲੱਗਣ ਲੱਗ ਪਿਆ ਸੀ ਜਦੋਂ ਗੁਰੋ ਨੇ ਮੇਰੀ ਮਾਇਆ ਵਾਲੀ ਮਿੱਥ ਵੀ ਤੋੜ ਦਿੱਤੀ। ਕਿਤੇ ਮੈਂ ਹੀ ਤਾਂ ਗਲਤ ਨਹੀਂ ਹਾਂ? ਬਾਬੇ ਤਾਂ ਮਾਇਆ ਨਾਲ ਬੱਝੇ ਹੁੰਦੇ ਹਨ। ਪਰ ਗੁਰੋ ਤੇ ਉਸਦਾ ਬਾਬਾ ਜੀ ਤਾਂ ਮਾਇਆ-ਧਾਰੀ ਨਹੀਂ ਹਨ। ਕਿਤੇ ਸੱਚੀਂ ਹੀ ਇਹ ਕੋਈ ਅਵਤਾਰ ਔਲੀਆ ਤਾਂ ਨਹੀਂ? ਅੱਧੀ ਜ਼ਿੰਦਗੀ ਦੇ ਤਜ਼ਰਬੇ ਝੂਠ ਬੋਲਣ ਲੱਗ ਪਏ ਸਨ। ਕਿਤੇ ਬਾਬਾ ਜੀ ਦਾ ਗੁਰੋ ਨਾਲ ਰਿਸ਼ਤਾ ਰੂਹਾਨੀ ਤਾਂ ਨਹੀਂ? ਸ਼ਾਇਦ ਬਾਬਾ ਜੀ ਦੀ ਮਹਿਮਾ ਠੀਕ ਹੀ ਹੋਵੇ।
ਤੇ ਦੂਸਰੀ ਗੱਲ ਗੁਰੋ। ਗੁਰਜੋਤ ਬਰਾੜ ਐਮ.ਏ. ਤੇ ਉਸਦਾ ਘਰਵਾਲਾ ਸੁਖਦੀਪ ਭਿੰਡਰ ਚਾਰਟਰਡ ਅਕਾਊਂਟੈਟ। ਕੋਣ ਹਨ ਇਹ ਲੋਕ? ਲਾਸਟ ਨਾਮ ਵੱਖਰੇ ਵੱਖਰੇ।
ਜਸਬੀਰ ਦਾ ਆਖਰੀ ਫ਼ੈਸਲਾ ਸਾਡਾ ਸਾਂਝਾ ਫੈ.ਸਲਾ ਬਣ ਗਿਆ। ਮੈਂ ਸਤਸੰਗ ਦੇ ਨਾਮ ਤੋਂ ਰੋਮਾਂਚਿਕ ਹੋ ਗਿਆ ਸੀ ਪਰ ਡਰ ਵੀ ਰਿਹਾ ਸੀ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ। ਕਿਤੇ ਪਿਛਲੇ ਸਾਲਾਂ ਵਿਚ ਹੋਈ ਮੰਡੀਕਰਣ ਦੀ ਬਹਿਸ ਦਾਗੀ ਨਾ ਹੋ ਜਾਏ। ਮਜ਼ਦੂਰ ਤੇ ਮਾਲਕ ਦੀ ਖਹਿਬਾਜ਼ੀ ਵਿਚ ਇਹ ਗੁਰੋ ਕਿਥੋਂ ਆ ਗਈ ਸੀ, ਕਿਸੇ ਬਾਬੇ ਦੀ ਵਿਚਲੀ ਉਂਗਲ ਫੜੀ। ਮੱਥੇ ਟਿੱਕੇ ਸਜਾਉਂਦੀ ਇਹ ਕਿਸ ਧਿਰ ਨਾਲ ਖੜੀ ਸੀ? ਇਸਦੀਆਂ ਅੱਖਾਂ ਇਹ ਕਿਉਂ ਕਹਿ ਰਹੀਆਂ ਸਨ ਕਿ ਬਾਬਾ ਜੀ ਨੂੰ ਮੱਥਾ ਟੇਕ, ਵੀਰ ਜੀ ਕਹਿਣਾ ਤਾਂ ਮੈਂ ਇੱਕ ਘੰਟੇ ਵਿਚ ਛੱਡ ਦੇਊਂ। ਮੇਰਾ ਅੰਦਰ ਇਸ ਦੁਬਿਧਾ ਵਿਚ ਵੀ ਮੁਸਕਰਾ ਕਿਉਂ ਰਿਹਾ ਸੀ? ਸਾਗਰ ਦੀਆਂ ਛੱਲਾਂ ਸ਼ਾਂਤ ਹੋ ਜਾਂਦੀਆਂ ਹਨ ਮੈਂ ਤਾਂ ਫੇਰ ਵੀ ਇੱਕ ਅਦਨਾ ਜਿਹਾ ਇਨਸਾਨ ਹਾਂ।
“ਹਾਂ ਤਾਂ ਜਸਬੀਰ ਜਿਦਾਂ ਤੂੰ ਕਹੇਂ। ਚੱਲ ਤੇਰੇ ਮਗਰ ਲੱਗ ਕੇ ਵੇਖ ਲੈਂਦੇ ਹਾਂ, ਤੂੰ ਤੇ ਸਾਡੇ ਮਗਰ ਲਗੀਂ ਨਹੀਂ।”
“ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਉ ਜੇ ਸਤਸੰਗ ਜਾਣਾ ਹੈ ਤਾਂ ਚੰਗੀ ਤਰ੍ਹਾਂ ਜਾਣਾ ਹੈ ਬੰਦੇ ਦੇ ਪੁੱਤ ਬਣਕੇ। ਉੱਥੇ ਐਂਵੇ ਨਾ ਬਾਬਿਆਂ ਨੂੰ ਮਖੌਲ ਕਰਨ ਲੱਗ ਪਿਉ। ਕਿਤੇ ਹੋਰ ਨਾ ਭਾਰ ਹੌਲਾ ਕਰਦੇ ਹੋਰ ਭਾਰ ਚੜ੍ਹਾ ਲਈਏ। ਅੱਗੇ ਕਿਹੜਾ ਸੁਖੀ ਹਾਂ? ਉੱਥੇ ਜਾਣਾ ਹੈ ਪੂਰੀ ਸ਼ਰਧਾ ਨਾਲ, ਸਤਿਕਾਰ ਨਾਲ।”
“ਤੇ ਜੇ ਬਾਬਾ ਜੀ ਨਿਕਲੇ ਚੋਰ, ਫੇਰ?” ਮੈਂ ਫਿਰ ਮਸ਼ਕਰੀ ਕੀਤੀ।
“ਤੁਸੀਂ ਸਬਰ ਕਰੋ, ਸੰਤੋਖ ਕਰੋ। ਭਾਣਾ ਮੰਨੋ, ਸ਼ਾਇਦ ਇਹ ਬਾਬਾ ਜੀ ਹੀ ਸਾਡੀ ਬੇੜੀ ਪਾਰ ਲਾ ਦੇਣ। ਮੈਨੂੰ ਤਾਂ ਪੂਰਾ ਯਕੀਨ ਹੈ। ਸਾਰੀ ਦੁਨੀਆਂ ਵਿਚ ਇਨ੍ਹਾਂ ਦੀ ਇਤਨੀ ਮਹਿਮਾ ਹੈ। ਲੋਕ ਪਾਗਲ ਤੇ ਨਹੀਂ। ਤੁਸੀਂ ਲੋਕਾਂ ਨਾਲੋਂ ਜ਼ਿਆਦਾ ਤੇ ਨਹੀਂ ਪੜ੍ਹੇ ਹੋਏ। ਨਾਲੇ ਤੁਹਾਡੀ ਪੜਾਈ ਆਈ ਕਿਸੇ ਕੰਮ? ਰਹਿਣ ਦਿਉ ਸਿਆਣਪਾਂ ਨੂੰ ਤੇ ਮੇਰੇ ਆਖੇ ਲੱਗ ਕੇ ਵੇਖੋ ਸਾਲ ਖੰਡ, ਅੱਛਾ ਬਹੁਤ ਹੋ ਗਿਆ।”
“ਲੈ ਭਾਈ ਜਿਦਾਂ ਤੂੰ ਕਹੇਂ, ਤੇਰੀ ਗੁਰੋ ਕਹੇ, ਮੈਂ ਉਹਦਾਂ ਹੀ ਕਰੂੰਗਾ।”ਮੈਂ ਤਨੋ ਮਨੋ ਹਥਿਆਰ ਸੁਟਦੇ ਕਿਹਾ।
” ਨਾਲੇ ਜਿਹੜਾ ਇਹ ਗੁਰੋ ਗੁਰੋ ਘਰੋੜ ਕੇ ਕਹਿੰਦੇ ਹੋ ਨਾ, ਐਵੇਂ ਨਾ ਕਿਤੇ ਭੁਲੇ ਰਿਹੋ। ਮੈਨੂੰ ਸਭ ਪਤਾ ਤੁਹਾਡੀਆਂ ਚੋਰ ਅੱਖਾਂ ਦਾ।”
“ਦੇਖ ਇਨ੍ਹਾਂ ਭੇਖੀ ਸਾਧਾਂ ਦੇ ਡੇਰਿਆਂ ਤੇ ਸਭ ਕੁੱਝ ਹੁੰਦਾ। ਇਹ ਨਹੀਂ ਕਿਸੇ ਰੱਬ ਰੁੱਬ ਨੂੰ ਮੰਨਦੇ। ਐਵੇਂ ਉਹਦਾ ਨਾਮ ਲੈਕੇ ਅਯਾਸ਼ੀ ਕਰਦੇ ਹਨ। ਮਾਇਆ ਦੇ ਗੱਫਿਆਂ ਨਾਲ ਤੁੰਨੇ ਪਏ ਹਨ ਇਨ੍ਹਾਂ ਦੇ ਢਿਡ ਤੇ ਉੱਤੋਂ ਪਰੀਆਂ ਵਰਗੀਆਂ ਜਨਾਨੀਆਂ।”
ਜਸਬੀਰ ਨੇ ਤਾੜੀ ਮਾਰਕੇ ਹੱਥ ਜੋੜੇ ਤੇ ਮੱਥੇ ਨੂੰ ਲਾਉਂਦਿਆਂ ਬੋਲੀ, “ਬਸ ਕਰੋ, ਬਸ ਕਰੋ ਐਵੇਂ ਨਾ ਭਾਰ ਚੜਾਈ ਜਾਵੋ। ਢੇਰ ਸਾਲਾਂ ਬਾਦ ਇੱਕ ਸਾਲ ਮੈਨੂੰ ਦੇ ਦੇਵੋ। ਮੈਂ ਢੇਰ ਸਾਲ ਤੁਹਾਡੇ ਮਗਰ ਬਾਂਦੀ ਬਣਕੇ ਘੁੰਮੀ ਹਾਂ। ਰਹੀ ਰੂੜੀ ਦੀ ਰੂੜੀ। ਪਲੀਜ਼ ਇੱਕ ਵਾਰ ਸਿਰਫ਼ ਇੱਕ ਵਾਰ ਮੇਰੇ ਆਖੇ ਲੱਗੋ। ਜੇ ਆਪਾਂ ਨੂੰ ਭੋਰਾ ਵੀ ਸ਼ਕ ਪਿਆ ਆਪਾਂ ਜਾਣਾ ਬੰਦ ਕਰ ਦੇਵਾਂਗੇ।”
ਮੈਂ ਹੱਥ ਜੋੜਕੇ ਨਮਸਕਾਰ ਕੀਤੀ। ਪਹਿਲਾਂ ਮੇਰੇ ਹੱਥ ਜਸਬੀਰ ਵੱਲ ਸਨ। ਮੈ ਕਿਹਾ, “ਧੰਨ ਹੋ ਇਸਤਰੀ ਜੀ, ਜਿਵੇਂ ਤੁਹਾਡਾ ਹੁਕਮ…” ਮੈਂ ਉਹੋ ਜੋੜੇ ਹੱਥ ਬਾਬੇ ਨਾਨਕ ਦੀ ਫੋਟੋ ਵੱਲ ਘੁੰਮਾਉਦਿਆਂ ਕਿਹਾ, “ਬਖ਼ਸ਼ ਲਿਉ ਮੁਨਕਰੀ ਤੋਂ ਇੱਕ ਸਾਲ ਲਈ।”
ਮੈਂ ਚੁੱਪ ਕਰ ਗਿਆ। ਅੱਖਾਂ ਬੰਦ ਕਰ ਲਈਆਂ। ਧਿਆਨ ਨੂੰ ਬਿਖਰਨ ਦਿੱਤਾ। ਮੇਰਾ ਮੰਨ ਬੇਚੈਨ ਸੀ। ਇਸਤਰ੍ਹਾਂ ਲਗਦਾ ਸੀ ਜਿਵੇਂ ਮੇਰਾ ਵਯੂਦ ਬਿਖਰ ਰਿਹਾ ਹੋਵੇ। ਮੇਰਾ ਦਿਲ ਕੀਤਾ ਲੱਤਾਂ ਘੜੀਸਦਾ ਇੱਕ ਵਾਰ ਗੁਰਦੁਆਰੇ ਜ਼ਰੂਰ ਜਾਵਾਂ। ਇੱਕ ਵਾਰ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਾਂ। ਮੱਥਾ ਟੇਕਦਿਆਂ ਸ਼ਾਇਦ ਮੈਨੂੰ ਕੋਈ ਰਾਹ ਦਿਸ ਪਵੇ। ਹੁਣ ਤਾਂ ਮੇਰਾ ਜ਼ਮੀਰ ਅਧਰੰਗ ਦਾ ਸ਼ਿਕਾਰ ਹੋਕੇ ਜਿਵੇਂ ਮੈਨੂੰ ਭੂਆ ਨਾਲੋਂ ਹੀ ਤੋੜ ਰਿਹਾ ਸੀ। ਭੂਆ ਜੀ ਕਹਿੰਦੇ ਹੁੰਦੇ ਸੀ ਮਾਇਆ ਨਾਲੋਂ ਟੁੱਟੋ। ਮਾਇਆ ਕੀ ਹੈ ਭੂਆ ਜੀ…ਅੱਜ ਮੈਂ ਫੇਰ ਇੱਕ ਸੁਆਲ ਦੇ ਦਰ ਤੇ ਖੜਾ ਸੀ। ‘ਮੇਰੇ ਲਈ ਤਾਂ ਤੂੰ ਵੀ ਮਾਇਆ ਹੈਂ।’ਭੂਆ ਜੀ ਸਾਮਣੇ ਖੜੇ ਦਿਸੇ।
“ਪਤਾ ਨਹੀਂ ਕਿਹੜੇ ਜਨਮ ਵਿਚ ਕੁਤਾਹੀ ਹੋ ਗਈ। ਵੇ ਪੁੱਤ ਛਿੰਦਿਆ ਜਿਹੜੀ ਚੀਜ਼ ਰੱਬ ਨਾਲੋਂ ਤੋੜੇ ਉਹ ਹੀ ਮਾਇਆ ਹੈ। ਸ਼ਬਦ ਹੀ ਗੁਰੂ ਹੈ। ਗੁਰੂ ਹੀ ਬਾਣੀ ਹੈ, ਬਾਣੀ ਹੀ ਗੁਰੂ ਹੈ।” ਭੂਆ ਜੀ ਦੀਆਂ ਅੱਖਾਂ ਵਿਚੋਂ ਅਥਰੂ ਚੋ ਪਏ। ਉਨ੍ਹਾਂ ਅੱਖਾਂ ਨੂੰ ਪੂੰਝਿਆ ਨਹੀਂ। ਹੱਥ ਜੋੜ ਕੇ ਗੁਰੂ ਨਾਨਕ ਦੀ ਫੋਟੋ ਨੂੰ ਮੱਥਾ ਟੇਕਿਆ। ਮੈਂ ਅੱਖਾਂ ਖੋਲੀਆਂ। ਬਿਲਕੁਲ ਉਹੋ ਹੀ ਬਾਬੇ ਨਾਨਕ ਦੀ ਫੋਟੋ ਵਧੀਆ ਫਰੇਮ ਵਿਚ ਲਿਵ ਰੂਮ ਦੇ ਫਾਇਰ ਪਲੇਸ ਉੱਤੇ ਪਈ ਸੀ। ਸਾਡਾ ਫਰੇਮ ਭੂਆ ਦੇ ਫਰੇਮ ਨਾਲੋਂ ਕਿਤੇ ਵਧੀਆ ਤੇ ਮਹਿੰਗਾ ਸੀ। ਸ਼ੋਭਾ ਸਿੰਘ ਦੇ ਬਣਾਏ ਚਿਤਰ ਵਿਚ ਕਿਤਨੀ ਰੁਹਾਨੀਅਤ ਸੀ। ਕਿਤਨਾ ਨੂਰ ਸੀ ਬਾਬੇ ਦੇ ਚੇਹਰੇ ਤੇ। ਮੈਂ ਸੁਣਿਆ ਬਾਬਾ ਜੀ ਦਾ ਹੱਥ ਵੀ ਜੋਤਿਸ਼ ਦੇ ਹਿਸਾਬ ਨਾਲ ਇੱਕ ਮਹਾਂਪੁੱਰਖ ਦਾ ਹੱਥ ਹੈ। ਤਾਂ ਹੀ ਇਤਨੀ ਸ਼ਾਤੀ ਮਿਲਦੀ ਹੈ ਫੋਟੋ ਨੂੰ ਮੱਥਾ ਟੇਕਣ ਨਾਲ।
ਬੁੱਧਵਾਰ ਸ਼ਾਮ ਦੇ ਠੀਕ ਸਾਡੇ ਛੇ ਵਜ਼ੇ ਗੁਰੋ ਦਾ ਫੋਨ ਆਇਆ। ਜਸਬੀਰ ਫੋਨ ਕੰਨ ਨੂੰ ਲਾਈ ਹੂੰ ਹਾਂ ਕਰ ਰਹੀ ਸੀ, ” ਹਾਂ ਜੀ… ਠੀਕ ਹੈ ਜੀ ਆਵਾਂਗੇ, ਚਲੋ ਜਾਣ ਦਿਉ। ਚਲ ਉਹ ਜਾਣੇ, ਨਹੀਂ ਨਹੀਂ ਜਿਵੇਂ ਤੁਸੀ ਕਹੋ। ਨਹੀਂ ਮੈਂ ਤਾਂ ਤਿਆਰ ਹਾਂ। ਕਰਨਾ ਵੀ ਚਾਹੀਦਾ। ਨਹੀਂ ਜੀ ਭੈਣ ਜੀ ਇਹ ਤਾਂ ਕੋਈ ਵੱਡੀ ਬਹੁਤੀ ਗੱਲ ਨਹੀਂ। ਇਹ ਜ਼ਰਾ ਬਾਹਰ ਗਏ ਹਨ। ਬਸ ਆਉਂਦੇ ਹੀ ਹੋਣਗੇ, ਠੀਕ ਹੈ ਘੰਟੇ ਬਾਦ…” ਤੇ ਜਸਬੀਰ ਨੇ ਫੋਨ ਠਾਹ ਕਰਕੇ ਕਰੈਡਿਲ ਤੇ ਰੱਖ ਦਿਤਾ। ਜਸਬੀਰ ਉਦਾਂ ਹੀ ਮੇਰੇ ਵੱਲ ਪਿੱਠ ਕਰੀ ਦਾਲ ਵਾਲੇ ਪਤੀਲੇ ਵਿਚ ਕੜਛੀ ਹਿਲਾਉਂਦੀ ਰਹੀ। ਮੈਨੂੰ ਇਹ ਸਾਰਾ ਕੁੱਝ ਕਿਸੇ ਸਸਪੈਂਸ ਵਾਲੀ ਹਿੰਦੀ ਫਿਲਮ ਵਰਗਾ ਲੱਗਾ। ਜਿਵੇਂ ਜਸਬੀਰ ਹੁਣੇ ਲਾਲਟੈਂਨ ਫੜਕੇ ਤੁਰ ਪਵੇਗੀ।
” ਕੀਹਦਾ ਫੋਨ ਸੀ?”ਮੈਂ ਕਾਹਲੇ ਪੈਂਦੇ ਨੇ ਪੁੱਛਿਆ।
ਜਸਬੀਰ ਹੱਥ ਪਲਥੇ ਮਾਰਦੀ ਬੋਲੀ, “ਸੁਕੀ ਮੇਥੀ ਸੀ ਰੁੜ ਜਾਂਣੀ ਇੱਥੇ ਪਈ ਪਤਾ ਨਹੀਂ ਕਿੱਥੇ ਰੱਖੀ ਗਈ?”
“ਸੁਕੀ ਮੇਥੀ ਦਾ ਡੱਬਾ ਆ ਤੇਰੇ ਸਾਹਮਣੇ ਪਿਆ ਸਿੰਕ ਦੇ ਕੋਲ, ਮੈਨੂੰ ਇੱਥੋਂ ਬੈਠੇ ਨੂੰ ਦਿਸੀ ਜਾਂਦਾ, ਤੈਂਨੂੰ ਨਹੀਂ ਦਿਸਦਾ? ਤੇਰੀਆਂ ਅੱਖਾਂ ਨੇ ਕਿ ਕੌਲ ਡੋਡੇ?”
” ਢੱਠੇ ਖੂਹ ਵਿਚ ਪਵੇ ਦਾਲ।” ਉਸਨੇ ਸਟੋਵ ਹੀ ਬੰਦ ਕਰ ਦਿੱਤਾ ਤੇ ਮੇਰੇ ਸਾਹਮਣੇ ਆਕੇ ਬੈਠ ਗਈ।
“ਕੀ ਗੱਲ ਬੜੀ ਅੱਪਸੈਟ ਹੈਂ, ਕੀਹਦਾ ਫੋਂਨ ਸੀ?”
“ਫੋਨ ਸੀ ਗੁਰੋ ਦਾ।” ਉਸਦੇ ਨਿੱਕੇ ਜਿਹੇ ਜੁਆਬ ਨੇ ਮੇਰੀ ਉੱਤਸੁਕਤਾ ਹੋਰ ਵਧਾ ਦਿੱਤੀ।
“ਨਾ ਤੂੰ ਉਸਨੂੰ ਝੂਠ ਕਿਉਂ ਬੋਲਿਆ ਕਿ ਮੈਂ ਘਰ ਨਹੀਂ?”
“ਨਾ ਹੋਰ ਕੀ ਕਰਦੀ? ਜਿਹੜਾ ਸੁਆਲ ਉਹਨੇ ਪਾਇਆ ਉਸਦਾ ਜੁਆਬ ਮੈਂ ਇੱਕਲੀ ਕਿਵੇਂ ਦੇ ਦਿੰਦੀ? ਜੇ ਮੈ ਤੁਹਾਨੂੰ ਉਦੋਂ ਹੀ ਫੋਨ ਫੜਾ ਦੇਂਦੀ ਤਾਂ ਬਾਦ ਵਿਚ ਤੁਸੀਂ ਮੇਰੀ ਉਦਾਂ ਗੁੱਤ ਪੁਟਣੀ ਸੀ।”
ਮੈਨੂੰ ਖਿਝ ਆਉਂਣ ਲੱਗੀ। ਕਾਹਲ ਪੈਣ ਲੱਗੀ।
“ਜੀ ਮੈਂ ਚਾਹ ਧਰਾਂ ਤੁਹਾਡੇ ਲਈ ਥੱਕੇ ਟੁੱਟੇ ਆਏ ਹੋ। ਚਾਹ ਪੀ ਲਉ ਪਹਿਲਾਂ ਫੇਰ ਦਸਦੀ ਹਾਂ ਸਾਰੀ ਗੱਲ।”
ਮੈਂ ਕਾਹਲੇ ਪਏ ਨੇ ਵੀ ਕਹਿ ਦਿੱਤਾ ਚੱਲ ਬਣਾ ਲੈ ਫਿਰ। ਮੈਂ ਵੀ ਦਿਲ ਪੱਕਾ ਕਰਨਾ ਚਾਹੁੰਦਾ ਸੀ ਕਿ ਗੁਰੋ ਦੀ ਗੱਲ ਮੰਨਣੀ ਵੀ ਜਰੂਰ ਹੈ ਪਰ ਓਪਰਾ ਜਿਹਾ ਨਾ ਲੱਗਾਂ। ਮੈਂ ਟੇਬਲ ਤੇ ਪਈ ਮੇਲ ਦੇਖਣ ਲੱਗ ਪਿਆ। ਬੈਂਕ ਦੀ ਚਿਠੀ ਫੇਰ ਆਈ ਪਈ ਸੀ। ਜੇ ਜਲਦੀ ਹੀ ਪੰਦਰਾਂ ਹਜ਼ਾਰ ਡਾਲਰ ਦਾ ਇੰਤਜ਼ਾਮ ਨਾ ਹੋਇਆ ਤਾਂ ਘਰ ਜਾਂ ਵੇਚਣਾ ਪਊ ਜਾਂ ਬੈਂਕ ਜਿੰਦਰਾ ਲਾਕੇ ਪਾਵਰ ਔਫ ਸੇਲ ਦਾ ਫੱਟਾ ਲਾਊ।
ਮੈਂ ਗਰਮ ਚਾਹ ਦਾ ਸੁਰਕੜਾ ਮਾਰ ਕੇ ਕਿਹਾ, “ਫੇਰ ਦੱਸ ਕੀ ਗੱਲ, ਕੀ ਕਹਿੰਦੀ ਹੈ ਤੇਰੀ ਗੁਰੋ?”
“ਲੈ ਗੁਰੋ ਮੇਰੀ ਕਾਹਦੀ, ਗੁਰੋ ਤਾਂ ਤੁਹਾਡੀ ਹੈ। ਤੁਸੀਂ ਮੇਰੇ ਕਰਕੇ ਤੇ ਨਹੀਂ ਤੁਰੇ ਬਾਬੇ ਵੱਲ, ਗੁਰੋ ਦੀਆਂ ਚੋਪੜੀਆਂ ਦਾ ਅਸਰ ਹੈ ਇਹ ਤੇ।”ਜਸਬੀਰ ਗੱਲ ਨੂੰ ਅਸਲੋਂ ਹੀ ਹੌਲਾ ਫੁੱਲ ਕਰਕੇ ਦਸਣਾ ਚਾਹੁੰਦੀ ਸੀ। ਇਹ ਉਸਦੀ ਪੁਰਾਣੀ ਅਦਾ ਸੀ ਜਦ ਵੀ ਕੋਈ ਗੱਲ ਆਪ ਢਿਡੋਂ ਮੰਨਦੀ ਹੋਵੇ ਤੇ ਮੇਰੇ ਕੋਲੋਂ ਮੰਨਵਾਉਂਣੀ ਹੋਵੇ, ਉਹ ਹਲਕੀਆਂ ਫੁਲਕੀਆਂ ਰੁਮਾਂਟਿਕ ਗੱਲਾਂ ਕਰਦੀ ਸੀ। “ਚਲ ਛੱਡ ਪਰਾਂ ਹੁਣ। ਗੁਰੋ ਮੇਰੀ ਜਾਂ ਤੇਰੀ ਪਰ ਕਹਿੰਦੀ ਕੀ ਹੈ?”
“ਕਹਿਣਾ ਕੀ ਹੈ, ਬਾਬਾ ਜੀ ਦੇ ਦਰਸ਼ਨ ਅਜੇ ਕੀਤੇ ਨਹੀਂ ਪਰ ਇੱਕ ਖਰਚਾ ਆਣ ਪਿਆ ਹੈ। ਕਹਿੰਦੀ ਸੀ ਮੈਂ ਬਾਬਾ ਜੀ ਨਾਲ ਗੱਲ ਕੀਤੀ ਸੀ ਦਵਿੰਦਰ ਬਾਰੇ। ਬਾਬਾ ਜੀ ਕਹਿੰਦੇ ਸੀ ਦਵਿੰਦਰ ਨੂੰ ਮੈਂ ਸਤਸੰਗ ਵਿਚ ਨਹੀਂ ਮਿਲਣਾ। ਉਸਨੂੰ ਮੈਂ ਪੀੜ੍ਹੇ ਪਿਛੋਂ ਮਿਲੂੰਗਾ। ਤੂੰ ਸੱਦ ਲਵੀਂ ਉਨ੍ਹਾਂ ਨੂੰ ਮੱਸਿਆ ਤੋਂ ਦੋ ਦਿਨ ਪਹਿਲਾਂ। ਪਰ ਉਸਤੋਂ ਪਹਿਲਾਂ ਉਹ ਇੱਕ ਸੌ ਇੱਕ ਅਚਾਰ ਦੇ ਪੀਪੇ ਗੁਰਮੁੱਖਪੁਰ ਦੇ ਡੇਰੇ ਪਹੁੰਚਾਉਂਣ ਪੁੰਨਿਆਂ ਦੇ ਵਰਤ ਤੋਂ ਪਹਿਲਾਂ। ਹੁਣ ਤੁਸੀਂ ਆਪ ਦੱਸੋ, ਮੈਂ ਆਪ ਹਾਂ ਕਿਵੇਂ ਕਰ ਦਿੰਦੀ ਤੇ ਤੁਹਾਡੇ ਨਾਲ ਗੱਲ ਕਿਵੇਂ ਕਰਵਾਉਂਦੀ? ਹੁਣ ਉਹਦਾ ਫੋਨ ਆਊ ਜਾਂ ਤੁਸੀਂ ਕਰ ਲਵੋ। ਖਰਚ ਤੇ ਵੱਡਾ ਪਰ ਕਰਨਾ ਤਾਂ ਪਊਗਾ ਹੀ।”
“ਪਰ ਇੱਕ ਸੌ ਇੱਕ ਪੀਪੇ ਹੋਣਗੇ ਕਿਤਨੇ ਕੁ ਦੇ। ਬੈਂਕ ਤਾਂ ਸਾਡਾ ਅੱਗੇ ਭਾਂ ਭਾਂ ਕਰਦਾ। ਜਿਹੜਾ ਕਮਰਸ਼ੀਅਲ ਪਲਾਟ ਲਿਆ ਉਹਦੇ ਲਈ ਵੀ ਪੈਸੇ ਇੱਕਠੇ ਕਰਨੇ ਹਨ ਨਹੀਂ ਤਾਂ ਜਮ੍ਹਾਂ ਕਰਾਇਆ ਪੰਜ ਹਜ਼ਾਰ ਵੀ ਡੁੱਬ ਜਾਊ। ਆ ਬੈਂਕ ਦੀ ਚਿੱਠੀ ਵਖਰੀ ਰੁਲੀ ਫਿਰਦੀ ਹੈ। ਚਲ ਵੇਖੀ ਜਾਊ ਮਿਲਾ ਨੰਬਰ ਗੁਰੋ ਦਾ ਜ਼ਰਾ ਚਿੱਤ ਕਰਾਰਾ ਕਰੀਏ।”
ਜਸਬੀਰ ਨੇ ਫੋਨ ਘੁੰਮਾ ਕੇ ਮੈਨੂੰ ਫੜਾ ਦਿੱਤਾ।
“ਹੈਲੋ।” ਕੋਈ ਮਰਦਾਨਾ ਅਵਾਜ਼ ਸੀ। “ਜੀ ਮੈਂ ਰੈਕਸਡੇਲ ਤੋਂ ਬੋਲ ਰਿਹਾ ਹਾਂ।”
” ਅੱਛਾ ਦਵਿੰਦਰ ਦੇ ਡੈਡੀ ਲਛਮਣ ਸਿੰਘ? ਹਾਂ ਜੀ ਸਤਿ ਸ੍ਰੀ ਅਕਾਲ। ਮੈਂ ਸੁਖਦੀਪ ਭਿੰਡਰ। ਅਸੀਂ ਤੁਹਾਡੀਆਂ ਹੀ ਗੱਲਾਂ ਕਰ ਰਹੇ ਸੀ। ਮੈਂ ਫੜਾਉਂਨਾ ਗੁਰਜੋਤ ਨੂੰ। ਉਸਨੇ ਗੁਰਜੋਤ ਨੂੰ ਅਵਾਜ਼ ਦਿੱਤੀ। ਮੈਨੂੰ ਫੋਨ ਤੇ ਅਵਾਜ਼ ਵੀ ਸੁਣੀ ਕੁੱਝ ਘੁਸਰ-ਮੁਸਰ ਵੀ ਹੋਈ ਤੇ ਫੇਰ ਗੁਰੋ ਦਾ ਫੋਨ ਨੂੰ ਫੜਨ ਦਾ ਪੱਲ ਵੀ ਮਹਿਸੂਸ ਹੋਇਆ। ਅਗਲੇ ਹੀ ਪੱਲ ਗੁਰੋ ਦੀ ਮਿੱਠੀ ਅਵਾਜ਼, “ਹੈਲੋ, ਹਾਂ ਜੀ, ਵੀਰ ਜੀ ਸਤਿ ਸ੍ਰੀ ਅਕਾਲ। ਜੀ ਮੈਂ ਫੋਨ ਕੀਤਾ ਸੀ ਬਾਬਾ ਜੀ ਦਾ ਹੁਕਮ ਇੱਕ ਸੌ ਇੱਕ ਅਚਾਰ ਦੇ ਪੀਪੇ।”
“ਉਹ ਤੇ ਠੀਕ ਹੈ ਪਰ ਅਸੀਂ ਕੈਨੇਡਾ ਬੈਠੇ ਇਹ ਅਚਾਰ ਦੇ ਪੀਪੇ…ਗੁਰਮੁਖਪੁਰ ਦੇ ਡੇਰੇ। ਇਹ ਉਹੋ ਡੇਰਾ ਹੈ ਨਾ ਜਿਹੜਾ ਜੀ.ਟੀ ਰੋਡ ਦੇ ਉੱਤੇ ਹੀ ਹੈ। ਹਰੇ ਝੰਡੇ ਵਾਲਾ, ਤਾਰਾਂ ਵਾਲਾ ਪੁੱਲ ਲੰਘਕੇ। ਉਹ ਤੇ ਸ਼ਰਦਾਈ ਵਾਲੇ ਬਾਬਾ ਜੀ ਦਾ ਡੇਰਾ ਹੈ।”
“ਹਾਂ ਹਾਂ ਤੁਸੀਂ ਠੀਕ ਸਮਝੇ ਇਹ ਸ਼ਰਦਾਈ ਨਾਲੇ ਬਾਬਾ ਜੀ ਹੀ ਹਨ।
“ਉਹੋ ਮੈਂ ਤਾ ਜਾਣਦਾ ਹਾਂ ਇਨ੍ਹਾਂ ਨੂੰ, ਇਹ ਹੀ ਅੱਜਕਲ ਕੈਨੇਡਾ ਆਏ ਹੋਏ ਹਨ। ਇਹ ਹੀ ਹਨ ਤੁਹਾਡੇ ਬਾਬਾ ਜੀ?” ਮੈਂ ਹੈਰਾਨੀ ਨਾਲ ਪੁੱਛਿਆ।
“ਜੀ, ਜੀ, ਲਛਮਣ ਜੀ ਤੁਸੀਂ ਠੀਕ ਬੁੱਝਿਆ।”
ਮੈਂ ਸੋਚੀਂ ਪੈ ਗਿਆ, “ਕੀ ਹੁਕਮ?”
“ਹੁਕਮ ਸਾਡਾ ਕਾਹਦਾ ਬਾਬਾ ਜੀ ਦਾ ਹੈ।”
“ਪਰ ਗੁਰੋ ਜੀ ਅਸੀਂ ਇੱਕ ਸੌ ਇੱਕ ਪੀਪੇ ਅਚਾਰ ਦੇ ਪੈਸੇ ਦੇ ਦਿੰਦੇ ਹਾਂ। ਡੇਰੇ ਵਾਲੇ ਆਪ ਅਚਾਰ ਖਰੀਦ ਲੈਣ।”
” ਲਛਮਣ ਸਿੰਘ ਜੀ ਤੁਹਾਨੂੰ ਸ਼ਾਇਦ ਪਤਾ ਨਹੀਂ ਸ਼ਰਦਾਈ ਵਾਲੇ ਬਾਬਾ ਜੀ ਦੇ ਚਰਨੀਂ ਤੇ ਉਨ੍ਹਾਂ ਦੇ ਡੇਰੇ ਮਾਇਆ ਨਹੀਂ ਚੜਦੀ। ਸਿਰਫ ਰਸਦ ਚੜਦੀ ਹੈ,ਉਹ ਵੀ ਜਿਤਨੀ ਜ਼ਰੂਰਤ ਹੋਵੇ। ਬਾਬਾ ਜੀ ਮਾਇਆ ਨੂੰ ਕਲਜੋਗਣ ਸਮਝਦੇ ਹਨ। ਉਨ੍ਹਾਂ ਦੀਆਂ ਉਹੋ ਜਾਨਣ। ਮੈਨੂੰ ਤੇ ਸਿਰਫ ਇਤਨਾ ਕਿਹਾ ਕਿ ਦਵਿੰਦਰ ਨੂੰ ਮਿਲਣ ਤੋਂ ਪਹਿਲਾਂ ਪੀਪੇ ਅਚਾਰ ਦੇ ਡੇਰੇ ਵਾਸਤੇ ਚਾਹੀਦੇ ਹਨ, ਉਸਦਾ ਬੰਦੋਬਸਤ ਜਾਂ ਤਾਂ ਦਵਿੰਦਰ ਕਰੇ ਜਾਂ ਮੈਂ ਖੁਦ ਕਰੂੰਗਾ। ਜਦੋਂ ਮੈਂ ਪੁੱਛਿਆ ਦਵਿੰਦਰ ਤਾਂ ਬੋਲ੍ਹਾ, ਗੂੰਗਾ ਬੇਸਮਝ…ਤਾਂ ਹੱਸ ਪਏ ਤੇ ਕਹਿੰਦੇ ਉਹ ਬੜਾ ਸ਼ੈਤਾਨ ਹੈ, ਸਾਨੂੰ ਸਾਰਿਆਂ ਨੂੰ ਚਾਰਦਾ ਪਿਆ ਭੇਡਾਂ ਬਕਰੀਆਂ ਸਮਝਕੇ। ਉਸਦੇ ਕੰਨ ਦੇ ਕੋਲ ਹੌਲੀ ਜੇਹੀ ਕਹੋ ਅਚਾਰ ਖਾਣਾ ਈ ਫੇਰ ਵੇਖਿਓ ਕੀ ਕੌਤਕ ਹੁੰਦਾ ਹੈ। ਵੀਰ ਜੀ ਇਹ ਬੰਦੋਬਸਤ ਕਰੋ ਨਹੀਂ ਤਾਂ ਬਾਬਾ ਜੀ ਨੂੰ ਆਪ ਇੰਡੀਆ ਜਾਣਾ ਪੈਣਾ। ਬਾਬਾ ਜੀ ਦਾ ਇਹ ਦੋ ਟੁੱਕ ਫ਼ੈਸਲਾ ਅਚਾਰ ਦੇ ਚੜਾਵੇ ਤੋਂ ਬਾਦ ਮੱਸਿਆ ਤੋ ਦੋਂ ਦਿਨ ਪਹਿਲਾਂ ਪੀੜੇ ਤੋਂ ਬਾਦ ਮੇਰੀ ਕੁੱਲੀ ਵਿਚ ਬਾਬਾ ਜੀ ਦੀ ਮੁਲਾਕਾਤ ਹੋਵੇਗੀ ਦਵਿੰਦਰ ਨਾਲ। ਇਸ ਗੱਲ ਦਾ ਦਵਿੰਦਰ ਨੂੰ ਵੀ ਪਤਾ ਹੈ। ਪਰ ਲਛਮਣ ਸਿੰਘ ਜੀ ਅਜੇ ਤੁਸੀਂ ਦਵਿੰਦਰ ਦੇ ਕੰਨ ਵਿਚ ਅਚਾਰ ਵਾਲੀ ਗੱਲ ਨਹੀਂ ਕਹਿਣੀ। ਉਹ ਮੈਂ ਆਪ ਆਵਾਂਗੀ ਬਾਬਾ ਜੀ ਦਾ ਜੂਠਾ ਕੇਸਰ ਲੈਕੇ, ਫਿਰ ਦਵਿੰਦਰ ਨੂੰ ਸੁੱਚਾ ਕਰਕੇ, ਉਸ ਸ਼ੈਤਾਨ ਦੇ ਕੰਨ ਦੇ ਪਰਦੇ ਖੋਲਾਂਗੇ। ਚੰਗਾ ਜੀ ਮੈਂ ਆਵਾਂਗੀ ਬੁੱਧਵਾਰ ਸ਼ਾਮ ਨੂੰ। ਜਸਬੀਰ ਨੂੰ ਕਹਿਣਾ ਘਰ ਵਿਚ ਮੀਟ ਵਾਲੀ ਕੋਈ ਚੀਜ਼ ਨਾ ਹੋਵੇ ਉਸ ਦਿਨ। ਚੰਗਾ ਜੀ ਜੈ ਬਾਬਾ ਜੀ ਦੀ।” ਗੁਰੋ ਨੇ ਫੋਨ ਰੱਖ ਦਿੱਤਾ।
ਮੈਂ ਫੋਨ ਰੱਖਕੇ ਸੋਚੀਂ ਪੈ ਗਿਆ।
ਕੁੱਝ ਗੱਲਾਂ ਨੇ ਮੇਰਾ ਦਿਮਾਗ ਮੱਲ ਲਿਆ। ਕੁੱਝ ਐਸੀਆਂ ਗੁੰਝਲਾਂ…ਮੈਂ ਕਿਤੇ ਨਰਮੀ ਵਰਤਦਾ ਕੋਈ ਗਲਤੀ ਤੇ ਨਹੀਂ ਕਰ ਰਿਹਾ? ਜ਼ਨਾਨੀਆਂ ਤਾਂ ਐਵੇਂ ਮਗਰ ਲੱਗ ਜਾਂਦੀਆਂ ਹਨ। ਇਹ ਤਾਂ ਬੰਦੇ ਨੂੰ ਚਾਹੀਦਾ ਕਦੇ ਕਦੇ ਦਬਕੇ ਤੋਂ ਵੀ ਕੰਮ ਲਵੇ। ਪਰ ਦਬਕਾ ਮਾਰਨ ਲਈ ਵੀ ਕੋਈ ਅਧਾਰ ਚਾਹੀਦਾ। ਗੁਰਦੁਆਰੇ ਜਾਕੇ ਕਿਤਨੇ ਮੱਥੇ ਰਗੜੇ, ਲੰਗਰ ਕਰਵਾਏ। ਹੁਣ ਜਸਬੀਰ ਨੂੰ ਕਿਹੜੀ ਦਲੀਲ ਦੇਵਾਂ ਸਿਵਾਏ…। ਚੱਲ ਛੱਡ ਮਨਾਂ ਗੱਲ ਤਾਂ ਸੋਚਣ ਵਾਲੀ ਹੈ ਕਿ ਗੁਰੋ ਨੂੰ ਤੇ ਉਸਦੇ ਘਰਵਾਲੇ ਨੂੰ ਮੇਰੇ ਨਾਮ ਦਾ ਕਿਵੇਂ ਪਤਾ ਲੱਗਾ? ਤੇ ਉਸਦਾ ਘਰਵਾਲਾ ਸੁਖਦੀਪ ਭਿੰਡਰ …ਜਿਸਨੂੰ ਮੈਂ ਕਦੇ ਮਿਲਿਆ ਨਹੀਂ ਉਹ ਮੇਰੇ ਫੋਨ ਦਾ ਇੰਤਜਾਰ ਕਰ ਰਿਹਾ ਸੀ ਤੇ ਮੇਰੇ ਨਾਮ ਦਾ ਜਾਣੂ ਦਬਵੇਂ ਘੁਟਵੇਂ ਸ਼ਬਦਾਂ ਵਿਚ ਲਛਮਣ ਦਾ ਫੋਨ…ਵਖਰੇ ਲਾਸਟ ਨਾਵਾਂ ਵਾਲੇ ਸ਼ਕੀ ਇਨਸਾਨ, ਦਵਿੰਦਰ ਜਿਸਨੂੰ ਸਾਰੇ ਦਰਵੇਸ਼ ਦਸਦੇ ਹਨ ਇਹ ਸ਼ੈਤਾਨ ਕਹਿ ਰਹੇ ਹਨ।
ਇਹ ਤਾਂ ਕੋਈ ਗਹਿਰੀ ਸਾਜਿਸ਼ ਹੈ, ਪਰ ਇਸ ਸਾਜਿਸ਼ ਦਾ ਕਾਰਣ ਕੀ ਹੋ ਸਕਦਾ ਹੈ?। ਮੈਂ ਖੇਸੀ ਦੀ ਬੁੱਕਲ ਪਰੇ ਸੁਟੀ ਤੇ ਉੱਠਕੇ ਫਾਇਰ ਪਲੇਸ ਦਾ ਸਵਿਚ ਔਨ ਕੀਤਾ, ਅੱਗ ਭਬੂਕੇ ਨਾਲ ਬਲ ਉੱਠੀ। ਸਵਿਚ ਔਫ ਕੀਤਾ ਤਾਂ ਅੱਗ ਪਤਾ ਵੀ ਨਹੀਂ ਲੱਗਾ ਕਿੱਧਰ ਗਈ। ਅੱਗ ਤਾਂ ਐਦਾਂ ਨਹੀਂ ਕਰਦੀ। ਅਸਲੀ ਅੱਗ ਅੱਵਲ ਤਾਂ ਮਚਦੀ ਨਹੀਂ ਜੇ ਮੱਚ ਜਾਏ ਤਾਂ ਛੇਤੀ ਬੁਝਦੀ ਨਹੀਂ।
ਨੇਕੀ ਬਦੀ ਦੀ ਸ਼ਤਰੰਜ ਦੀ ਬਾਜ਼ੀ ਨੂੰ ਅਜੇ ਮਹੀਨਾ ਵੀ ਨਹੀ ਸੀ ਹੋਇਆ। ਸਾਰੇ ਹੀ ਪੁਰਾਣੇ ਸਨ ਕੁਲਦੀਪ ਦੇ ਘਰ। ਜਾਣੀਆਂ ਪਛਾਣੀਆਂ ਟਾਈਆਂ ਦੀ ਹਿਲਜੁਲ ਵਿਚ ਸਿਰਫ ਗੁਰੋ ਹੀ ਵਖਰੀ ਗੁਰਗਾਬੀ ਪਾਈ ਫਿਰਦੀ ਸੀ। ਉਹ ਓਪਰੀ ਲੱਗ ਹੀ ਨਹੀਂ ਰਹੀ ਸੀ। ਜਸਬੀਰ ਨਾਲ ਹੱਸ ਹੱਸ ਗਲਾਂ ਪਈ ਕਰਦੀ ਸੀ। ਮੈਨੂੰ ਤਾਂ ਇਤਨਾ ਹੀ ਪਤਾ ਹੈ ਜਸਬੀਰ ਨੇ ਮੇਰੇ ਕੋਟ ਦੀ ਜੇ.ਬ ਵਿਚੋਂ ਆਕੇ ਪੈਨ ਧੂ ਲਿਆ ਸੀ।
” ਉਹ ਕੌਣ ਸੀ?”
“ਗੁਰੋ।”
ਦਵਿੰਦਰ ਦੀ ਉਂਗਲ ਫੜਕੇ ਸਾਡੇ ਘਰ ਆਣ ਵੜੀ। ਸ਼ਰਦਾਈ ਵਾਲੇ ਬਾਬੇ ਦੀ ਗੁਰੋ ਸ਼ਰਬਤੀ ਅੱਖਾਂ ਵਾਲੀ,ਸੁਆਦ ਡਿੰਪਲ ਵਾਲੀ,ਮਾਮੂਲੀ ਜਿਹੀ ਓਵਰ ਵੇਟ। ਉਦੋਂ ਮੇਰੇ ਮੂੰਹ ਤੇ ਮੁਸਕਰਾਹਟ ਆਈ ਸੀ।
ਬੁੱਧਵਾਰ ਸ਼ਾਮ ਨੂੰ ਮੈਂ ਦੁਬਾਰਾ ਸ਼ੇਵ ਕਰ ਰਿਹਾ ਸੀ। ਜਸਬੀਰ ਨੇ ਚਾਹ ਧਰੀ ਸੀ। ਦਵਿੰਦਰ ਬਾਹਰ ਪੋਰਚ ਵਿਚ ਬੈਠਾ ਜਿਵੇਂ ਕਿਸੇ ਦੀ ਇੰਤਜਾਰ ਕਰ ਰਿਹਾ ਹੋਵੇ। ਦਵਿੰਦਰ ਦੀ ਪਾਈ ਦੁਹਾਈ ਵੇਲੇ ਮੈਂ ਆਖਰੀ ਕਿਰਚ ਕਿਰਚ ਕਰ ਰਿਹਾ ਸੀ। ਓਲਡ ਸਪਾਈਸ ਦੀ ਆਫਟਰ ਸ਼ੇਵ ਮੇਰੇ ਹੱਥਾਂ ਨੂੰ ਠੰਡੀ ਠੰਡੀ ਲੱਗੀ।
ਗੁਰੋ ਦੀ ਸਤਿ ਸ੍ਰੀ ਅਕਾਲ ਦੇ ਜੁਆਬ ਵਿਚ ਮੈਂ ਜੈ ਬਾਬੇ ਦੀ ਕਿਹਾ। ਗੁਰੋ ਨੇ ਵੀ ਦੁਹਰਾਇਆ। ਗੁਰੋ ਦੀਆਂ ਅੱਖਾਂ ਨੇ ਤਾੜਿਆ ਮੇਰੀ ਤਿਆਰੀ ਪੂਰੀ ਸੀ। ਮੈਂ ਹੁਣ ਮਾਨਸਿਕ ਤੌਰ ਤੇ ਤਿਆਰ ਸੀ ਲੌਂਗ ਡਰਾਈਵ ਲਈ, ਬਾਬਾ ਜੀ ਨੂੰ ਮੱਥਾ ਟੇਕਣ ਲਈ ਵੀ ਤੇ ਗੁਰੋ ਦੀ ਹਰ ਗੱਲ ਸੁਣਨ ਨੂੰ ਵੀ…ਆਖਰ ਦਵਿੰਦਰ ਦੇ ਭਲੇ ਦਾ ਸੁਆਲ ਸੀ।
“ਜੀ ਗੁਰੋ ਜੀ ਤੁਹਾਡੇ ਹੁਕਮ ਮੁਤਾਬਕ ਅਚਾਰ ਦੇ ਪੀਪੇ ਗੁਰਮੁਖਪੁਰ ਦੇ ਡੇਰੇ ਪਹੁੰਚਾ ਦਿੱਤੇ ਹਨ ਸਾਡੇ ਸ਼ੀਰੇ ਨੇ।”
“ਜੀ ਰਾਤੀਂ ਆਇਆ ਸੀ ਫੋਨ ਡੇਰੇ ਤੋਂ, ਬਾਬਾ ਜੀ ਦੇ ਮੋਬਾਇਲ ਤੇ। ਬਾਬਾ ਜੀ ਖੁਸ਼ ਸਨ। ਮੇਹਰਬਾਨ ਲਗਦੇ ਸਨ। ਬਸ ਤੁਸੀਂ ਵੇਖਦੇ ਜਾਇਉ ਰੰਗ ਕਰਤਾਰ ਦੇ।”
ਜਸਬੀਰ ਚਾਹ ਦੀ ਟਰੇਅ ਲੈਕੇ ਆ ਗਈ।
“ਨਹੀਂ ਨਹੀਂ ਚਾਹ ਨਹੀਂ ਪੀਣੀ ਕਿਸੇ ਨੇ ਵੀ।” ਗੁਰੋ ਨੇ ਹੁਕਮੀਆਂ ਲਹਿਜੇ ਵਿਚ ਕਿਹਾ।
“ਪੰਜਵੇਂ ਪਹਿਰ ਦਾ ਸੁੱਚਾ ਮੂੰਹ ਬਤਾਲੀ ਮਿੰਟ ਬਾਦ ਸ਼ੁਰੂ ਹੋਣ ਵਾਲਾ ਹੈ। ਜਸਬੀਰ ਚਲ, ਜਲਦੀ ਜਲਦੀ ਦਵਿੰਦਰ ਨੂੰ ਅਸ਼ਨਾਨ ਕਰਵਾ ਦੇ। ਇਸਦਾ ਮੱਥਾ ਚੰਗੀ ਤਰ੍ਹਾਂ ਰਗੜੀਂ। ਮੈਂ ਉਨ੍ਹਾਂ ਚਿਰ ਕੇਸਰ ਨੂੰ ਨਵ-ਮੱਸਤਕ ਕਰ ਲਵਾਂ। ਮੈਨੂੰ ਸਮਗਰੀ ਦੇ ਜਾ।”ਜਸਬੀਰ ਨੇ ਇੱਕਠੀ ਕੀਤੀ ਹੋਈ ਸਮਗਰੀ ਰਸੋਈ ਦੇ ਕਾਊਂਟਰ ਤੇ ਰੱਖੀ ਹੋਈ ਸੀ। ਉਸਨੇ ਗੁਰੋ ਨੂੰ ਇਸ਼ਾਰੇ ਨਾਲ ਦਿਖਾ ਦਿੱਤੀ।
“ਚਲ ਚਲ ਛੇਤੀ ਕਰ ਗੁਰੋ ਨੇ ਜਸਬੀਰ ਨੂੰ ਫਟਾਫਟ ਪੌੜੀਆਂ ਚੜਾ ਦਿਤਾ। ਗੁਰੋ ਰਸੋਈ ਵਿਚ ਜਾਕੇ ਪਿੱਤਲ ਦੀ ਥਾਲੀ ਵਿਚ ਪਏ ਆਟੇ ਨੂੰ ਹਲਕਾ ਹਲਕਾ ਪਲੋਸਣ ਲੱਗ ਪਈ। ਥਾਲੀ ਵਿਚ ਪਏ ਸਮਾਨ ਨੂੰ ਜਸਬੀਰ ਨੇ ਕਦੋਂ ਖਰੀਦਿਆ,ਮੈਨੂੰ ਨਹੀਂ ਪਤਾ। ਉਸ ਨਿੱਕਸੁੱਕ ਵਿਚ ਮੈਨੂੰ ਕਈਆਂ ਦੇ ਨਾਵਾਂ ਦਾ ਵੀ ਨਹੀਂ ਪਤਾ। ਹਾਂ ਨਾਰੀਅਲ,ਮੌਲੀ, ਕਾਲੇ ਛੋਲਿਆਂ ਦੇ ਦਾਣੇ,ਆਲੂ ਤੇ ਹੋਰ ਕੁੱਝ ਚੀਜ਼ਾਂ ਦੀ ਪਛਾਣ ਸੀ ਪਰ ਬਾਕੀ ਰੰਗ ਬਰੰਗੀਆਂ ਚੀਜ਼ਾਂ ਤਾਂ ਕਦੇ ਕਦੇ ਹਲਵਾਈਆਂ ਕੋਲ ਹੀ ਵੇਖੀਆਂ ਸਨ। ਮੈਂ ਵੀ ਰਸੋਈ ਵਿਚ ਮਗਰੇ ਗਿਆ ਤਾਂ ਗੁਰੋ ਬੋਲੀ, “ਲਛਮਣ ਜੀ, ਰੇਖਾ ਵਿਚ ਰਹੋ ਤੇ ਹੱਥ,ਪੈਰ ਤੇ ਅੱਖਾਂ ਜੂਠੀਆਂ ਨਹੀਂ ਕਰਨੀਆਂ ਜਿੰਨ੍ਹਾਂ ਚਿਰ ਕੇਸਰ ਨਹੀਂ ਲਗਦਾ।”
ਮੈਂ ਡਰ ਕੇ ਬਾਹਰ ਆ ਗਿਆ। ਅਗਰਬੱਤੀ ਦੀ ਖੁਸ਼ਬੋ ਚਾਰੇ ਪਾਸੇ ਫੈਲ ਗਈ। ਮੈ ਟੈਲੀਵੀਯਨ ਬੰਦ ਕਰ ਦਿੱਤਾ। ਗੁਰੋ ਸਤਿਨਾਮ ਵਾਹਿਗੁਰੂ ਦਾ ਨਾਮ ਜਪਣ ਲੱਗੀ। ਫਿਰ ਗੁਰੋ ਮੇਰੇ ਸਮਝ ਤੋਂ ਬਾਹਰੇ ਮੰਤਰ ਬੋਲਣ ਲੱਗ ਪਈ। ਗੁਰੋ ਭੁੰਝੇ ਬੈਠ ਗਈ। ਚੌਕੜੀਮਾਰ ਕੇ ਬਾਹਵਾਂ ਨੂੰ ਸਿੱਧਾ ਗੋਡਿਆਂ ਉਪਰ ਟਿਕਾ ਦਿਤਾ, ਬਿਲਕੁਲ ਰਿਸ਼ੀਆਂ ਵਾਂਗ।
ਇਤਨੇ ਚਿਰ ਨੂੰ ਮਾਂ-ਪੁੱਤ ਵੀ ਥੱਲੇ ਆ ਗਏ। ਗੁਰੋ ਦੇ ਮੰਤਰ ਖਤਮ ਹੋ ਗਏ। ਫਿਰ ਉਹ ਅਰਦਾਸ ਕਰਨ ਲੱਗ ਪਈ। ਉਸਦੀ ਅਰਦਾਸ ਵਖਰੀ ਸੀ। ਚੰਨ ਤਾਰਿਆਂ ਦੀਆਂ ਗੱਲਾਂ ਕਰਦੀ ਰਿੱਧੀਆਂ ਸਿੱਧੀਆਂ ਨੂੰ ਚਿਤਾਰਦੀ, ਸ਼ਰਦਾਈ ਬਾਬਾ ਜੀ ਦੀਆਂ ਪੀੜੀਆਂ ਨੂੰ ਯਾਦ ਕਰਨ ਲੱਗੀ। ਸ਼ਰਦਾਈ ਬਾਬਾ ਜੀ ਦਾ ਚਾਰ ਯੁੱਗ ਪਹਿਲਾਂ ਨਾਮ ਮੁਕੰਦੀ ਨੀਰ ਸੀ। ਮੁਕੰਦੀ ਨੀਰ ਸ਼ਿਵ ਦੇ ਬੜੇ ਭਗਤ ਸਨ। ਗੁਰੋ ਨੇ ਕਦੋਂ ਅਰਦਾਸ ਖਤਮ ਕੀਤੀ ਤੇ ਕਦੋਂ ਦਵਿੰਦਰ ਨੂੰ ਕੋਲ ਪਈ ਪੀੜੀ ਤੇ ਇਸ਼ਾਰੇ ਨਾਲ ਬਠਾਇਆ ਤੇ ਕਦੋਂ ਉਸਨੇ ਕਥਾ ਸ਼ੁਰੂ ਕੀਤੀ ਪਤਾ ਹੀ ਨਾ ਚਲਿਆ। ਮੁਕੰਦੀ ਨੀਰ ਕਰੋਧੀ ਬੜੇ ਸਨ। ਮਾਂ ਨਾਲ ਲੜ ਪੈਂਦੇ। ਸਮਾਧੀ ਭੰਗ ਹੋ ਜਾਂਦੀ। ਸ਼ਿਵ ਜੀ ਪ੍ਰਗਟ ਹੋਏ। ਸ਼ਿਵ ਜੀ ਨੇ ਕਰਮੰਡਲ ਵਿਚੋਂ ਸ਼ਰਦਾਈ ਦਾ ਪ੍ਰਸਾਦ ਦਿਤਾ ਤੇ ਕਿਹਾ ਅਜੇ ਤਿੰਨ ਯੁੱਗ ਹੋਰ ਲਗਣਗੇ ਫੇਰ ਤੇਰੀ ਮਾਂ ਹੀ ਤੈਨੂੰ ਅਮਰ ਹੋਣ ਦਾ ਵਰਦਾਨ ਦੇਵੇਗੀ। ਸਤਯੁੱਗ,ਦੁਆਪਰ, ਤਰੇਤਾ ‘ਚੋਂ ਗੁਜ਼ਰਦੇ ਹੋਏ ਕਲਯੁੱਗ ਵਿਚ ਆਕੇ ਮੁਕੰਦੀ ਨੀਰ ਬਾਬਾ ਜੀ ਦੀ ਤਪਸਿਆ ਪੂਰੀ ਹੋਈ। ਬਾਰਾਂ ਸਾਲ ਬਾਦ ਲੱਗਾ ਸੀ ਉਹ ਸੂਰਜ ਗ੍ਰਹਿਣ ਜਦੋਂ ਮਾਂ-ਜਨਨੀ ਨੇ ਕੇਸਰ ਦਾ ਟਿੱਕਾ ਲਗਾਕੇ ਗੰਗਾ ਦੇ ਕਿਨਾਰੇ ਮੁਕੰਦੀ ਨੀਰ ਦੇ ਕਰੋਧ ਦੀ ਕੁੰਜ ਲਾਕੇ ਗੰਗਾ ਵਿਚ ਵਹਾ ਦਿੱਤੀ।ਮਾਂ ਨੇ ਤਾਕੀਦ ਕੀਤੀ ਆਪਣਾ ਨਾਮ ਕਿਸੇ ਜਣੇ ਖਣੇ ਨੂੰ ਨਹੀਂ ਦਸਣਾ। ਇਹ ਸਿਰਫ ਨਾਮ ਲੈਣ ਵਾਲੇ ਨੂੰ ਹੀ ਦਸਣਾ ਹੈ। ਇਹ ਸਾਰੀ ਕਾਰਵਾਈ ਚਲ ਹੀ ਰਹੀ ਸੀ ਜਦੋਂ ਕਿਸੇ ਦੇਵਤੇ ਨੇ ਭਾਵਨਾ ਵੱਸ ਹੋਕੇ ਬਾਬਾ ਜੀ ਦੇ ਚਰਨਾਂ ਵਿਚ ਸੋਨੇ ਦੀਆਂ ਮੋਹਰਾਂ ਚੜਾ ਦਿਤੀਆਂ। ਮਾਂ-ਜਨਨੀ ਨੂੰ ਗੁੱਸਾ ਆ ਗਿਆ। ਉਸ ਕਰੋਧ ਨਾਲ ਹੀ ਬਾਬਾ ਜੀ ਦਾ ਹੱਥ ਫੇਰ ਜੂਠਾ ਹੋ ਗਿਆ। ਆਵਾਗਮਨ ਫਿਰ ਸ਼ੁਰੂ ਹੋ ਸਕਦਾ ਸੀ। ਪਰ ਉਸਦਾ ਇੱਕ ਹੱਲ ਵੀ ਸੀ। ਉਸ ਕਰੋਧ ਦਾ ਕਾਰਣ ਉਹ ਮਾਇਆ,ਉਹ ਸੋਨੇ ਦੀਆਂ ਮੋਹਰਾਂ ਨੂੰ ਗੰਗਾ ਵਿਚ ਵਹਾ ਦਿੱਤਾ ਜਾਵੇ। ਬੱਸ ਉਸ ਦਿਨ ਤੋਂ ਲੈਕੇ ਅੱਜ ਤਕ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ। ਆਉਂਦੇ ਹਨ ਕਈ ਸ਼ਰਧਾਲੂ ਡਾਲਰਾਂ ਦੇ ਥੱਬੇ ਲੈਕੇ। ਬਾਬਾ ਜੀ ਦੀ ਨਰਾਜ਼ਗੀ ਸਹੇੜਦੇ ਹਨ।
ਮਾਇਆ ਤੇ ਕਰੋਧ …ਬੱਸ ਦੋਵੇਂ ਚੀਜ਼ਾਂ ਦੀ ਭਟਕਣ ਅਜੇ ਵੀ ਬੇਚੈਨ ਕਰਦੀ ਹੈ ਬਾਬਾ ਜੀ ਨੂੰ। ਜਿਉਂ ਜਿਉਂ ਉਪਕਾਰ ਕਰਦੇ ਹਨ ਮਾਇਆ ਨੂੰ ਵੇਖਕੇ ਕਰੋਧ ਵਿਚ ਆਉਂਣਾ ਘਟਦਾ ਜਾਂਦਾ ਹੈ। ਬਚਨ ਬਿਲਾਸ ਕਰਦਿਆਂ ਅਸੀਂ ਵੀ ਕਈ ਵਾਰ ਮਸ਼ਵਰਾ ਦਿੰਦੇ ਹਾਂ। ਬਾਬਾ ਜੀ ਜੇ ਕੋਈ ਸ਼ਰਧਾਲੂ ਮਾਇਆ ਦਰਬਾਰ ਵਿਚ ਚੜਾਉਂਣੀ ਚਾਹੁੰਦਾ ਹੈ ਤਾਂ ਤੁਸੀਂ ਕਿਹੜਾ ਆਪਣੇ ਲਈ ਵਰਤਣੀ ਹੈ ਮਾਇਆ। ਉਹ ਤਾਂ ਦਰਬਾਰ ਲਈ ਜਾਂ ਸੰਗਤ ਦੇ ਭਲੇ ਲਈ ਹੀ ਖਰਚ ਹੋਣੀ ਹੈ। ਬਾਬਾ ਜੀ ਮੁਸਕਰਾ ਪੈਂਦੇ ਹਨ। ਭਗਤੋ, ਸੱਚ ਦੀ ਭਾਲ ਲਈ ਮਹਿਲਾਂ ਵਰਗੇ ਦਰਬਾਰਾਂ ਦੀ ਲੋੜ ਨਹੀਂ। ਸੱਚ ਦੀ ਖੋਜ਼ ਲਈ ਕੱਖਾਂ ਦੀ ਕੁੱਲੀ ਸਗੋਂ ਉੱਤਮ ਹੈ।”
“ਪਰ ਗੁਰੋ ਜੀ ਮੁਆਫ ਕਰਨਾ ਮੇਰਾ ਇੱਕ ਸੁਆਲ ਹੈ ਤੁਹਾਨੂੰ, ਬਾਬਾ ਜੀ ਬਾਰੇ।”
“ਜੀ ਫਰਮਾਉ।” ਬਾਬਾ ਹੀ ਬਣੀ ਗੁਰੋ ਮੁਸਕਰਾ ਕੇ ਬੋਲੀ।
“ਜੇ ਬਾਬਾ ਜੀ ਮਾਇਆ, ਐਸ਼ੋ ਅਰਾਮ ਤੇ ਹੋਰ ਦੁਨਿਆਵੀ ਸੁਖਾਂ ਤੋਂ ਬੇਨਿਆਜ਼ ਹਨ ਤਾਂ ਉਹ ਕੈਨੇਡਾ ਕਿਉਂ ਆਏ ਹਨ। ਸੱਚ ਦੀ ਖੋਜ਼ ਤਾਂ ਭਾਰਤ ਵਿਚ ਵੀ ਹੋ ਸਕਦੀ ਹੈ। ਕਦੇ ਅਮਰੀਕਾ ਕਦੇ ਆਸਟਰੇਲੀਆ ਕਦੇ ਇੰਗਲੈਂਡ ਦਾ ਭਰਮਣ ਤਾਂ ਇਹੋ ਸਿੱਧ ਕਰਦਾ ਹੈ ਕਿ ਬਾਬਾ ਜੀ ਮਾਇਆ ਪਿੱਛੇ ਭੱਜੇ ਫਿਰਦੇ ਹਨ ਤੇ ਤੁਸੀਂ ਕਹਿੰਦੇ ਹੋ ਮਾਇਆ ਬਾਬਾ ਜੀ ਮਗਰ ਭੱਜੀ ਫਿਰਦੀ ਹੈ ਤੇ ਉਹ ਹੱਥ ਵੀ ਨਹੀਂ ਲਾਉਂਦੇ। ਆਖਰ ਇਹ ਮਾਜਰਾ ਕੀ ਹੈ। ਇਹ ਨੱਠ-ਭੱਜ, ਇਹ ਵਡੇ ਵਡੇ ਸਤਿਸੰਗ।”
“ਲਛਮਣ ਜੀ, ਇਹ ਸੁਆਲ ਪਹਿਲੀ ਵਾਰ ਨਹੀਂ ਪੁੱਛਿਆ ਗਿਆ। ਸਾਡੀ ਕੋਸ਼ਿਸ਼ ਹੁੰਦੀ ਹੈ ਸਤਿਸੰਗੀਆਂ ਦੀ ਕਿ ਇਹ ਸੁਆਲ ਸਾਡੇ ਤੱਕ ਹੀ ਰਹੇ। ਬਾਬਾ ਜੀ ਤੱਕ ਵੀ ਪਹੁੰਚ ਜਾਂਦਾ ਹੈ। ਉਹ ਗੁੱਸਾ ਨਹੀਂ ਕਰਦੇ ਪਰ ਉਨ੍ਹਾਂ ਦਾ ਮੰਨ ਉਚਾਟ ਹੋ ਜਾਂਦਾ ਹੈ। ਕਿਹੜੀ ਸੰਸਥਾ ਹੈ ਜਿਹਦੇ ਬਾਰੇ ਲੋਕੀਂ ਗੱਲਾਂ ਨਹੀਂ ਕਰਦੇ। ਗੁਰਦੁਆਰੇ,ਮੰਦਰ,ਮਸੀਤਾਂ ਹਰ ਜਗ੍ਹਾ ਰੱਬ ਦਾ ਪ੍ਰਵਾਹ ਚਲਦਾ ਹੈ। ਰੈਡ-ਕਰਾਸ, ਮਾਨਵ ਕਲਿਆਣ ਸੰਸਥਾਵਾਂ ਆਦਮਜਾਤ ਦੇ ਭਲੇ ਦੀਆਂ ਯੋਜਨਾਵਾਂ ਬਣਾਉਂਦੀਆਂ ਹਨ ਪਰ ਮਾੜੀਆਂ ਨੀਯਤਾਂ ਵਾਲੇ ਹਰ ਜਗ੍ਹਾ ਹੁੰਦੇ ਹਨ। ਬੰਦਾ ਭਾਵੇਂ ਇੰਡੀਆ ਰਹੇ ਜਾਂ ਕੈਨੇਡਾ ਉਸਦੇ ਗੁਣ ਔਗੁਣ ਉਸਦੇ ਨਾਲ ਹੀ ਰਹਿੰਦੇ ਹਨ।”
“ਗੁਰੋ ਜੀ ਐਵੇਂ ਹਨੇਰੇ ‘ਚ ਤੀਰ ਨਾ ਮਾਰੋ। ਮੇਰੇ ਸੁਆਲ ਦਾ ਸਿੱਧਾ ਜੁਆਬ ਦੇਵੋ। ਬਾਬਾ ਜੀ ਮਾਇਆ ਦੇ ਲਾਲਚ ਤੋਂ ਬਗੈਰ ਕੈਨੇਡਾ ਕੀ ਲੈਣ ਆਏ ਹਨ।’’
ਗੁਰੋ ਮੁਸਕਰਾ ਪਈ ਤੇ ਫਿਰ ਹਸਣ ਲੱਗ ਪਈ। ਉਸਨੇ ਲੱਤਾਂ ਦੀ ਚੌਂਕੜੀ ਵੀ ਖੋ.ਹਲ ਦਿੱਤੀ। ਲੱਤਾਂ ਇੱਕ ਵਾਰ ਖਲਾਰ ਕੇ ਫਿਰ ਇੱਕਠੀਆਂ ਕਰ ਲਈਆਂ ਇੱਕਠੀ ਹੋਈ ਕਮੀਜ਼ ਨੂੰ ਖਿਚ ਕੇ ਹੇਠਾਂ ਕੀਤਾ। ਦੋਵੇਂ ਲੱਤਾਂ ਜੋੜਕੇ ਪਿੱਛੇ ਕਰ ਲਈਆਂ ਤੇ ਸੋਫੇ ਨੂੰ ਢੋ ਲਾ ਲਈ। ਸੋਨੇ ਦੀਆਂ ਮੋਹਰਾਂ ਗੰਗਾ ਵਿਚ ਵਹਾਉਣ ਲਈ ਮੇਰਾ ਦਿੱਲ ਨਾ ਕੀਤਾ। ਇੱਕ ਵਾਰ ਤਾਂ ਮੇਰਾ ਜੀ ਕੀਤਾ, ਮੁਆਫੀ ਮੰਗ ਲਵਾਂ। ਆਪਣੇ ਸ਼ਬਦ ਵਾਪਸ ਲੈ ਲਵਾਂ। ਪਰ ਤੀਰ ਕਮਾਨ ਵਿਚੋਂ ਨਿਕਲ ਚੁੱਕਾ ਸੀ। ਜਿਤਨਾ ਕੁ ਜੁਆਬ ਮਿਲਿਆ ਹੈ ਉਹਦੇ ਨਾਲ ਹੀ ਸਬਰ ਕਰ ਲਵਾਂ। ਸੋਨਾ ਤੇ ਸੋਨੇ ਰੰਗਾ ਕਾਗਜ਼ ਸ਼ਾਇਦ ਇੱਕ ਹੀ ਚੀਜ਼ ਹਨ।
ਮੇਰੇ ਚੇਹਰੇ ਦੀ ਵਿਚਾਰਗੀ ਵੇਖਕੇ ਗੁਰੋ ਬੋਲੀ, “ਲਛਮਣ, ਹਰ ਸੁਆਲ ਦੇ ਦੋ ਪਹਿਲੂ ਹੁੰਦੇ ਹਨ। ਇੱਕ ਹੁੰਦਾ ਹੈ ਵਿਸ਼ਵਾਸ਼ ਤੇ ਦੂਸਰਾ ਹੁੰਦਾ ਹੈ ਤਰਕ। ਤੈਨੂੰ ਕਿਹੜਾ ਜੁਆਬ ਚਾਹੀਦਾ ਹੈ?”
ਮੈਂ ਸੋਚੀਂ ਪੈ ਗਿਆ। ਮੇਰੀ ਸੋਚ ਸੁਆਲ ਨਾਲ ਨਹੀਂ ਸੀ ਬੱਝੀ ਹੋਈ। ਮੇਰੀ ਸੋਚ ਤਾਂ ਉਸ ਪੌੜੀ ਨਾਲ ਜੁੜ ਗਈ ਸੀ ਜਿਸਦੇ ਉਪਰਲੇ ਡੰਡੇ ਨਾਲ ਖਹਿੰਦੀ ਅੰਗੂਰਾਂ ਦੀ ਗੁੱਛੀ ਸੀ। ਦਿਲ ਕਰਦਾ ਸੀ ਅੰਗੂਰਾਂ ਤੇ ਵਿਸ਼ਵਾਸ਼ ਕਰ ਲਵਾਂ। ਵੀਰ ਜੀ, ਲਛਮਣ ਸਿੰਘ ਜੀ, ਲਛਮਣ ਜੀ, ਲਛਮਣ ਤੁਸੀਂ ਤੇ ਤੂੰ…ਬੱਸ ਆਖਰੀ ਡੰਡੇ ਤੇ ਬੈਠਾ ਲੱਛੂ ਹੀ ਮੇਰੀ ਕੀਤੀ ਹਮਾਕਤ ਤੇ ਗੁੱਸੇ ਨਾਲ ਮੇਰਾ ਮੂੰਹ ਚਿੜਾ ਰਿਹਾ ਸੀ।
ਮੈਂ ਦੋਵੇਂ ਹੱਥ ਜੋੜ ਦਿੱਤੇ। ਉਪਜਾਊ ਧਰਤੀ ਨੂੰ ਨਮਸਕਾਰ ਕੀਤਾ।
“ਤਥਾ-ਸਤੂ”
ਗੁਰੋ ਗੋਡਿਆਂ ਭਾਰ ਬੈਠ ਗਈ। ਪੰਜਵੇਂ ਪਹਿਰ ਦਾ ਆਰੰਭ ਹੋ ਚੁੱਕਾ ਸੀ। ਗੁਰੋ ਨੇ ਚੁੰਨੀ ਲਾਹਕੇ ਪਰੇ ਰੱਖ ਦਿਤੀ। ਪਿੱਛੇ ਬੰਨ੍ਹੇ ਵਾਲਾਂ ਦੀ ਰਬੜ ਖਿਚ ਲਈ। ਵਾਲ ਧੌਣ ਦੇ ਦੁਆਲੇ ਫੈਲ ਗਏ। ਦਵਿੰਦਰ ਇੱਕ ਵਾਰ ਤਾਂ ਡਰ ਗਿਆ ਫਿਰ ਗੁਰੋ ਨੂੰ ਹਸਦਾ ਵੇਖਕੇ ਬੇ-ਖੌਫ ਹੋ ਗਿਆ। ਗੁਰੋ ਨੇ ਝਟਕਾ ਦੇਕੇ ਆਪਣੇ ਵਾਲਾਂ ਨੂੰ ਸਤਾਰਾਂ ਸਾਲਾ ਦਵਿੰਦਰ ਦੇ ਸਿਰ ਤੇ ਕਰ ਦਿੱਤਾ ਤੇ ਫੇਰ ਹੌਲੀ ਹੌਲੀ ਵਾਲਾਂ ਨੂੰ ਸਰਕਾਉਂਣ ਲੱਗੀ। ਦਵਿੰਦਰ ਤਾੜੀ ਮਾਰਕੇ ਹੱਸ ਪਿਆ। ਗੁਰੋ ਨੇ ਦੁਬਾਰਾ ਫੇਰ ਉਸੇਤਰ੍ਹਾਂ ਹੀ ਕੀਤਾ। ਮੈਨੂੰ ਪਤਾ ਸੀ ਐਤਕੀਂ ਦਵਿੰਦਰ ਨੇ ਚੀਕ ਮਾਰਕੇ ਹਸਣਾ ਹੈ। ਕਿਤੇ ਵੀ ਅੱਧਨੰਗੀ ਔਰਤ, ਜਿੰਦਾ ਜਾਂ ਫੋਟੋ ਵਿਚ ਵੇਖ ਕੇ ਦਵਿੰਦਰ ਐਸੀ ਹੀ ਚੀਕ ਮਾਰਦਾ ਸੀ। ਸ਼ਾਇਦ ਗੁਰੋ ਨੂੰ ਵੀ ਪਤਾ ਸੀ। ਇਸਤੋਂ ਪਹਿਲਾਂ ਕਿ ਉਹ ਆਪਣੇ ਵਾਲ ਪੂਰੇ ਸਰਕਾਵੇ ਉਸਨੇ ਥਾਲੀ ਵਿਚ ਪਿਆ ਕੇਸਰ ਕਢਿਆ ਤੇ ਦਵਿੰਦਰ ਦੇ ਮੱਥੇ ਵਿਚਕਾਰ ਟਿੱਕਾ ਲਾ ਦਿਤਾ। ਕੰਨ ਵਿਚ ਜ਼ਬਾਨ ਨਾਲ ਗਰਮ ਸਾਹ ਦੀ ਫੂਕ ਮਾਰੀ ਤੇ ਕੰਨ ਦੇ ਬਾਹਰ ਅ…ਚਾ…ਰ… ਕਿਹਾ। ਦਵਿੰਦਰ ਵੀ ਚਾ ਚਾ ਕਰਦਾ ਟਹਿਕ ਪਿਆ। ਸ਼ਇਦ ਉਸਦੀ ਅਧੂਰੀ ਚੀਕ ਦੀ ਵੇਲ ਤੇ ਕੋਈ ਨਵੀਂ ਕਰੂੰਬਲ,ਮਧੁਰ ਅੰਗੜਾਈ ਲੈਕੇ ਖਿੜ ਗਈ ਸੀ। ਅਧੂਰੇ, ਨਾ-ਮੁਕਮੰਲ, ਮਧੁਰ-ਮਿਲਨ ਦੇ ਇਸ ਆਲਮ ਵਿਚ, ਅੱਜ ਇਸ ਵੇਲੇ ਉਹ ਬੱਚੇ ਤੋਂ ਬੰਦਾ ਬਣਨ ਦੀ ਮੌਲਿਕ ਲੀਕ ਤੇ ਪੈਰ ਧਰੀ ਖੜਾ ਸੀ। ਲੀਕ ਦੇ ਉਸ ਪਾਰ ਕੰਬ ਰਿਹਾ ਔਰਤ ਦਾ ਗਰਮ ਸਾਹ ਉਸਦੀਆਂ ਰਗਾਂ ਵਿਚ ਵੜਨ ਲਈ ਕੋਈ ਰਾਹ ਲੱਭ ਰਿਹਾ ਸੀ ਜੋ ਉਸਨੂੰ ਮਿਲ ਨਹੀਂ ਰਿਹਾ ਸੀ। ਮਾਸੂਮੀਅਤ ਦਾ ਬਦੀ ਵਲੋਂ ਕੀਤਾ ਬਲਾਤਕਾਰ ਵੇਖਣਾ, ਮੇਰੇ ਹਿੱਸੇ ਆਏ ਕੋਝੇ ਛਣਾਂ ਦੀ ਸਿਖਰ ਸੀ। ਕਾਰਵਾਈ ਸਮਾਪਤ ਹੋ ਗਈ।
ਇਨ੍ਹਾਂ ਗੱਲਾਂ ਵਿਚ ਵਿਸ਼ਵਾਸ਼ ਨਾ ਕਰਦਾ ਹੋਇਆ ਵੀ ਮੇਰਾ ਮੱਥਾ ਠੱਣਕਿਆ। ਮੈਨੂੰ ਲੱਗਾ ਜਿਵੇਂ ਵਾਕਿਆ ਹੀ ਕੋਈ ਚਮਤਕਾਰ ਹੋਇਆ ਹੋਵੇ। ਪਿਛਲੇ ਸਤਾਰਾਂ ਸਾਲਾਂ ਵਿਚ ਦਵਿੰਦਰ ਦੀਆਂ ਚੀਕਾਂ ਵਿਚ ਕਦੇ ਚਾ ਚਾ ਦੀ ਤਰੰਗ ਸ਼ਾਮਲ ਨਹੀਂ ਸੀ। ਇਹ ਅੱਜ ਕੀ ਕੌਤਕ ਹੋਇਆ ਸੀ। ਕੀ ਵਾਕਿਆ ਹੀ ਕੁੱਝ ਹੈ ਜੋ ਮੈਨੂੰ ਨਹੀਂ ਪਤਾ। ਬੱਸ ਉਹੋ ਇੱਕ ਪੱਲ ਸੀ ਜਿਸਨੇ ਮੇਰਾ ਵਿਸ਼ਵਾਸ਼ ਤਰੇੜ ਦਿੱਤਾ ਸੀ। ਬੱਸ ਇਸ ਤਰੇੜ ਵਿਚ ਉਹ ਸਭ ਕੁੱਝ ਸਮਾਉਂਦਾ ਚਲਾ ਗਿਆ ਜਿਸਦੀ ਮੁਕੰਦ ਨੀਰ ਨੂੰ ਜ਼ਰੂਰਤ ਸੀ। ਭੂਆ ਜੀ ਹਾਰਦੇ ਚਲੇ ਗਏ ਤੇ ਮੁਕੰਦ ਨੀਰ ਜਿੱਤਦਾ ਚਲਾ ਗਿਆ। ਬੱਸ ਉਹੋ ਇੱਕ ਪੱਲ ਸੀ ਜਿਸਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ। ਅਚਾਨਕ ਮੈਨੂੰ ਅਹਿਸਾਸ ਹੋਇਆ ਜਿਵੇਂ ਜਸਬੀਰ ਜਸਬੀਰ ਨਾ ਹੋਵੇ। ਸ਼ਾਂਤ-ਚਿੱਤ ਉਹ ਕੋਈ ਦੇਵੀ ਲੱਗ ਰਹੀ ਸੀ। ਕਿਤਨਾ ਸੌਖਾ ਸੀ ਉਸਦਾ ਉਸ ਰਾਹ ਤੇ ਤੁਰਨਾ ਕਿਉਂਕਿ ਉਹ ਤਿਆਰ ਸੀ ਤੇ ਕਿਤਨਾ ਔਖਾ ਹੈ ਮੇਰੇ ਵਰਗੇ ਸ਼ੰਕਾਵਾਦੀ ਦਾ ਜੋ ਇਸ ਤਾੜ ਵਿਚ ਰਹਿੰਦਾ ਹੈ ਕਿ ਕਦੋਂ ਕਿਸੇ ਦਾ ਵੀ ਸਤਿਸੰਗ ਭੰਗ ਕੀਤਾ ਜਾਵੇ।
ਨਹੀਂ, ਨਹੀਂ, ਮੈਂ ਕੰਨਾਂ ਨੂੰ ਹੱਥ ਲਾ ਲਏ। ਗੁਰੋ ਅਜੇ ਵੀ ਗੋਡਿਆਂ ਭਾਰ ਸੀ। ਉਸਦੇ ਥਲ ਥਲ ਕਰਦੇ ਥੋੜੇ ਜਿਹੇ ਓਵਰ ਵੇਟ ਪੱਟ ਅਜੇ ਵੀ ਮੇਰੇ ਸਾਹਮਣੇ ਸਨ ਪਰ ਹੁਣ ਮੇਰੇ ਮੰਨ ਦੇ ਖੋਟ ਦਾ ਮੈਨੂੰ ਸ਼ਿਦਤ ਨਾਲ ਅਹਿਸਾਸ ਹੋ ਰਿਹਾ ਸੀ।
ਗੁਰੋ ਨਿੱਠ ਕੇ ਬੈਠ ਗਈ। ਮੇਰੇ ਹੱਥ ਸ਼ਰਧਾ ਨਾਲ ਜੁੜ ਗਏ। ਗੁਰੋ ਮੇਰੇ ਵੱਲ ਵੇਖਕੇ ਮੁਸਕਰਾ ਪਈ ਤੇ ਬੋਲੀ, “ਤੈਨੂੰ ਉੱਤਰ ਚਾਹੀਦਾ ਹੈ ਨਾ, ਮੈਂ ਭੁਲੀ ਨਹੀਂ ਤੇਰਾ ਸੁਆਲ।”
“ਨਹੀਂ ਨਹੀਂ ਗੁਰਜੋਤ ਜੀ, ਮੇਰੀ ਕੋਈ ਸ਼ੰਕਾ ਨਹੀਂ। ਮੇਰੇ ਸਾਰੇ ਸੁਆਲ ਨਿਰਮੂ.ਲ, ਨਿਰ-ਜੜ੍ਹ ਹਨ।”
” ਤੇ ਬੋਲ ਸ਼ਰਦਾਈ ਵਾਲੇ ਬਾਬੇ ਦੀ ਜੈ।”
ਮੈਂ ਬੋਲਿਆ, “ਬਾਬਾ ਜੀ ਦੀ ਜੈ, ਗੁਰਜੋਤ ਜੀ ਦੀ ਜੈ।”
“ਤੇਰਾ ਕੁੱਝ ਨਹੀਂ ਹੋ ਸਕਦਾ, ਹੋਪਲੈਸ ਕੇਸ। ਨਾ ਤਰਕ, ਨਾ ਵਿਸ਼ਵਾਸ਼,ਨਾ ਅਡੋਲ ਸ਼ਖਸ਼ੀਅਤ,ਨਾ ਹਿੰਮਤ, ਨਾ ਮਰਦਾਨਗੀ।” ਗੁਰੋ ਕਿਤਨੇ ਹੀ ਅਲੰਕਾਰ ਵਰਤ ਗਈ। ਹੁਣ ਮੇਰੇ ਕੋਲ ਹਜ਼ਾਰਾਂ ਜੁਆਬ ਹਨ। ਹੁਣ ਮੈਂ ਸੋਚਦਾ ਹਾਂ ਜੇ ਉਦੋਂ ਹੀ ਉਸਨੂੰ ਗੁਤੋਂ ਫੜ ਕੇ ਬਾਹਰ ਕਢਿਆ ਹੁੰਦਾ ਤਾਂ ਅੱਜ ਆਹ ਦਿਨ ਨਾ ਦੇਖਣਾ ਪੈਂਦਾ। ਮੇਰਾ ਸਕਤਾ ਹੀ ਮੈਨੂੰ ਮਾਰ ਗਿਆ।
“ਕੀ ਕਹਿ ਰਹੇ ਹੋ ਤੁਸੀਂ?” ਜਸਬੀਰ ਨੇ ਜੋੜੇ ਹੱਥ ਖੋਲ੍ਹ ਦਿੱਤੇ। ਬੰਦ ਅਖਾਂ ਖੋਲ੍ਹ ਦਿਤੀਆਂ। ਜਸਬੀਰ ਦੇ ਚੇਹਰੇ ਤੇ ਨੂਰ ਸੀ। ਆਪਣੀ ਗੱਲ ਦੀ ਪ੍ਰੋੜਤਾ ਨਾਲ ਜੋ ਤਸਲੀ ਮਿਲਦੀ ਹੈ ਉਹ ਹੀ ਸੀ ਜਸਬੀਰ ਦੇ ਵਯੂਦ ਵਿਚ। ਦਵਿੰਦਰ ਵੀ ਉਠਕੇ ਸੋਫੇ ਤੇ ਚੜ ਗਿਆ।
” ਚਲ ਨੀ ਕੁੜੀਏ ਲਿਆ ਚਾਹ। ਜ਼ਰਾ ਸਰੀਰ ਗਰਮ ਕਰੀਏ।” ਗੁਰੋ ਨੇ ਹੁਕਮੀਆ ਲਹਿਜੇ ਵਿਚ ਕਿਹਾ। ਗੁਰੋ ਸਾਡੇ ਬਦਲੇ ਰੰਗ ਨੂੰ, ਆਪਣੀ ਬੀਨ ਦੇ ਅਸਰ ਨੂੰ ਤਾੜ ਗਈ ਸੀ।
“ਹਾਂ ਤੇ ਲਛਮਣ ਹੁਣ ਮੈਂ ਦਿੰਦੀ ਹਾਂ ਤੇਰੇ ਸੁਆਲ ਦਾ ਜੁਆਬ। ਪਹਿਲੀ ਗੱਲ ਤੂੰ ਅਟੰਕ ਰਿਹਾ ਕਰ। ਜੋ ਸੋਚਦਾ ਹੈਂ ਉਸਤੇ ਵਿਸ਼ਵਾਸ਼ ਕਰ। ਇਹ ਨਹੀਂ ਜੋ ਅਗਲੇ ਨੇ ਕਿਹਾ ਉਹੋ ਮੰਨ ਲਿਆ। ਕੀ ਪਤਾ ਮੈਂ ਵੀ ਕੋਈ ਠੱਗ ਹੋਵਾਂ, ਕਿਸੇ ਠੱਗ ਬਾਬੇ ਦੀ ਏਜੰਟ। ਬਾਬਾ ਜੀ ਕੈਨੇਡਾ ਕਿਉਂ ਆਏ ਹਨ। ਇਹੋ ਸੀ ਨਾ ਤੇਰਾ ਸੁਆਲ?”ਗੁਰੋ ਨੇ ਉੱਠਕੇ ਪਾਣੀ ਦਾ ਘੁੱਟ ਭਰਿਆ।
“ਬਾਬਾ ਜੀ ਕੈਨੇਡਾ ਮਾਇਆ ਇੱਕਠੀ ਕਰਨ ਹੀ ਆਏ ਹਨ। ਆਪਣੇ ਸ਼ਰਧਾਲੂਆਂ ਦੇ ਪਿਆਰ ਦੀ ਮਾਇਆ। ਬੰਦਾ ਘਰ ਵਿਚ ਕੁੱਤਾ ਪਾਲ ਕੇ ਉਸਨੂੰ ਪਿਆਰ ਕਰਦਾ ਹੈ। ਹੈਂ ਕਿ ਨਹੀਂ? ਸੋਹਣੀ ਜਾਨ ਤੇ ਖੇਡਕੇ ਮਹੀਵਾਲ ਕੋਲ ਜਾਂਦੀ ਸੀ ਤੇ ਫੇਰ ਵਾਪਸ ਵੀ ਆਉਂਦੀ ਸੀ। ਕਿਉਂ? ਸ੍ਰੀ ਮਾਨ ਜੀ ਬਾਬਾ ਜੀ ਆਪ ਕੈਨੇਡਾ ਨਹੀਂ ਆਉਂਦੇ। ਅਮਰੀਕਾ ਕੈਨੇਡਾ ਜਾਂ ਇੰਗਲੈਂਡ ਮਹਿੰਗੀਆਂ ਕਾਰਾਂ ਵਿਚ ਸਫ਼ਰ ਆਪ ਨਹੀਂ ਕਰਦੇ। ਬੱਸ ਇਹ ਉਨ੍ਹਾਂ ਦੀ ਕਮਜੋਰੀ ਹੈ,ਉਹ ਸ਼ਰਧਾਲੂਆਂ ਦਾ ਆਖਾ ਨਹੀਂ ਮੋੜ ਸਕਦੇ। ਚਲ ਜੇ ਮੈਂ ਤੁਹਾਨੂੰ ਕਹਾਂ ਲਛਮਣ ਜੀ ਕਲ ਕੰਮ ਤੇ ਨਾ ਜਾਇਉ ਆਪਾਂ ਨਿਆਗਰਾ ਫਾਲ ਚਲਾਂਗੇ। ਤੁਸੀਂ ਕੀ ਕਹੋਗੇ?”ਗੁਰੋ ਨੇ ਮੇਰੀਆ ਅੱਖਾਂ ਵਿਚ ਝਾਕਿਆ।
” ਚਲ ਠੀਕ ਹੈ ਨਹੀਂ ਜਾਂਦਾ।” ਮੈਂ ਹੌਲੀ ਜਿਹੀ ਬੋਲਿਆ।
” ਨੀ ਜਸਬੀਰ ਸਾਂਭ ਕੇ ਰੱਖ ਆਪਣੇ ਮੀਏ ਨੂੰ ਫੇਰ ਨਾਂਹ ਕਹੀਂ ਪਹਿਲਾਂ ਨਹੀਂ ਦਸਿਆ। ਇਹ ਤਾਂ ਪੱਟ ਹੋਣ ਨੂੰ ਤਿਆਰ ਬੈਠਾ।”
“ਮੈਂ ਪਾਰਟੀ ਕਰੂੰ ਜਿਦਣ ਮੇਰੇ ਘਰਵਾਲੇ ਦਾ ਵੀ ਕੋਈ ਲਾਂਬਾ ਆਵੇ। ਮੈਂ ਤਾਂ ਤਰਸੀ ਪਈ ਹਾਂ ਕਿ ਮੈਨੂੰ ਵੀ ਕੋਈ ਲਾਂਭਾ ਦੇਵੇ।”ਜਸਬੀਰ ਨੇ ਵੀ ਚਾਂਬਲ ਕੇ ਜੁਆਬ ਦਿੱਤਾ।
ਚਾਹ ਪੀਕੇ ਗੁਰੋ ਉੱਠੀ ਤੇ ਬੋਲੀ ਚੰਗਾ ਮੈਂ ਚਲਦੀ ਹਾਂ ਸਤ-ਸੰਗੀਓ।” ਉਹ ਗੁਰਗਾਬੀ ਦੇ ਪਿੱਛੇ ਉਂਗਲ ਅੜਾ ਰਹੀ ਸੀ। ਪੈਰਾਂ ਦੀ ਇਧਰ-ਉਧਰ ਹਿਲਜੁਲ ਨਾਲ ਉਸਦਾ ਸਾਰਾ ਸਰੀਰ ਲਰਜ਼ ਰਿਹਾ ਸੀ।
“ਉਹ ਜਸਬੀਰ ਜ਼ਰਾ ਰਬੜ ਤੇ ਫੜਾਵੀਂ।” ਉਸਨੇ ਆਪਣੇ ਵਾਲਾਂ ਨੂੰ ਉਂਗਲਾਂ ਨਾਲ ਕੰਘੀ ਕੀਤਾ। ਜਦੋਂ ਜਸਬੀਰ ਰਬੜ ਲੈਣ ਲਿਵ-ਰੂਮ ਗਈ ਤਾਂ ਗੁਰੋ ਮੇਰੇ ਵੱਲ ਵੇਖਕੇ ਲੁੱਚਾ ਜਿਹਾ ਮੁਸਕਰਾਈ। ਪੱਲ ਹੀ ਪੱਲ ਮੈਨੂੰ ਕੱਚੀ ਕੰਧ ਨਾਲ ਲੱਗੀ ਪੌੜੀ ਫਿਰ ਯਾਦ ਆ ਗਈ। ਗੁਰੋ ਚਲੇ ਗਈ। ਗੁਰੋ ਆਈ, ਗੁਰਜੋਤ ਜੀ ਬਣੀ ਤੇ ਜਾਣ ਲਗਿਆਂ ਫਿਰ ਗੁਰੋ ਬਣ ਗਈ। ਅਸੀਂ ਸਤਸੰਗ ਜਾਣ ਲਈ ਦਿਲੋਂ ਤਿਆਰ ਸੀ। ਕੋਈ ਦਵੰਧ ਨਹੀਂ ਸੀ ਉਦੋਂ।
ਸ਼ਰਦਾਈ ਵਾਲੇ ਮੁਕੰਦ ਨੀਰ ਬਾਬਾ ਜੀ ਦੀ ਜੈ। ਮੈਂ ਤੇ ਜਸਬੀਰ ਖਾਲੀ ਅੱਖਾਂ ਨਾਲ ਇੱਕ ਦੂਜੇ ਵੱਲ ਝਾਕ ਰਹੇ ਸੀ। ਜਸਬੀਰ ਦੀਆਂ ਅੱਖਾਂ ਵਿਚ ਜੇਤੂ ਤਸਲੀ ਸੀ। ਜਿਹੜੀ ਗੱਲ ਉਹ ਚਾਹੁੰਦੀ ਸੀ ਉਹ ਅੱਜ ਮੇਰੇ ਖੂਨ ਵਿਚ ਰਲ ਚੁੱਕੀ ਸੀ। ਮੈਂ ਠੱਗ ਬਾਬਿਆਂ ਬਾਰੇ ਉੱਚੀ ਅਵਾਜ਼ ਵਿਚ ਰੌਲਾ ਪਾਉਣ ਵਾਲਾ ਅੱਜ ਉਸ ਪਾਸਿਉਂ ਅੱਖਾਂ ਬੰਦ ਕਰ ਚੁੱਕਾ ਸੀ। ਸਾਧ-ਸੰਤ, ਰੱਬ ਦਾ ਰਾਹ ਦਿਖਾਉਣ ਵਾਲੇ ਅਕਸਰ ਜੀਂਦੇ ਜਾਗਦੇ ਹੀ ਹੋਣਗੇ। ਉਨ੍ਹਾਂ ਦੀ ਮਹਿਮਾਂ ਵੀ ਹੋਵੇਗੀ। ਉਨਾਂ੍ਹ ਦੇ ਸ਼ਰਧਾਲੂ ਮੱਥਾ ਵੀ ਟੇਕਣਗੇ। ਫਿਰ ਇਹ ਦੇਹ-ਧਾਰੀ ਦੇਹ-ਧਾਰੀ ਦਾ ਰੌਲਾ ਪਾਉਂਣ ਵਾਲੇ …ਮੇਰੀ ਆਪਣੀ ਭੂਆ…। ਆਖਰ ਇਹ ਪਰਮ-ਆਤਮਾਵਾਂ ਹੀ ਹਨ ਜੋ ਦਵਿੰਦਰ ਦਾ ਫਿਕਰ ਕਰ ਰਹੀਆਂ ਹਨ। ਫਿਕਰ ਵੀ ਮੇਰੇ ਨਾਲੋਂ ਜ਼ਿਆਦਾ।
ਮੈਂ ਸਾਹਮਣੇ ਪਈ ਪੰਜਾਬੀ ਦੀ ਅਖਬਾਰ ਚੁੱਕੀ। ਇਧਰ ਉਧਰ ਨਜ਼ਰ ਘੁੰਮਾਈ ਫੇਰ ਭਵਾਂ ਕੇ ਪਰਾਂ ਸੁਟ ਦਿੱਤੀ। ਵੱਡੇ ਧਨੰਤਰ ਅਖੇ ਬਚੋ ਠੱਗ ਬਾਬਿਆਂ ਤੋਂ।…ਅੱਜਕਲ ਇੱਕ ਪਖੰਡੀ ਪੰਜਾਬੋਂ ਆਇਆ ਹੈ। ਨਾਮ ਹੈ ਉਸਦਾ ਸ਼ਰਦਾਈ ਵਾਲਾ ਬਾਬਾ। ਭੰਗ ਪੀਂਦਾ ਹੈ। ਭੰਗ ਉਗਾਉਣ ਵਾਲੇ ਉਸਦੇ ਯਾਰ ਹਨ। ਘਰੇ ਆਸਣ ਲਾਉਂਦਾ ਹੈ। ਪੁੱਛਾਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਮੰਤਰ ਪੁੜੀਆਂ ਨਾਲ ਔਰਤਾਂ ਤੇ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਦੀ ਠੱਗੀ ਵੱਜ ਰਹੀ ਹੈ ਤੇ ਸਾਡੇ ਲੀਡਰ ਘੂਕ ਸੁੱਤੇ ਪਏ ਹਨ। ਕਹਿੰਦੇ ਹਨ ਇਸਦੇ ਪੰਜਾਬ ਵਿਚ ਇੱਕਤੀ ਡੇਰੇ ਹਨ। ਇਹ ਬੂਬਣਾ ਕਹਿੰਦਾ ਹੈ ਕਿ ਡੇਰਿਆਂ ਦੀ ਸੰਖਿਆ ਇਕਵੰਜਾ ਕਰਨੀ ਹੈ। ਰਾਤ ਦੇ ਹਨੇਰੇ ਵਿਚ ਕਈ ਅੰਮ੍ਰਿਤ ਧਾਰੀ ਵੀ ਡੰਡੌਤ ਕਰਦੇ ਵੇਖੇ ਗਏ। ਬਿਪਾਸ਼ਾ ਬਾਸੂ ਆਪਣੇ ਵਖਰੇ ਅੰਦਾਜ਼ ਵਿਚ…
ਮੈਨੂੰ ਬਹੁਤ ਗੁੱਸਾ ਆਇਆ। ਖਬਰ ਦੇ ਬਿਲਕੁਲ ਥੱਲੇ ਜੇ ਬਿਪਾਸ਼ਾ ਬਾਸੂ ਨਾ ਹੁੰਦੀ ਤਾਂ ਮੈਂ ਇਸ ਅਖਬਾਰ ਨੂੰ ਤੋੜ ਮਰੋੜ ਕੇ ਅੱਗ ਲਾ ਦੇਣੀ ਸੀ।
ਮੰਗਲਵਾਰ ਛੁੱਟੀ ਕਰਨੀ ਔਖੀ ਸੀ । ਲੌਂਗ ਵੀਕ-ਐਂਡ ਤੋਂ ਬਾਦ ਛੁਟੀ ਕਰਦਿਆਂ ਸੋਮਵਾਰ ਦੀ ਤਨਖਾਹ ਨਹੀਂ ਮਿਲਣੀ ਸੀ।
“ਜੀ ਤੁਹਾਨੂੰ ਤਨਖਾਹ ਦੀ ਪਈ ਏ, ਬਾਬਾ ਜੀ ਨੇ ਸਿਰਫ ਅੱਜ ਹੀ ਮਿਲਣਾ ਹੈ ਅਗਲੀ ਮਸਿਆ ਨੂੰ ਤੇ ਉਨ੍ਹਾਂ ਕੈਲੇਫੋਰਨੀਆਂ ਹੋਣਾ।”ਮੈਂ ਹਾਂ ਵਿਚ ਸਿਰ ਹਿਲਾਇਆ।
ਮੰਗਲਵਾਰ ਸਿਖਰ ਦੁਪਿਹਰਾ। ਅੱਜ ਤਾਪਮਾਨ ਵੀ ਕਾਫੀ ਉੱਪਰ ਸੀ। ਗੁਰਜੋਤ ਤੇ ਸੁਖਦੀਪ ਦੋਵੇਂ ਘਰੇ ਸਨ। ਅਸੀਂ ਬਾਰਾਂ ਵਜ਼ੇ ਹੀ ਪਹੁੰਚ ਗਏ। ਪੀੜ੍ਹੇ ਦਾ ਸਮਾਂ ਦੋ ਵੱਜਕੇ ਦਸ ਮਿੰਟ ਸੀ। ਅਸੀਂ ਲਿਵ ਰੂਮ ਵਿਚ ਬੈਠ ਗਏ। ਲਿਵ-ਰੂਮ ਵਿਚੋਂ ਸੋਫੇ ਕੱਢਕੇ ਸੁਖਦੀਪ ਨੇ ਚਿੱਟੀਆਂ ਚਾਦਰਾਂ ਵਛਾਈਆਂ ਹੋਈਆਂ ਸਨ। ਸਿਰਫ ਇੱਕ ਸੋਫਾ-ਕੁਰਸੀ ਕੰਧ ਨਾਲ ਲਾਈ ਹੋਈ ਸੀ। ਟੈਲੀਵੀਯਨ ਨੂੰ ਚਾਦਰ ਨਾਲ ਢੱਕ ਦਿੱਤਾ ਸੀ। ਸੋਫਾ ਕੁਰਸੀ ਦੀ ਢੋਹ ਨੂੰ ਫੁਲਕਾਰੀ ਨਾਲ ਕਜਿਆ ਸੀ। ਕੁਰਸੀ ਦੀਆਂ ਦੋਹਾਂ ਬਾਹੀਆਂ ਤੇ ਪੀਲੇ ਫੁਲਾਂ ਦੀ ਕਢਾਈ ਵਾਲੀ ਚਿੱਟੀ ਚਾਦਰ ਵਛਾਈ ਹੋਈ ਸੀ ਜਿਸਦੇ ਦੂਸਰੇ ਸਿਰੇ ਥੱਲੇ ਫਰਸ਼ ਤੇ ਸਨ। ਸੋਫੇ ਦੇ ਪੈਰਾਂ ਵਿਚ ਲਕੜ ਦੀਆਂ ਖੜਾਵਾਂ ਪਈਆਂ ਸਨ। ਹੌਲੀ ਹੌਲੀ ਸ਼ਰਧਾਲੂ ਆਉਂਣੇ ਸ਼ੁਰੂ ਹੋ ਗਏ। ਕੁਲ ਤੇਰਾਂ ਸ਼ਰਧਾਲੂਆਂ ਨੂੰ ਆਉਣ ਦਾ ਹੁਕਮ ਸੀ। ਸਾਡੇ ਦੋ ਤੋਂ ਇਲਾਵਾ ਗਿਆਰਾਂ ਨੇ ਹੋਰ ਆਉਂਣਾ ਸੀ। ਗੁਰੋ,ਸੁਖਦੀਪ ਤੇ ਦਵਿੰਦਰ ਤੇਰਾਂ ਦੀ ਗਿਣਤੀ ਵਿਚ ਨਹੀਂ ਸਨ। ਬਾਬਾ ਜੀ ਦਾ ਗੜਵਈ ਵੀ ਇਸ ਗਿਣਤੀ ਵਿਚ ਸੀ।
ਮੈਂ ਅੱਖਾਂ ਮੀਟੀ ਰੱਬ ਨੂੰ ਯਾਦ ਕਰ ਰਿਹਾ ਸੀ। ਅੱਜ ਸ਼ਾਇਦ ਮੇਰਾ ਪੁਨਰ-ਜਨਮ ਸੀ। ਸ਼ੰਕੇ ਨਵਿਰਤ ਹੋਣ ਦੀ ਘੜੀ ਆਣ ਪਹੁੰਚੀ ਸੀ। ਭੂਆ ਜੀ ਦੀਆਂ ਗੱਲਾਂ ਵਲੋਂ ਸਤਿਕਾਰ ਘੱਟ ਰਿਹਾ ਸੀ। ਭੂਆ ਜੀ ਤੇ ਪਿਆਰ ਆ ਰਿਹਾ ਸੀ ਜਾਂ ਸ਼ਾਇਦ ਇਹ ਭੂਆ ਜੀ ਤੇ ਤਰਸ ਸੀ। ਮੈਂ ਸੋਚ ਰਿਹਾ ਸੀ ਸਾਰੀ ਉਮਰ ਪਾਠ ਕਰਦੀ, ਗੁਰਦੁਆਰੇ ਮੱਥੇ ਰਗੜਦੀ ਸਿਰਫ ਇੱਕ ਗੁਰੂ ਬਗੈਰ ਭਟਕਦੀ ਰਹੀ। ਕਿਤੇ ਢੋਈ ਨਾ ਮਿਲੀ। ਕੋਈ ਸ਼ਕਤੀ ਨਹੀਂ ਮਿਲੀ। ਸਿਰਫ ਇੱਕੋ ਗੱਲ, ਪਾਠ ਕਰੋ। ਸ਼ਬਦ ਨਾਲ ਜੁੜੋ। ਸਿਰਫ ਬਾਣੀ ਹੀ ਰਸਤਾ ਦਿਖਾਉਂਦੀ ਹੈ। ਭਟਕਦੀ ਰੂਹ ਇੱਕ ਅਥਰੂ ਵੀ ਨਾ ਕੇਰ ਸਕੀ ਜਦੋਂ… ।ਮੈਨੂੰ ਕਲਾਵੇ ਵਿਚ ਲਿਆ ਤੇ ਬੱਸ਼..।ਉਸਤੋਂ ਬਾਦ, ਉਹ ਜ਼ਿੰਦਗੀ ਵਿਚ ਸਿਰਫ ਇੱਕ ਵਾਰ ਮੈਨੂੰ ਰੋਦੀ ਦਿਸੀ। ਮੇਰੀ ਭੂਆ ਦਸ ਏਕੜ ਫੈਲੇ ਬਾਗ ਦੀ ਇੱਕ ਮਾਲੀ ਬਣਕੇ ਰਹਿ ਗਈ।
ਦਵਿੰਦਰ ਦੀ ਹੋਣੀ ਸੁਣਕੇ ਭੂਆ ਨੇ ਦਿਲ ਨਹੀਂ ਹਾਰਿਆ। ਮੈਨੂੰ ਹੁਕਮ ਕੀਤਾ, ਮੈਂ ਦਵਿੰਦਰ ਨੂੰ ਲੈਕੇ ਵਾਪਸ ਇੰਡੀਆ ਆ ਜਾਵਾਂ। ਮੇਰੇ ਕੋਰੇ ਜੁਆਬ ਤੋਂ ਪਹਿਲਾਂ ਹੀ ਦਵਿੰਦਰ ਦੇ ਨਾਮ ਤੇ ਸ਼ਾਨਦਾਰ ਜੀ.ਟੀ ਰੋਡ ਦੇ ਕਿਨਾਰੇ ਕੋਠੀ ਪੈ ਗਈ। ਦੋ ਏਕੜ ਵਿਚ ਫੈਲੇ ਇਸ ਮਹਿਲ ਨੂੰਾ ਚੌਗਿਰਦੇ ਵਿਚ ਇੱਕ ਵੱਡੇ ਕਮਰੇ ਵਿਚ ਮਹਾਰਾਜ ਦਾ ਪ੍ਰਕਾਸ਼ ਸੀ। ਦਵਿੰਦਰ ਦਾ ਸ਼ਪੈਸ਼ਲ ਸਕੂਲ,ਡਾਕਟਰੀ ਸਹੂਲਤਾਂ ਤੇ ਇਲਾਜ ਦੀ ਗੁੰਜਾਇਸ਼ ਨੇ ਮੇਰਾ ਨਾਤਾ ਫਿੱਕਾ ਪਾ ਦਿੱਤਾ। ਭੂਆ ਸਾਹਮਣੇ ਮੈਂ ਬਹਾਨੇ ਬਣਾਉਂਦਾ ਸਾਫ ਹੀ ਮੁੱਕਰ ਗਿਆ। ਭੂਆ ਨੇ ਵਸੀਅਤ ਕਰਕੇ ਡਾਕੇ ਪਾ ਦਿੱਤੀ।
ਮੇਰੀ ਭੂਆ ਅਖੀਰਲੇ ਦਿਨ ਪਾਠ ਕਰਦੀ ਹੀ ਆਖਰੀ ਵਾਰ ਆਪਣੇ ਚੁਬਾਰੇ ਦੀਆਂ ਪੌੜੀਆਂ ਚੜ੍ਹੀ ਸੀ। ਅਗਲੇ ਦਿਨ ਗੁਰਦੁਆਰੇ ਦਾ ਸਪੀਕਰ ਵੀ ਨਾ ਬੋਲਿਆ। ਸ਼ਾਇਦ ਬੱਤੀ ਵੀ ਚਲੇ ਗਈ ਸੀ ਤੇ ਬੈਟਰੀ ਵੀ ਡੈਡ ਸੀ। ਸੱਤ ਵਜ਼ੇ ਕੰਮ ਤੇ ਜਾਣ ਤੋਂ ਪਹਿਲਾਂ ਆਏ ਫੋਨ ਨਾਲ ਮੈਂ ਕਮਲਿਆਂ ਵਾਂਗ ਰੋਇਆ ਸੀ। ਦਵਿੰਦਰ ਨੇ ਮੇਰੇ ਗੋਡੇ ਤੇ ਮੁੱਕੀ ਮਾਰੀ। ਮੈਂ ਅੱਖਾਂ ਖੋਹਲੀਆਂ। ਮੈਂ ਖੀਸੇ ਵਿਚੋਂ ਕਾਗਜ਼ ਦਾ ਰੁਮਾਲ ਕਢਿਆ। ਅੱਖਾਂ ਸਾਫ ਕਰਕੇ ਆਲੇ ਦੁਆਲੇ ਦੇਖਿਆ। ਸਾਰੇ ਤੇਰਾਂ ਦੇ ਤੇਰਾਂ ਸ਼ਰਧਾਲੂ ਆ ਚੁੱਕੇ ਸਨ।ਮੈਂ ਸੋਚਿਆ ਸਾਡੇ ਵਾਂਗ ਹੋਰ ਵੀ ਹੋਣਗੇ ਜੋ ਲੌਂਗ ਵੀਕ-ਐਂਡ ਦੇ ਪੈਸੇ ਮਰਵਾਕੇ ਆਏ ਹੋਣਗੇ।
ਅਚਾਨਕ ਸਤ-ਕਰਤਾਰ ਸਤ-ਕਰਤਾਰ ਕਰਦੀ ਗੁਰੋ ਲਿਵ ਰੂਮ ਵਿਚ ਆਈ। ਸਾਰੇ ਲਿਵ-ਰੂਮ ਵਿਚ ਜਿਵੇਂ ਭੁਚਾਲ ਆ ਗਿਆ ਹੋਵੇ। ਮਗਰੇ ਮਗਰ ਮੁਕੰਦ ਨੀਰ ਬਾਬਾ ਜੀ ਸ਼ਰਦਾਈ ਵਾਲੇ, ਵਖਰੇ ਅੰਦਾਜ਼ ਵਿਚ ਚਿੱਟੀ ਪੱਗ ਬੰਨੀ ਆਏ। ਉਹ ਕਾਹਲੀ ਨਾਲ ਜਾਂ ਸਮਝੋ ਬਹੁਤ ਹੀ ਫੁਰਤੀ ਨਾਲ ਆਪਣੇ ਆਸਣ ਵੱਲ ਵਧੇ। ਉਨ੍ਹਾਂ ਦੇ ਪਿੱਛੇ ਉਨ੍ਹਾ ਦਾ ਗੜਵਈ ਗਲ ਵਿਚ ਇੱਕ ਝੋਲਾ ਲਮਕਾਈ ਆਸਣ ਕੁਰਸੀ ਦੇ ਖੱਬੇ ਪਾਸੇ ਜਾ ਖਲੋਤਾ। ਸੁਖਦੀਪ ਲਿਵ-ਰੂਮ ਤੋਂ ਬਾਹਰ ਹੀ ਇੱਕ ਬਾਡੀ-ਗਾਰਡ ਵਾਂਗ ਖਲੋ ਗਿਆ। ਅਸੀਂ ਤਿੰਨੇ ਅਨਜਾਣ ਅਡੋਲ ਬੈਠੇ ਸਾਂ। ਬਾਕੀ ਸਾਰੇ ਦਸ ਦੇ ਦਸ ਤੇਜੀ ਨਾਲ ਵਾਰੋ ਵਾਰੀ ਅੱਗੇ ਵਧਕੇ ਬਾਬਾ ਜੀ ਨੂੰ ਮੱਥਾ ਟੇਕਦੇ ਰਹੇ। ਮੱਥਾ ਟੇਕਣ ਦਾ ਢੰਗ ਵੀ ਵਖਰਾ ਸੀ। ਪਹਿਲਾਂ ਆਦਮੀ ਜਾਂ ਔਰਤ ਸਿੱਧਾ ਢਿਡ ਭਰਨੇ ਲੰਮਾ ਪੈ ਜਾਂਦਾ। ਆਪਣੇ ਦੋਵੇਂ ਹੱਥ ਜੋੜ ਸਿਰ ਦੇ ਉਪਰੋਂ ਬਾਬਾ ਜੀ ਦੇ ਚਰਨਾਂ ਵੱਲ ਹੱਥ ਝੁਕਾਉਂਦਾ। ਹਰ ਇੱਕ ਦੀ ਕੋਸ਼ਿਸ਼ ਇਹ ਹੁੰਦੀ ਕਿ ਉਹਦੇ ਹੱਥਾਂ ਦਾ ਤੇ ਬਾਬਾ ਜੀ ਦੇ ਪੈਰਾਂ ਦਾ ਫਰਕ ਬਹੁਤ ਹੀ ਘੱਟ ਰਹੇ। ਫਿਰ ਬੰਦਾ ਜਾਂ ਔਰਤ ਗੋਡਿਆਂ ਭਾਰ ਘਿਸਰਕੇ ਅੱਗੇ ਜਾਂਦਾ ਤਾਂ ਬਾਬਾ ਜੀ ਪਿੱਠ ਤੇ ਥਾਪੀ ਮਾਰਦੇ। ਇਸ ਥਾਪੀ ਦਾ ਮਤਲਬ ਇਹ ਹੁੰਦਾ ਕਿ ਬਾਬਾ ਜੀ ਨੇ ਤੁਹਾਨੂੰ ਆਪਣਾ ਸ਼ਰਧਾਲੂ ਸਵੀਕਾਰ ਕਰ ਲਿਆ ਹੈ। ਜਦੋਂ ਸਾਰੇ ਭੁਗਤ ਗਏ ਤਾਂ ਗੁਰੋ ਨੇ ਬਾਬਾ ਜੀ ਨੂੰ ਆਹਿਸਤਾ ਜਿਹੇ ਕੁੱਝ ਕਿਹਾ ਤੇ ਫੇਰ ਮੈਨੂੰ ਇਸ਼ਾਰਾ ਕੀਤਾ।
ਮੈਂ ਘਬਰਾ ਰਿਹਾ ਸੀ। ਮੈਂ ਜਸਬੀਰ ਨੂੰ ਹੁੱਝ ਮਾਰੀ ਕਿ ਚਲ ਪਹਿਲਾਂ ਤੂੰ ਉੱਠ। ਜਸਬੀਰ ਉੱਠੀ ਤੇ ਠੀਕ ਉਸੇਤਰ੍ਹਾਂ ਕੀਤਾ ਜਿਵੇਂ ਬਾਕੀਆਂ ਨੇ ਕੀਤਾ ਸੀ ਪਰ ਜਸਬੀਰ ਕੋਲੋਂ ਇੱਕ ਗਲਤੀ ਹੋ ਗਈ। ਉਸਦੇ ਹੱਥ ਤੇ ਬਾਬਾ ਜੀ ਦੇ ਪੈਰਾਂ ਵਿਚ ਫਰਕ ਕੁੱਝ ਜ਼ਿਆਦਾ ਰਹਿ ਗਿਆ। ਉਹ ਗੋਡਿਆਂ ਭਾਰ ਉੱਠੀ ਤੇ ਬਾਬਾ ਜੀ ਤੋਂ ਥਾਪੀ ਲੈਣ ਅੱਗੇ ਵਧੀ। ਬਾਬਾ ਜੀ ਨੇ ਸੋਫਾ ਕੁਰਸੀ ਨਾਲ ਢੋਅ ਲਾ ਲਈ। ਇਸਤਰ੍ਹਾਂ ਕਰਨ ਨਾਲ ਜਸਬੀਰ ਨੂੰ ਲੋੜੋਂ ਵੱਧ ਅੱਗੇ ਨੂੰ ਘਿਸਰਨਾ ਪਿਆ ਤਾਂ ਕਿ ਬਾਬਾ ਜੀ ਦਾ ਹੱਥ ਅਰਾਮ ਨਾਲ ਉਸਦੀ ਪਿੱਠ ਤੇ ਪਹੁੰਚ ਸਕੇ। ਜਸਬੀਰ ਜਦੋਂ ਵਾਪਸ ਆਪਣੀ ਜਗ੍ਹਾ ਤੇ ਆਈ ਉਸਦੇ ਮੱਥੇ ਤੇ ਅੱਖਾਂ ਵਿਚ ਪਾਣੀ ਦੀਆਂ ਵਿਚਾਰੀਆਂ ਬੂੰਦਾਂ ਸਨ। ਘਬਰਾਹਟ ਵਿਚ ਆਈ ਇਹ ਤਰੇਲੀ ਉਸਨੇ ਚੁੰਨੀ ਨਾਲ ਪੂੰਝ ਦਿਤੀ। ਮੈਂ ਉਹਦੋਂ ਵੀ ਨਾ ਸਮਝਿਆ। ਮੈਂ ਡੰਡੌਤ ਕਰਦਿਆਂ ਕੋਈ ਗਲਤੀ ਨਾ ਕੀਤੀ। ਜਿਵੇਂ ਮੈਨੂੰ ਸਾਰੀ ਜਾਚ ਆ ਗਈ ਸੀ। ਮੇਰੇ ਤੋਂ ਬਾਦ ਦਵਿੰਦਰ ਦੀ ਵਾਰੀ ਸੀ।
ਬਾਬਾ ਜੀ ਲਗਾਤਾਰ ਦਵਿੰਦਰ ਨੂੰ ਘੂਰ ਰਹੇ ਸਨ। ਮੈਂ ਸੋਚਿਆ ਬਾਬਾ ਜੀ ਦਵਿੰਦਰ ਨੂੰ ਘੂਰਕੇ ਵੇਖਣ ਦੀ ਗਲਤੀ ਕਰ ਰਹੇ ਹਨ। ਇਸਤਰ੍ਹਾਂ ਲਗਾਤਾਰ ਘੂਰਕੇ ਵੇਖਣ ਨੂੰ ਤੇ ਇਹ ਬਰਦਾਸ਼ਤ ਹੀ ਨਹੀਂ ਕਰਦਾ। ਝੱਟ ਵਿਚਲੀ ਉਂਗਲ ਖੜੀ ਕਰਕੇ ਅਗਲੇ ਨੂੰ ਗਾਲ੍ਹ ਕੱਢ ਦਿੰਦਾ ਹੈ। ਰੱਬ ਮੇਹਰ ਕਰੇ, ਬਾਬਾ ਜੀ ਤੇ। ਸਾਰਿਆਂ ਨੇ ਸਿਰ ਝੁਕਾਏ ਹੋਏ ਸਨ ਸਿਵਾਏ ਮੇਰੇ। ਮੈਂ ਬਾਬਾ ਜੀ ਦੇ ਚੇਹਰੇ ਦੇ ਹਾਵ-ਭਾਵ ਦੇਖ ਰਿਹਾ ਸੀ। ਅਚਾਨਕ ਬਾਬਾ ਜੀ ਨੇ ਗੁੱਸੇ ਨਾਲ ਘੂਰਕੇ ਮੇਰੇ ਵੱਲ ਵੇਖਿਆ। ਮੈਨੂੰ ਜਿਵੇਂ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮੈਂ ਇੱਕਦਮ ਅੱਖਾਂ ਨੀਵੀਆਂ ਕਰ ਲਈਆਂ।
“ਬੀਬਾ ਜਸਬੀਰ ਜੀ, ਦਵਿੰਦਰ ਨੂੰ ਕਹੋ ਬਾਬਾ ਜੀ ਦੇ ਮੱਥਾ ਟੇਕੇ।” ਗੁਰੋ ਦੀ ਅਵਾਜ਼ ਕਮਰੇ ਵਿਚ ਗੂੰਜ਼ ਗਈ। ਜਸਬੀਰ ਨੇ ਦਵਿੰਦਰ ਨੂੰ ਉਠਾਇਆ। ਇਸ਼ਾਰੇ ਨਾਲ ਸਮਝਾਇਆ ਕਿ ਬਾਬਾ ਜੀ ਦੇ ਮੱਥਾ ਟੇਕੇ। ਦਵਿੰਦਰ ਆਪਣੀ ਹੀ ਦੁਨੀਆਂ ਵਿਚ ਖੋਹਿਆ ਸਭ ਕੁੱਝ ਵੇਖ ਰਿਹਾ ਸੀ। ਮੈਨੂੰ ਡਰ ਸੀ ਕਿਤੇ ਦਵਿੰਦਰ ਹੋਰ ਹੀ ਨਾਂ ਕੜੀ ਘੋਲ ਦੇਵੇ। ਮੌਕੇ ਦੀ ਨਜ਼ਾਕਤ ਵੇਲੇ ਉਹ ਅਕਸਰ ਹੀ ਪੁੱਠੀ ਗੱਲ ਕਰਦਾ ਸੀ। ਜਸਬੀਰ ਜਦ ਨਾਲ ਆਉਂਣ ਲੱਗੀ ਤਾਂ ਬਾਬਾ ਜੀ ਨੇ ਉਸਨੂੰ ਮਨ੍ਹਾਂ ਕਰਦਿਆਂ ਬੈਠਣ ਦਾ ਇਸ਼ਾਰਾ ਕੀਤਾ। ਸਾਰੇ ਕਮਰੇ ਵਿਚ ਹੁਣ ਸਿਰਫ ਦਵਿੰਦਰ ਹੀ ਖੜਾ ਸੀ। ਸਾਰੇ ਇਸ ਦ੍ਰਿਸ਼ ਨੂੰ ਵੇਖ ਰਹੇ ਸਨ। ਬਾਬਾ ਜੀ ਦੀ ਸ਼ਕਤੀ ਦਾ ਇਮਤਿਹਾਨ ਸੀ। ਸਾਨੂੰ ਪੂਰੀ ਆਸ ਬੱਝ ਗਈ ਸੀ ਕਿ ਦਵਿੰਦਰ ਅੱਜ ਹੀ ਬੋਲਣਾ ਸ਼ੁਰੂ ਕਰ ਦੇਵੇਗਾ।
ਮੈਂ ਸਾਹ ਰੋਕੀ ਚੋਰ ਅੱਖਾਂ ਨਾਲ ਬਾਬਾ ਜੀ ਵੱਲ ਵੇਖਿਆ। ਆਸਣ ਕੁਰਸੀ ਦੇ ਇੱਕ ਪਾਸੇ ਗੜਵਈ ਖੜਾ ਸੀ ਤੇ ਦੂਸਰੇ ਪਾਸੇ ਗੁਰੋ ਖੜੀ ਸੀ। ਗੁਰੋ ਨੇ ਅੱਜ ਚੂੜੀਦਾਰ ਪਜਾਮੀ ਪਾਈ ਹੋਈ ਸੀ। ਗਾੜ੍ਹੇ ਹਰੇ ਰੰਗ ਦੀ ਪਜਾਮੀ ਦੇ ਉਪਰ ਚਿੱਟਾ ਮਲ-ਮਲ ਦਾ ਕੁੜਤਾ ਜਿਸ ਉੱਤੇ ਹਰੀਆਂ ਬੂਟੀਆਂ ਦੀ ਕਢਾਈ ਸੀ। ਪਾਰਦਰਸ਼ੀ ਕੁੜਤੇ ਵਿਚੋਂ ਉਸਦੀ ਬਰਾ ਆਪਣੇ ਭਾਰ ਨਾਲ ਸਾਫ ਦਿਸ ਰਹੀ ਸੀ। ਸਿਰ ਦੇ ਇੱਕ ਪਾਸੇ ਹਰਾ ਹੀ ਕਲਿਪ ਸੀ। ਪੈਰਾਂ ਵਿਚ ਪਾਰਦਰਸ਼ੀ ਜਰਾਬਾਂ, ਤੇ ਗਿੱਟੇ ਪਜਾਮੀ ਦੀਆਂ ਚੂੜੀਆਂ ਨਾਲ ਢੱਕੇ ਹੋਏ ਸਨ। ਵਾਲਾਂ ਦੀ ਇੱਕ ਲਿੱਟ ਗੋਲਾਈ ਵਿਚ ਮੱਥੇ ਤੇ ਝੂਲ ਰਹੀ ਸੀ। ਮੈਨੂੰ ਪਤਾ ਹੈ ਕਿ ਇਹ ਗੋਲਾਈ ਵਾਲੀ ਲਿਟ ਬਨਾਉਂਣ ਲਗਿਆਂ ਅੱਧਾ ਘੰਟਾ ਲਗਦਾ ਹੈ। ਕੰਨਾਂ ਵਿਚ ਗੋਲ ਵੱਡੇ ਵੱਡੇ ਹਰੇ ਰੰਗ ਦੇ ਕਾਂਟੇ ਸਨ।ਜਿਨ੍ਹਾਂ ਵਿਚੋਂ ਜੇ ਕਬੂਤਰ ਨਹੀਂ ਤਾਂ ਚਿੜਾ ਤਾਂ ਲੰਘ ਹੀ ਸਕਦਾ ਸੀ। ਹਲਕਾ ਜਿਹਾ ਮੇਕ-ਅਪ ਕੀਤਾ ਸੀ ਜੋ ਡਾਹਢਾ ਹੀ ਸੋਹਣਾ ਲੱਗ ਰਿਹਾ ਸੀ।
ਉਸਦੀ ਬਰਾ ਦੀਆਂ ਤਣੀਆਂ ਵੇਖਣ ਲਈ ਨੀਝ ਲਾਉਣ ਦੀ ਵੀ ਲੋੜ ਨਹੀਂ ਸੀ। ਬਾਬਾ ਜੀ ਦੀਆਂ ਅੱਖਾਂ ਦੇ ਤਾਪ ਤੋਂ ਬਚਦਾ ਮੈਂ ਗੁਰੋ ਦੀਆਂ ਗੋਲਾਈਆਂ ਵੇਖਣ ਵਿਚ ਰੁੱਝਾ ਸੀ ਜਦੋਂ ਦਵਿੰਦਰ ਜੋਰ ਜੋਰ ਦੀ ਹੱਸਣ ਲੱਗ ਪਿਆ। ਮੈਂ ਘਬਰਾ ਕੇ ਦਵਿੰਦਰ ਵਲ ਵੇਖਿਆ। ਉਹ ਤਾੜੀਆਂ ਮਾਰ ਮਾਰ ਹਸ ਰਿਹਾ ਸੀ। ਮੈਂ ਉਸਦਾ ਰਗਬੀ ਪਜਾਮਾ ਖਿੱਚ ਕੇ ਉਸਦਾ ਧਿਆਨ ਆਪਣੇ ਵੱਲ ਕੀਤਾ। ਮੈਂ ਮੂੰਹ ਤੇ ਉਂਗਲ ਰੱਖਕੇ ਉਸਨੂੰ ਚੁੱਪ ਕਰਨ ਲਈ ਕਿਹਾ। ਪਹਿਲਾਂ ਉਸਨੇ ਮੇਰੇ ਵੱਲ ਵਿਚਲੀ ਉਂਗਲ ਖੜੀ ਕਰ ਦਿਤੀ। ਸ਼ਾਇਦ ਇਸ ਓਪਰੇ ਮਾਹੌਲ ਨੂੰ ਉਹ ਉੱਕਾ ਹੀ ਪਸੰਦ ਨਹੀਂ ਕਰ ਰਿਹਾ ਸੀ। ਮੈਂ ਦੁਬਾਰਾ ਘੂਰੀ ਵੱਟੀ ਤੇ ਉਸਨੇ ਮੇਰੇ ਵੱਲ ਉਂਗੂਠਾ ਸਿੱਧਾ ਕੀਤਾ ਜਿਸਦਾ ਮਤਲਬ ਸੀ ਜੇ ਤੂੰ ਕਹਿੰਦਾ ਹੈਂ ਤਾਂ ਮੈਂ ਨਹੀਂ ਰੌਲਾ ਪਾਉਂਦਾ। ਮੂੰਹ ਤੇ ਉਂਗਲ ਰੱਖਕੇ ਉਸਨੇ ਚੁੱਪ ਕਰਨ ਦੀ ਸੈਂਨਤ ਕੀਤੀ।
ਮੇਰੇ ਤੇ ਦਵਿੰਦਰ ਦੇ ਇਸ ਵਾਰਤਾਲਾਬ ਵਰਤਾਰੇ ਨੇ ਕਮਰੇ ਵਿਚ ਫੈਲੇ ਤਨਾਵ ਦਾ ਭੱਠਾ ਬੈਠਾ ਦਿੱਤਾ। ਕੁੱਝ ਘੁਸਰ ਮੁਸਰ ਵੀ ਹੋਈ ਤੇ ਸਾਹ ਲੈਣ ਦੀ ਅਵਾਜ਼ ਵੀ ਸੁਣਾਈ ਦੇਣ ਲੱਗੀ। ਮੈਂ ਵੇਖਿਆ ਬਾਬਾ ਜੀ ਕੁੱਝ ਔਖ ਮਹਿਸੂਸ ਕਰ ਰਹੇ ਸਨ। ਮੈਂ ਦਵਿੰਦਰ ਨੂੰ ਇਸ਼ਾਰੇ ਨਾਲ ਬਾਬਾ ਜੀ ਨੂੰ ਮੱਥਾ ਟੇਕਣ ਲਈ ਕਿਹਾ। ਮੈਂ ਸੋਚਦਾ ਸੀ ਪੂਰੇ ਬਾਰਾਂ ਇਨਸਾਨਾਂ ਨੂੰ ਇਕੋ ਅੰਦਾਜ਼ ਵਿਚ ਮੱਥਾ ਟੇਕਦਿਆਂ ਵੇਖਕੇ ਦਵਿੰਦਰ ਸਮਝ ਗਿਆ ਹੋਵੇਗਾ ਕਿ ਕੀ ਕਰਨਾ ਹੈ।
ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਜਦੋਂ ਦਵਿੰਦਰ ਨੇ ਬਾਬੇ ਵੱਲ ਵੇਖਕੇ ਵਿਚਲੀ ਉਂਗਲ ਖੜੀ ਕਰ ਦਿਤੀ। ਦਵਿੰਦਰ ਅੱਗੇ ਵਧਿਆ। ਅੱਗੇ ਹੀ ਅੱਗੇ ਵਧਦਾ ਉਹ ਬਾਬਾ ਜੀ ਦੀ ਕੁਰਸੀ ਕੋਲ ਪਹੁੰਚ ਗਿਆ। ਪਹਿਲਾਂ ਉਸਨੇ ਗੜਵਈ ਵੱਲ ਹੱਥ ਮਿਲਾਉਣ ਲਈ ਵਧਾਇਆ। ਗੜਵਈ ਘਬਰਾ ਗਿਆ। ਇਹ ਉਹਦੇ ਲਈ ਇੱਕ ਵਚਿਤਰ ਵਰਤਾਰਾ ਸੀ। ਗੜਵਈ ਨੇ ਆਪਣਾ ਹੱਥ ਗਲ ਵਿਚ ਪਾਏ ਝੋਲੇ ਵਿਚ ਪਾ ਲਿਆ। ਦਵਿੰਦਰ ਨੇ ਉਹੋ ਵਧਿਆ ਹੱਥ ਮੁਕੰਦ ਨੀਰ ਵੱਲ ਕਰ ਦਿਤਾ ਜਿਵੇਂ ਉਹ ਉਸਨੂੰ ਬਾਬਾ ਸਮਝਣ ਤੋਂ ਇਨਕਾਰੀ ਹੋਵੇ। ਮੈਂ ਰੱਬ ਦੇ ਇਸ ਇਸ਼ਾਰੇ ਨੂੰ ਉਹਦੋਂ ਵੀ ਨਾ ਸਮਝਿਆ। ਮੁਕੰਦ ਨੀਰ ਨੇ ਦਵਿੰਦਰ ਨਾਲ ਹੱਥ ਮਿਲਾਇਆ। ਦਵਿੰਦਰ ਨੇ ਗੁਰੋ ਨਾਲ ਵੀ ਹੱਥ ਮਿਲਾਇਆ ਫਿਰ ਉਹ ਹਸਣ ਲੱਗ ਪਿਆ ਤੇ ਮੇਰੇ ਵੱਲ ਵੇਖਕੇ ਉਂਗੂਠਾ ਖੜਾ ਕਰ ਦਿਤਾ। ਜਿਸਦਾ ਮਤਲਬ ਸੀ ਲੈ ਬਈ ਬਾਪੂ ਜਿਸਤਰ੍ਹਾਂ ਤੂੰ ਕਿਹਾ ਸੀ ਜਾ ਜੋ ਤੇਰੇ ਢਿਡ ਵਿਚ ਹੈ ਮੈਂ ਉਹੋ ਕੁੱਝ ਕੀਤਾ। ਖੁਸ਼ ਹੈਂ ਨਾ ਹੁਣ ਤੇ?
“ਉਏ ਹਰੇ ਬੂਟੇ ਵਾਲਿਓ ਲੈ ਜਾਉ ਇਸ ਕੰਮਬਖਤ ਨੂੰ ਮੇਰੇ ਕੋਲੋਂ।”ਬਾਬਾ ਜੀ ਦੀ ਗਰਜ਼ ਸੁਣਕੇ ਚਾਰੇ ਪਾਸੇ ਫਿਰ ਸਨਾਟਾ ਛਾ ਗਿਆ। ਮੈਂ ਜਸਬੀਰ ਨੂੰ ਇਸ਼ਾਰਾ ਕੀਤਾ। ਉਹ ਦਵਿੰਦਰ ਨੂੰ ਬਾਹੋਂ ਫੜਕੇ ਲਿਆਉਂਣ ਹੀ ਲੱਗੀ ਸੀ ਕਿ ਮੁਕੰਦ ਨੀਰ ਨੇ ਦਵਿੰਦਰ ਦੀ ਬਾਂਹ ਫੜ ਲਈ। ਜਸਬੀਰ ਨੂੰ ਇਸ਼ਾਰੇ ਨਾਲ ਜਾਣ ਲਈ ਕਹਿ ਦਿੱਤਾ। ਮੈਂ ਇਸ ਗੱਲੋਂ ਹੈਰਾਨ ਸੀ ਕਿ ਬਾਬੇ ਨੂੰ ‘ਹਰੇ ਬੂਟੇ ਵਾਲੇ’ਬਾਰੇ ਕਿਸਤਰ੍ਹਾਂ ਪਤਾ ਹੈ? ਸਾਡੀ ਇਸ ਅੱਲ ਦਾ ਸਾਰੇ ਕੈਨੇਡਾ ਵਿਚ ਕਿਸੇ ਨੂੰ ਨਹੀਂ ਪਤਾ। ਅਸੀਂ ਗੁਰੋ ਨਾਲ ਵੀ ਗੱਲ ਨਹੀਂ ਸੀ ਕੀਤੀ।
“ਮੈਂ ਤੇ ‘ਇਹ ਗੁਰੂ ਘਰ ਦਾ ਨਿੰਦਕ’ ਪਿੱਛਲੇ ਜਨਮ ਵਿਚ ਇੱਕਠੇ ਹੀ ਸਾਂ। ਜਨਮਾਂ ਦਾ ਤੱਪ ਇਸਨੇ ਇੱਕੀ ਸਾਲ ਪਹਿਲਾਂ ਗਵਾ ਲਿਆ ਹੈ। ਚੁੱਪ-ਸਮਾਧੀ ਲੈਕੇ ਇਹ ਫਿਰ ਮੇਰੇ ਸਾਹਮਣੇ ਆਇਆ ਹੈ। ਮੇਰਾ ਖਿਆਲ ਸੀ ਕਿ ਮੈਨੂੰ ਦੇਖਕੇ ਇਹ ਆਪਣੀ ਚੁੱਪ ਤੋੜ ਦੇਵੇਗਾ। ਪਰ ਇਹ ਤਾਂ ਮੈਨੂੰ ਗਾਲ੍ਹਾਂ ਕਢਦਾ ਹੈ। ਹੁਣ ਮੈਨੂੰ ਸਮਝ ਆ ਰਹੀ ਹੈ ਕਿ ਸਮਾਂ, ਸਥਾਨ ਤੇ ਗ੍ਰਹਿ ਇੱਕ-ਮੱਤ ਨਹੀਂ ਹੋ ਰਹੇ। ਇਸਦੀ ਇੱਕੀ ਸਾਲ ਪਹਿਲਾਂ ਕੀਤੀ ਭੁੱਲ ਦਾ ਸਮਾਧਾਨ ਸਿਰਫ ਮੇਰੇ ਕੋਲ ਹੈ। ਭਗਵਾਨ ਕੋਲ ਵੀ ਨਹੀਂ। ਮੇਰਾ ਯਾਰ ਸੀ ਇਹ, ਪਰ ਹੈ ਸੀ ਹੁੰਦਲਹੇੜ। ਕਦੇ ਮੇਰੀ ਗੱਲ ਨਹੀਂ ਸੁਣੀ ਇਸਨੇ, ਹੁਣ ਭੁਗਤ ਰਿਹਾ ਹੈ। ਅਜੇ ਹੋਰ ਭੁਗਤੇਗਾ”
“ਮੇਹਰ ਕਰੋ ਬਾਬਾ ਜੀ।” ਜਸਬੀਰ ਨੇ ਦੌੜਕੇ ਬਾਬਾ ਜੀ ਦੇ ਪੈਰ ਫੜ ਲਏ। ਬਾਬਾ ਜੀ ਨੇ ਜਸਬੀਰ ਨੂੰ ਵਾਲੋਂ ਫੜ ਲਿਆ। ਮੰਮੀ ਨੂੰ ਮੁਸੀਬਤ ਵਿਚ ਦੇਖਕੇ ਦਵਿੰਦਰ ਉੱਚੀ ਉੱਚੀ ਰੋਣ ਲੱਗ ਪਿਆ। ਉਸਨੂੰ ਰੋਂਦਾ ਵੇਖਕੇ ਮੁਕੰਦ ਨੀਰ ਹਸਣ ਲੱਗ ਪਿਆ। ਉਸਨੇ ਜਸਬੀਰ ਦੇ ਵਾਲ ਛੱਡਦਿਆਂ ਕਿਹਾ, “ਜਾ ਬੀਬੀ ਆਪਣੀ ਜਗ੍ਹਾ ਤੇ ਬੈਠ ਜਾਕੇ, ਮੈਂ ਤੇ ਸਿਰਫ ਇਸ ਭਟਕੇ ਹੋਏ ਮੰਗਲ ਨੂੰ ਰੁਵਾਉਂਣਾ ਹੀ ਸੀ।” ਬਾਬਾ ਜੀ ਨੇ ਗੁਰੋ ਨੂੰ ਇਸ਼ਾਰਾ ਕੀਤਾ। ਗੁਰੋ ਅੰਦਰ ਰਸੋਈ ਵੱਲ ਚਲੇ ਗਈ। ਜਦ ਉਹ ਵਾਪਸ ਆਈ ਤਾਂ ਉਸਦੇ ਹੱਥ ਵਿਚ ਭੂਰੇ ਰੰਗ ਦੇ ਪਾਣੀ ਵਾਲੀ ਬੋਤਲ ਸੀ। ਬਾਬਾ ਜੀ ਨੇ ਬੋਤਲ ਦਾ ਢੱਕਣ ਖੋਲ੍ਹਿਆ ਤੇ ਉਹਦੇ ਵਿਚ ਮੰਤਰ ਪੜ੍ਹਦੇ ਫੂਕਾਂ ਮਾਰਨ ਲੱਗੇ। ਫੇਰ ਉਹ ਬੋਤਲ ਗੁਰੋ ਨੂੰ ਫੜਾ ਦਿੱਤੀ ਤੇ ਕਿਹਾ, “ਅੱਜ ਤੋਂ ਤੇਰਾਂ ਮਹੀਨੇ ਬਾਦ ਹੀ ਮੈਂ ਇਸਦੀ ਸ਼ਕਲ ਵੇਖਾਂਗਾ ਤੇ ਉਹ ਵੀ ਭਾਰਤ ਵਿਚ ਪਲ ਰਹੇ ਇਹਦੇ ਬੂਟਿਆਂ ਵਿਚਕਾਰ।”
ਅਸੀਂ ਤਿੰਨੇ ਘਰ ਆ ਗਏ। ਰਾਹ ਵਿਚ ਸਾਨੂੰ ਕਦੇ ਬਾਬਾ ਓਪਰਾ ਲੱਗੇ ਤੇ ਕਦੇ ਦਵਿੰਦਰ। ਇੰਝ ਲੱਗੇ ਜਿਵੇਂ ਸੱਚ ਹੀ ਨਾਲ ਬੈਠਾ ਦਵਿੰਦਰ ਨਾ ਹੋਵੇ,ਮੰਗਲ ਹੋਵੇ। ਪਿਛਲੇ ਕਈ ਸਾਲਾਂ ਤੋਂ ਜਦ ਵੀ ਪ੍ਰੇਸ਼ਾਨੀ ਨਾਲ ਦੋ-ਚਿੱਤੀ ਵਿਚ ਹੋਵਾਂ, ਕੋਈ ਹੱਲ ਨਾ ਸੁਝੇ ਤਾਂ ਮੈਂ ਦਵਿੰਦਰ ਨੂੰ ਪੁੱਛਦਾ ਹਾਂ। ਜਿਵੇਂ ਉਹ ਰੱਬ ਦੀ ਅਵਾਜ਼ ਹੋਵੇ। ਉਸਦਾ ਕੀਤਾ ਫੈਸਲਾ ਮੈਨੂੰ ਭੂਆ ਦਾ ਫੈਸਲਾ ਲਗਦਾ ਹੈ। ਉਸਦੀ ਅੱਜ ਬਾਬੇ ਨੂੰ ਵਖਾਈ ਵਿਚਲੀ ਉਂਗਲ ਮੇਰੇ ਉਸ ਇਲਹਾਮ ਦੀ ਜਿਵੇਂ ਕੋਈ ਕਿਰਨ ਹੋਵੇ। ਜਸਬੀਰ ਦੇ ਹੱਥ ਵਿਚ ਫੜੀ ਬੋਤਲ ਮੈਨੂੰ ਪਰਾਈ ਜਿਹੀ ਲੱਗੀ। ਮੈਂ ਅੱਖਾਂ ਬੰਦ ਕਰ ਲਈਆਂ। ਮੈਨੂੰ ਮਹਿਸੂਸ ਹੋਇਆ ਜਿਵੇਂ ਭੂਆ ਨੇ ਕਿਹਾ ਹੋਵੇ ਬੇਟੇ ਲਛਮਣ, ਇਹ ਬੋਤਲ ਵਾਲਾ ਪਾਣੀ ਮੇਰੇ ਦਵਿੰਦਰ ਨੂੰ ਨਾਂਹ ਪਿਆਈਂ। ਇਹਦੇ ਲਈ ਤਾਂ ਮੈਂ ਠੰਡੇ ਮਿੱਠੇ ਪਾਣੀ ਵਾਲਾ ਨਲਕਾ ਲਗਵਾਇਆ ਹੈ ਪਿੰਡ, ਉੱਥੇ ਲੈ ਜਾ। ਉਹ ਹੀ ਇਸਦੀ ਸਹੀ ਜਗ੍ਹਾ ਹੈ, ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ।

ਬੋਤਲ ਦਾ ਪਾਣੀ ਨਾ ਪਿਲਾਉਂਣਾ ਹੁਣ ਮੇਰੇ ਵੱਸ ਵਿਚ ਨਹੀਂ ਸੀ। ਮੇਰਾ ਵਿਸ਼ਵਾਸ਼ ਫਿਰ ਤਰੇੜਿਆ ਗਿਆ ਸੀ। ‘ਅਖੇ ਇਹ ਗੁਰੂ ਘਰ ਦਾ ਨਿੰਦਕ ਹੈ।’ ਮੈਂ ਕਿਸ ਕਿਸਮ ਦਾ ਬਾਪ ਹਾਂ,ਭਰੀ ਸਭਾ ਵਿਚ ਬੇਵਸ ਪੁੱਤ ਦੀ ਬੇਇਜ਼ਤੀ ਕਰਵਾ ਰਿਹਾ ਹਾਂ।ਹੌਲੀ ਹੌਲੀ ਭੂਰਾ ਪਾਣੀ ਸਮਾਪਤ ਹੋ ਗਿਆ। ਜਸਬੀਰ ਨੇ ਗੁਰੋ ਨਾਲ ਗੱਲ ਕੀਤੀ।
“ਮੈਂ ਤੈਨੂੰ ਕਿਤਨੀ ਵਾਰ ਕਿਹਾ ਹੈ ਚਾਰਟਨਪੈਨ ‘ਚ ਗਰੌਸਰੀ ਨਾ ਕਰਿਆ ਕਰ। ਇਤਨੀ ਮਹਿੰਗੀ ਗਰੋਸਰੀ…।”
“ਨਾਂਹ ਹੋਰ ਨਿਆਣਿਆਂ ਨੂੰ ਕੀ ਦੇਵਾਂ ਲੰਚ ਵਿਚ ਸਕੂਲ ਜਾਣ ਲਈ।”
ਅਸੀਂ ਉੱਚੀ ਉੱਚੀ ਬੋਲ ਹੀ ਰਹੇ ਸਾਂ ਜਦੋਂ ਬਾਹਰ ਬੈੱਲ ਹੋਈ। ਗੁਰੋ ਆਈ ਸੀ ਨਵੀਂ ਬੋਤਲ ਲੈਕੇ। ਗੁਰੋ ਨੇ ਸਾਡਾ ਰੌਲਾ ਸੁਣ ਲਿਆ ਸੀ। ਉਸਦੇ ਪੁੱਛਣ ਤੋਂ ਪਹਿਲਾਂ ਹੀ ਮੈਂ ਬੋਲ ਪਿਆ, “ਅਸੀਂ ਪੈਸੇ ਹਥੋਂ ਬਹੁਤ ਤੰਗ ਹਾਂ।”
“ਕਿਤਨੇ ਕੁ, ਇਤਨੇ ਕੁ।” ਉਸਨੇ ਉਂਗਲਾਂ ਦੀ ਆਇਤ ਜਿਹੀ ਬਣਾਈ।
ਮੈਨੂੰ ਗੁਸਾ ਆ ਗਿਆ, ਮੈਂ ਕਿਹਾ, “ਗੁਰਜੋਤ ਜੀ ਮੁਸੀਬਤ ਵਿਚ ਕਿਸੇ ਨੂੰ ਮਖੌਲ ਨਹੀਂ ਕਰੀਦੇ।”
“ਕਿਤਨੇ ਪੈਸੇ ਚਾਹੀਦੇ ਹਨ?”ਉਹ ਜਬ੍ਹੇ ਨਾਲ ਬੋਲੀ।
“ਪੰਦਰਾਂ ਹਜ਼ਾਰ।” ਮੈ ਉਸਦੇ ਜਬ੍ਹੇ ਨੂੰ ਲਲਕਾਰਦਿਆਂ ਹੋਇਆਂ ਆਪਣੇ ਵਲੋਂ ਇੱਕ ਵਡੀ ਰਕਮ ਦਸੀ।
“ਬਸ ਇਤਨੀ ਜਿਹੀ ਗੱਲ ਨਾਲ ਹੀ ਪ੍ਰੇਸ਼ਾਨ ਹੋਏ ਬੈਠੇ ਹੋ? ਮੈਂ ਕਰਦੀ ਹਾਂ ਬਾਬਾ ਜੀ ਨਾਲ ਗੱਲ।” ਉਸਨੇ ਆਪਣਾ ਮੋਬਾਇਲ ਪਰਸ ਵਿਚੋਂ ਕਢਦਿਆਂ ਕਿਹਾ।
“ਪਰ ਬਾਬਾ ਜੀ ਤਾਂ ਪੈਸੇ ਨੂੰ ਹੱਥ ਵੀ ਨਹੀਂ ਲਾਉਂਦੇ।” ਮੈਂ ਉਸਦੇ ਹੱਥੋਂ ਮੋਬਾਇਲ ਫੜਦੇ ਨੇ ਕਿਹਾ।
“ਹੱਥ ਨਹੀਂ ਲਾਉਦੇ ਪਰ ਆਪਣੇ ਸ਼ਰਧਾਲੂ ਨੂੰ ਮੁਸੀਬਤ ਵਿਚ ਵੀ ਨਹੀਂ ਰਹਿਣ ਦਿੰਦੇ। ਇਹ ਮਾਇਆ ਤਾਂ ਉਨ੍ਹਾਂ ਦੀ ਦਾਸੀ ਹੈ। “
ਸਾਨੂੰ ਚੁੱਪ ਵੇਖਕੇ ਉਹ ਫਿਰ ਬੋਲੀ, ” ਕੀ ਸੋਚਦੇ ਹੋ? ਬਾਬਾ ਜੀ ਕੀ ਸੋਚਣਗੇ ਜਾਂ ਮੈਂ ਕੀ ਸੋਚਾਂਗੀ। ਅਸੀਂ ਜਾਣਦੇ ਹਾਂ ਇਹੋ ਜਿਹੀਆਂ ਹੋਛੀਆਂ ਬਲਾਵਾਂ ਨੂੰ। ਚਲੋ ਪਾਉ ਜੁਤੀ ਤੇ ਚਲੋ ਮੇਰੇ ਨਾਲ ਹੁਣੇ ਹੀ। ਬਾਬਾ ਜੀ ਦੇ ਹੁੰਦਿਆਂ ‘ਕਸ਼ਟ’।”ਗੁਰੋ ਨੇ ਕੰਨਾਂ ਨੂੰ ਹੱਥ ਲਾਇਆ।
ਮੇਰੇ ਮੰਨਣ ਵਿਚ ਨਹੀਂ ਆ ਰਿਹਾ ਸੀ ਕਿ ਪੰਦਰਾਂ ਹਜ਼ਾਰ ਦਾ ਇੰਤਜ਼ਾਮ ਕੋਈ ਇੰਡੀਆ ਤੋਂ ਆਇਆ ਬਾਬਾ ਵੀ ਕਰ ਸਕਦਾ ਹੈ? ਮੈਂ ਉੱਤਸੁਕਤਾ ਨਾਲ ਬੂਟ ਪਾ ਲਏ। ਜਸਬੀਰ ਵੀ ਤਿਆਰ ਹੋ ਗਈ। ਪਤਾ ਨਹੀਂ ਉਹ ਹੁਣ ਮੇਰੇ ਤੇ ਵਿਸ਼ਵਾਸ਼ ਨਹੀਂ ਕਰਦੀ ਸੀ। ਜੋ ਕਦੇ ਵੀ ਨਹੀਂ ਸੀ ਹੋਇਆ ਉਹ ਹੁਣ ਹੋ ਰਿਹਾ ਸੀ।
ਬਾਬਾ ਜੀ ਅੱਜ ਸਕਾਰਬਰੋ ਗਏ ਹੋਏ ਸਨ। ਟਾਈਮ ਲਗਣਾ ਸੀ। ਰਸਤੇ ਵਿਚੋਂ ਗੁਰੋ ਨੇ ਸੁਖਦੀਪ ਨੂੰ ਵੀ ਚੁੱਕ ਲਿਆ। ਠੀਕ ਸਤ ਵੱਜਕੇ ਦਸ ਮਿੰਟ ਤੇ ਅਸੀਂ ਫਤਿਹ ਸਿੰਘ ਦੇ ਘਰ ਮੂਹਰੇ ਸਾਂ।
ਬਾਬਾ ਜੀ ਇੱਕ ਬੈਡ ਰੂਮ ਵਿਚ ਸਮਾਧੀ ਤੇ ਬੈਠੇ ਸਨ। ਫਤਿਹ ਸਿੰਘ ਕੋਕ ਲੈ ਕੇ ਆ ਗਿਆ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਆਪਣਾ ਕੋਕ ਟੇਸਟ ਕੀਤਾ। ਉਸ ਵਿਚ ਰੰਮ ਮਿਕਸ ਸੀ। ਮੈਂ ਫਤਿਹ ਸਿੰਘ ਵਲ ਵੇਖਿਆ। ਸੁਖਦੀਪ ਨੇ ਮੇਰੇ ਵਲ ਵੇਖਕੇ ਅੱਖ ਮਾਰ ਦਿੱਤੀ। ਬਾਦ ਵਿਚ ਉਸਨੇ ਦਸਿਆ, ਸੱਤ ਵਜ਼ੇ ਤੋਂ ਬਾਦ ਜੇ ਕੋਈ ਸ਼ਰਧਾਲੂ ਦਾਰੂ ਪੀ ਲਵੇ ਤਾਂ ਬਾਬਾ ਜੀ ਨੂੰ ਕੋਈ ਇਤਰਾਜ਼ ਨਹੀਂ। ਘਰ ਨੂੰ ਜਾਂਦਿਆਂ ਤਾਂ ਮੈਂ ਵੀ ਬਹੁਤ ਖੁਸ਼ ਸੀ। ਅੱਜ ਤਾਂ ਮੈਂ ਬਾਬਾ ਜੀ ਦਾ ਪੱਕਾ ਮੁਰੀਦ ਹੀ ਬਣ ਗਿਆ ਸੀ।
ਪੂਰੇ ਸਵਾ ਘੰਟੇ ਬਾਦ ਬਾਬਾ ਜੀ ਕਮਰੇ ਵਿਚੋਂ ਨਿਕਲੇ। ਚੇਹਰੇ ਤੇ ਰੌਣਕ ਤੇ ਅੱਖਾਂ ਵਿਚ ਲਾਲੀ ਸੀ। ਮੇਲ ਮਿਲਾਪ ਤੋਂ ਬਾਦ ਗੁਰੋ ਨੇ ਮੇਰੀ ਜ਼ਰੂਰਤ ਦੱਸੀ। ਬਾਬਾ ਜੀ ਹੱਸ ਪਏ। ਜੋਰ ਜੋਰ ਦੀ ਹੱਸ ਪਏ। ਕਹਿਣ ਲੱਗੇ, ” ਇਤਨੇ ਛੋਟੇ ਕੰਮ ਲਈ ਮੇਰੇ ਕੋਲ ਇਤਨੀ ਦੂਰ ਆਉਂਣ ਦੀ ਕੀ ਲੋੜ ਸੀ ਘਰ ਨਿਆਣੇ ਇੱਕਲੇ ਹੋਣਗੇ। ਮੰਗਲ ਮੇਰੇ ਤੇ ਗੁੱਸਾ ਕਰੂਗਾ। ਹਾਂ, ਗੁਰੋ ਜੇ ਕੈਸ਼ ਚਾਹੀਦੇ ਹਨ ਤਾਂ ਉਹ ਸਾਹਮਣੇ ਸੇਫ ਵਿਚ ਪੰਜ ਕੁ ਹਜ਼ਾਰ ਡਾਲਰ ਪਏ ਹਨ। ਬਦੋ ਬਦੀ ਗੱਦੀ ਦੇ ਥੱਲੇ ਰਖਕੇ ਭਜ ਗਿਆ ਕੁੱਤਾ। ਮੈਂ ਤਾਂ ਬਾਦ ਵਿਚ ਵੇਖੇ। ਮੈਨੂੰ ਦੁਬਾਰਾ ਅਸ਼ਨਾਨ ਕਰਨਾ ਪਿਆ। ਉਸ ਗੰਦ ਨੂੰ ਚੁਕਵਾ ਕੇ ਮੈਂ ਉਹ ਸਾਹਮਣੇ ਸੇਫ ਵਿਚ ਰੱਖੇ ਹਨ। ਖਾਹਮਖਾਹ ਫਤਹਿ ਸਿੰਘ ਦਾ ਸੋਫਾ ਵੀ ਖਰਾਬ ਹੋ ਗਿਆ।”
“ਮੈਂ ਕੱਲ ਹੀ ਸੋਫਾ ਚੁਕਾ ਦੇਵਾਂਗਾ ਜੀ, ਬਾਬਾ ਜੀ।” ਫਤਹਿ ਸਿੰਘ ਨੇ ਨਿਮਰਤਾ ਨਾਲ ਕਿਹਾ।
ਗੁਰੋ ਨੇ ਸੇਫ ਖੋਲਕੇ ਡਾਲਰ ਕਢੇ ਤੇ ਆਪਣੇ ਪਰਸ ਵਿਚ ਪਾ ਲਏ ਤੇ ਬੋਲੀ, “ਕੋਈ ਨਹੀਂ ਜੀ, ਬਾਬਾ ਜੀ ਜੇ ਤੁਹਾਡਾ ਹੁਕਮ ਹੋਵੇ ਤਾਂ ਅਸੀਂ ਪੰਦਰਾਂ ਹਜ਼ਾਰ ਦਾ ਚੈੱਕ ਕਟ ਦਿੰਦੇ ਹਾਂ। ਅਸੀਂ ਐਨੇ ਪੈਸੇ ਸਿਰ ‘ਚ ਮਾਰਨੇ।”
“ਹਾਂ ਹਾਂ ਚੈੱਕ ਕਟ ਦਿਓ। ਵੈਸੇ ਵੀ ਕੈਨੇਡਾ ‘ਚ ਬੈਂਕ ਵਾਲੇ ਚੱੈਕ ਹੀ ਪਸੰਦ ਕਰਦੇ ਹਨ।”ਬਾਬਾ ਜੀ ਹੱਥ ਵਿਚ ਫੜੀ ਮਾਲਾ ਦੇ ਮਣਕਿਆਂ ਦੇ ਗੇੜੇ ਤੇ ਗੇੜਾ ਕਢਦੇ ਹੋਏ ਬੋਲੇ।
ਮੇਰੀਆਂ ਵਰਾਛਾਂ ਖਿੜ ਰਹੀਆਂ ਸਨ। ਦਬਾਵ ਘੱਟ ਰਿਹਾ ਸੀ, ਮੈਂ ਕਿਹਾ, “ਬਾਬਾ ਜੀ ਮੈਂ ਸਾਲ ਦੇ ਵਿਚ ਵਿਚ ਪੈਸੇ ਵਾਪਸ ਕਰ ਦੇਵਾਂਗਾ।”
” ਜੇ ਵਾਪਸ ਹੀ ਕਰਨੇ ਹਨ ਸੂਰਾ ਤਾਂ ਕਿਸੇ ਹੋਰ ਕੋਲੋਂ ਲੈ ਲਾ। ਸਾਡੇ ਕੋਲੇ ਕਿਉਂ ਆਇਆ ਹੈਂ? ਅਸੀਂ ਤਾਂ ਇਸ ਨਾਗਣੀ ਨੂੰ ਮਗਰੋਂ ਲਾਹ ਰਹੇ ਹਾਂ। ਇਹ ਤੁਹਾਡੀਆਂ ਦੁਨਿਆਵੀ ਜਰੂਰਤਾਂ ਹਨ। ਸਾਨੂੰ ਕੋਈ ਖਿਚ ਨਹੀਂ। ਬਸ ਮੋਜਾਂ ਕਰੋ। ਮੇਰੀ ਤਾਂ ਇਹੋ ਅਸੀਸ ਹੈ।”
ਮੈਂ ਮਨ ਵਿਚ ਖੁਸ਼ ਵੀ ਹੋ ਰਿਹਾ ਸੀ ਤੇ ਹੈਰਾਨ ਵੀ। ਇਹ ਤਾ ਕੌਤਕ ਹੀ ਸੀ। ਬਾਬਾ ਜੀ ਤਾਂ ਵਾਕਿਆ ਹੀ ਮਾਇਆ ਤੋਂ ਦੂਰ ਭਜਦੇ ਹਨ।
ਸੁਖਦੀਪ ਮੇਰੇ ਵੱਲ ਵੇਖਕੇ ਮੁਸਕਰਾ ਰਿਹਾ ਸੀ। ਰਸਤੇ ਵਿਚ ਆਉਂਦਿਆਂ ਮੈਂ ਹੌਲਾ ਫੁੱਲ ਸੀ। ਗੁਰੋ ਕਾਰ ਚਲਾ ਰਹੀ ਸੀ। ਉਸਨੇ ਸਾਡੇ ਘਰ ਮੂਹਰੇ ਕਾਰ ਖਲ੍ਹਾਰ ਦਿਤੀ। ਜਸਬੀਰ ਉਤਰ ਗਈ ਤੇ ਗੁਰੋ ਵੀ ਉਤਰਦੀ ਬੋਲੀ, “ਮੈਂ ਜਸਬੀਰ ਕੋਲ ਹੀ ਠਹਿਰਦੀ ਹਾਂ। ਇਸਦੀ ਕਿਸੇ ਸਹੇਲੀ ਨੇ ਆਉਂਣਾ ਹੈ, ਮੈਨੂੰ ਮਿਲਣ। ਤੁਸੀਂ ਭੱਜਕੇ ਘਰੋਂ ਚੈੱਕ ਲੈ ਆਵੋ।” ਸੁਖਦੀਪ ਨੇ ਕਾਰ ਤੋਰ ਲਈ।
ਘਰ ਜਾਕੇ ਸੁਖਦੀਪ ਮੈਨੂੰ ਲਿਵ-ਰੂਮ ਵਿਚ ਬੈਠਾਕੇ ਅੰਦਰ ਚਲਾ ਗਿਆ। ਅੰਦਰੋਂ ਉਹ ਇੱਕ ਫਾਈਲ ਚੁੱਕੀ ਬਾਹਰ ਆਇਆ। ਫਾਈਲ ਉਸਨੇ ਕੌਫੀ ਟੇਬਲ ਤੇ ਰੱਖ ਦਿਤੀ ਤੇ ਪੰਦਰਾਂ ਹਜ਼ਾਰ ਦਾ ਚੈੱਕ ਕੱਟ ਕੇ ਮੇਰੇ ਹੱਥ ਤੇ ਰਖ ਦਿਤਾ। ਮੈਂ ਚੈੱਕ ਤਹਿ ਲਾਕੇ ਜੇਬ ਵਿਚ ਪਾ ਲਿਆ।
ਸੁਖਦੀਪ ਬੋਲਿਆ, “ਵੈਸੇ ਤਾਂ ਇਹ ਪੈਸੇ ਤੁਸੀਂ ਵਾਪਸ ਨਹੀਂ ਕਰਨੇ ਪਰ ਫਿਰ ਵੀ ਮੈਂ ਤਾਂ ਡੇਰੇ ਦਾ ਹਿਸਾਬ ਰਖਣਾ ਹੀ ਹੈ ਨਾ। ਐਵੇਂ ਕੱਲ ਕਲੋਤਰ ਨੂੰ ਕੋਈ ਊਝ ਹੀ ਲਾ ਦੇਵੇ। ਆ ਹਰਾਮੀ ਬਾਬੇ ਦਾ ਗੜਵਈ ਹੀ ਨੀ ਮਾਣ।”
ਉਸਨੇ ਫਾਈਲ ਖ੍ਹੋਲੀ ਤੇ ਉਸ ਵਿਚੋਂ ਇੱਕ ਅੰਗਰੇਜ਼ੀ ਦਾ ਟਾਈਪ ਕੀਤਾ ਕਾਗਜ਼ ਮੇਰੇ ਅੱਗੇ ਕਰ ਦਿੱਤਾ ਤੇ ਬੋਲਿਆ, “ਆ ਮਾਰਿਓ ਜ਼ਰਾ ਘੁੱਗੀ।”
ਬਸ ਇਥੇ ਹੀ ਲਛਮਣ ਸਿੰਘ ਮਾਰ ਖਾ ਗਿਆ। ਮੈਂ ਹੇਠ ਓਪਰ ਤਿੰਨ ਕਾਗਜ਼ਾਂ ਤੇ ਸੁਖਦੀਪ ਦੇ ਕਹੇ ਦਸਖਤ ਕਰ ਦਿੱਤੇ। ਫਾਈਲ ਵਿਚ ਮੇਰੇ ਜੇਬ ਵਿਚ ਪਏ ਚੈੱਕ ਦੀ ਫੋਟੋ ਕਾਪੀ ਵੀ ਸੀ।
ਸੁਖਦੀਪ ਨੇ ਫਾਈਲ ਚੁੱਕੀ ਤੇ ਅੰਦਰ ਜਾਕੇ ਰੱਖ ਆਇਆ। ਆਉਂਦੇ ਹੋਏ ਉਸਦੇ ਹੱਥ ਵਿਚ ਦੋ ਕਚ ਦੇ ਗਲਾਸ ਸਨ।
ਬਾਬਾ ਜੀ ਮਹੀਨੇ ਕੁ ਬਾਦ ਹੀ ਐਡਮਿੰਟਨ ਚਲੇ ਗਏ। ਉਨ੍ਹਾਂ ਦੇ ਬਗੈਰ ਵੀ ਸਤਿਸੰਗ ਚਲਦਾ ਰਹਿੰਦਾ। ਮੇਰਾ ਸਤਿਸੰਗ ਵਿਚ ਜਾਣਾ ਵੀ ਗੁਝਾ ਨਾ ਰਿਹਾ। ਕਈਆਂ ਨੇ ਸਮਝਾਇਆ ਪਰ ਮੈਂ ਨਾਂਹ ਹਟਿਆ। ਲੋਕਾਂ ਨੇ ਮੈਨੂੰ ਮਿਲਣਾ ਜੁਲਣਾ ਘੱਟ ਕਰ ਦਿਤਾ। ਅਸੀਂ ਅਪਣੀ ਹੀ ਦੁਨੀਆਂ ਵਿਚ ਖੁਸ਼ ਸੀ। ਗੁਰੋ ਦੇ ਘਰ ਜਾਂਦਾ,ਉਸਦੇ ਪੇਸ਼ ਕੀਤੇ ਅੰਗੂਰ ਬੜੇ ਹੀ ਮਿੱਠੇ ਲਗਦੇ।
ਇੰਡੀਆ ਤੋਂ ਸਨੇਹੇ ਆ ਰਹੇ ਸਨ। ਕੋਈ ਗੜਬੜ ਹੈ ਪਰ ਕੋਈ ਵੀ ਖੁਲ ਕੇ ਗੱਲ ਨਾ ਕਰਦਾ। ਦਵਿੰਦਰ ਦੇ ਵੀ ਗ੍ਰਹਾਂ ਵਾਲੇ ਤੇਰਾਂ ਮਹੀਨੇ ਪੂਰੇ ਹੋਣ ਵਾਲੇ ਸਨ। ਅਸੀਂ ਤੇਰਾਂ ਮਹੀਨੇ ਦੀ ਮੁਨਿਆਦ ਮੁੱਕਣ ਤੋਂ ਦੋ ਮਹੀਨੇ ਪਹਿਲਾਂ ਹੀ ਇੰਡੀਆ ਪਹੁੰਚ ਗਏ।
ਸਾਡੇ ਜਾਣ ਤੋਂ ਇੱਕ ਮਹੀਨਾ ਬਾਦ ਬਾਬਾ ਜੀ ਦਾ ਸੁਨੇਹਾ ਆਇਆ। ਉਹ ਬਿਹਾਰ ਤੋਂ ਹੁਣੇ ਮੁੜੇ ਸਨ ਤੇ ਸਾਡੇ ਘਰ ਆ ਰਹੇ ਸਨ ਮੰਗਲ ਨੂੰ ਮਿਲਣ। ਜਸਬੀਰ ਬਹੁਤ ਹੀ ਖੁਸ਼ ਸੀ। ਉਸਨੂੰ ਪੱਕੀ ਆਸ ਸੀ ਕਿ ਇੱਕ ਮਹੀਨੇ ਨੂੰ ਜਦ ਵੀ ਗ੍ਰਹਿ ਦਸ਼ਾ ਠੀਕ ਹੋਈ ਬਾਬਾ ਜੀ ਦੀ ਕਿਰਪਾ ਹੋ ਜਾਂਣੀ ਹੈ ਤੇ ਦਵਿੰਦਰ ਨੇ ਬੋਲਣ ਲੱਗ ਪੈਣਾ ਹੈ।
ਸ਼ਨੀਵਾਰ ਢਲ ਰਹੀ ਦੁਪਿਹਰ ਨੂੰ ਮੈਨੂੰ ਦੂਰੋਂ ਕਾਰਾਂ ਦਾ ਕਾਫਲਾ ਆਉਂਦਾ ਦਿਸਿਆ। ਦਸ ਮਿੰਟ ਬਾਦ ਹੀ ਬਾਬਾ ਜੀ ਦੀ ਮਰਸੀਡੀਜ਼ ਸਾਡੇ ਲੋਹੇ ਵਾਲਾ ਗੇਟ ਲੰਘ ਰਹੀ ਸੀ। ਮੈਂ ਦੌੜ ਕੇ ਬਾਬਾ ਜੀ ਦੇ ਪੈਰੀਂ ਹੱਥ ਲਾਇਆ। ਕਾਰਾਂ ਨਾਲ ਉਡ ਰਿਹਾ ਗੁਬਾਰ ਵੇਖਕੇ ਦਵਿੰਦਰ ਹੈਰਾਨ ਹੋ ਰਿਹਾ ਸੀ। ਆਉਂਦੇ ਬਾਬਾ ਜੀ ਵਲ ਵੇਖਕੇ ਉਸਨੇ ਫਿਰ ਵਿਚਲੀ ਉਂਗਲ ਖੜੀ ਕਰ ਦਿੱਤੀ। ਇਸ ਵਾਰ ਬਾਬਾ ਜੀ ਨੇ ਵੀ ਇਹੋ ਕੀਤਾ। ਫੇਰ ਦੋਵੇਂ ਹੀ ਪੁਰਾਣੇ ਮਿੱਤਰ ਹਸਣ ਲੱਗ ਪਏ।
ਅਸੀਂ ਸਾਰਿਆਂ ਲਈ ਲੰਗਰ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਸੀ। ਅੱਜ ਰਾਤ ਬਾਬਾ ਜੀ ਨੇ ਸਾਡੇ ਕੋਲ ਹੀ ਠਹਿਰਨਾ ਸੀ। ਲੰਗਰ ਪਾਣੀ ਛਕਕੇ ਬਾਕੀ ਦੀਆਂ ਸੱਤ ਕਾਰਾਂ ਤਾਂ ਮੁੜ ਗਈਆਂ। ਸਿਰਫ ਬਾਬਾ ਜੀ ਤੇ ਉਨ੍ਹਾਂ ਦੇ ਖਾਸ ਪੰਜ ਬੰਦੇ ਰਹਿ ਪਏ। ਉਨ੍ਹਾਂ ਦੀਆਂ ਗੰਨਾਂ ਵੇਖਕੇ ਮੈਂ ਹੈਰਾਨ ਹੋ ਰਿਹਾ ਸੀ।
ਸ਼ਾਮ ਨੂੰ ਬਾਬਾ ਜੀ ਮੈਨੂੰ ਬਾਗ ਵੱਲ ਲੈ ਤੁਰੇ, ਰਸਤੇ ਵਿਚ ਬੋਲੇ, “ਬਹੁਤ ਹੀ ਰਮਣੀਕ ਜਗ੍ਹਾ ਹੈ। ਮੇਲੇ ਲਗਿਆ ਕਰਨਗੇ ਇੱਥੇ ਮੰਗਲ ਦੇ। ਤੂੰ ਇਸਤਰ੍ਹਾਂ ਕਰ, ਮੰਗਲ ਨੂੰ ਇੱਥੇ ਹੀ ਸਾਡੇ ਕੋਲ ਛੱਡ ਜਾ। ਵਾਪਸ ਲੈਕੇ ਨਾਂਹ ਜਾਂਈਂ ਇਹ ਸਾਡਾ ਹੁਕਮ ਹੈ। ਅਸੀਂ ਉਸਦਾ ਖਿਆਲ ਰਖਾਂਗੇ ਫਿਰ ਵੀ ਸਾਡਾ ਪੁਰਾਣਾ ਬੇਲੀ ਹੈ। ਸਮਾਂ ਸਥਾਨ ਤਾਂ ਠੀਕ ਹੈ ਪਰ ਗ੍ਰਹਿ ਕੁੱਝ ਪਛੜੇ ਹੋਏ ਹਨ। ਤੇਰਾਂ ਮਹੀਨੇ ਦੀ ਮੁਨਿਆਦ ਤੱਕ ਤਾਂ ਮੈਨੂੰ ਕੋਈ ਆਸ ਨਹੀਂ। ਜੇ ਇਹ ਵੇਲਾ ਖੁੰਝ ਗਿਆ ਤਾਂ ਫਿਰ ਅਗਲਾ ਮੇਲ ਕਦੋਂ ਹੁੰਦਾ ਹੈ, ਕੋਈ ਪਤਾ ਨਹੀਂ। ਮੰਗਲ ਨੇ ਗਲਤੀਆਂ ਵੀ ਤੇ ਬਹੁਤ ਕੀਤੀਆਂ ਹਨ। ਅਜੇ ਕਿਹੜਾ ਹਟਦਾ। ਤੂੰ ਵੇਖਦਾਈਂ ਪਿਆ ਵਿਚਲੀ ਉਂਗਲ ਕਿਵੇਂ ਖੜੀ ਕਰਦਾ ਜਿਵੇਂ ਬੜਾ ਬਲਵਾਨ ਹੋਵੇ। ਇਹਨਾਂ ਕਰਤੂਤਾਂ ਕਰਕੇ ਅੱਗੇ ਜ਼ੁਬਾਨ ਗਈ ਹੁਣ ਉਂਗਲ ਵੀ ਜਾਊ। ਤੇਰੇ ਕੋਲ ਨਹੀਂ ਇਹਨੇ ਸੂਤ ਆਉਂਣਾ। ਅਸੀਂ ਇਸ ਜਗ੍ਹਾ ਮੰਗਲ ਦਾ ਡੇਰਾ ਬਨਾਉਣ ਦਾ ਫੈਸਲਾ ਕਰ ਲਿਆ ਹੈ। ਮੈਂ ਤਾਂ ਕਹਿੰਨਾ ਤੁਸੀਂ ਸਾਰੇ ਹੀ ਇੱਥੇ ਰਹਿ ਜਾਉ। ਉੱਥੇ ਆਪੇ ਗੁਰੋ ਸਾਰ ਲਊ ਔਖੀ ਸੌਖੀ। ਬੜੀ ਸਖੀ ਤੀਵੀਂ ਹੈ ਉਹ।”
“ਪਰ ਬਾਬਾ ਜੀ ਇਹ ਤਾਂ….” ਮੇਰੇ ਚੇਹਰੇ ਤੇ ਹੁਕਮ ਅਦੂਲੀ ਦੀਆਂ ਹਵਾਈਆਂ ਉੱਡ ਰਹੀਆਂ ਸਨ।
“ਅਸੀਂ ਡੇਰੇ ਲਈ ਦੋ ਏਕੜ ਦਾਨ ਕਰ ਦਿੰਦੇ ਹਾਂ।”
ਮੁਕੰਦ ਨੀਰ ਨੇ ਘੜੀ ਵੇਖਦਿਆਂ ਬਾਂਹ ਜਿਹੀ ਖੜੀ ਕੀਤੀ। ਪਿੱਛੇ ਖੜੇ ਉਸਦੇ ਬੰਦਿਆਂ ਨੇ ਪੰਜ ਹਵਾਈ ਫਾਇਰ ਕਰ ਦਿਤੇ।
“ਬੱਸ ਹੋ ਗਿਆ ਫੈਸਲਾ,ਹੁਣ ਹੋਰ ਬਹਿਸ ਨਹੀਂ।”
ਮੇਰੇ ਤਾਂ ਜਿਵੇਂ ਔਸਾਣ ਹੀ ਮਾਰੇ ਗਏ। ਮੈਂ ਸਾਰੀ ਲੀਲਾ ਹੀ ਸਮਝ ਗਿਆ। ਮੈਂ ਤਾਂ ਜਿਵੇਂ ਚੁੱਪ ਹੀ ਵੱਟ ਲਈ। ਮੁਕੰਦ ਨੀਰ ਮੇਰੀ ਚੁੱਪ ਵੇਖਕੇ ਚੁੱਪ ਕਰ ਗਿਆ। ਕੁੱਝ ਅਟਕ ਕੇ ਬੋਲਿਆ, “ਅੱਜ ਤੀਸਰੇ ਪਹਿਰ ਸਤਸੰਗ ਤੇ ਝੰਡੇ ਦੀ ਰਸਮ ਲਈ ਸੁ.ਭ ਮਹੂਰਤ ਹੈ,ਮੰਗਲ ਨੂੰ ਅਸ਼ਨਾਨ ਕਰਵਾ ਦੇਣਾ। ਉਸ ਤੋਂ ਪਹਿਲਾਂ ਆਪਣੀ ਟਿੰਡ ਫੌੜੀ ਸ਼ਾਮ ਤੱਕ ਵੱਡੇ ਕਮਰੇ ਵਿਚੋਂ ਚੁੱਕ ਲਿਉ।”
ਪਤਾ ਨਹੀਂ ਕਿਉਂ ਮੈਨੂੰ ਗੁੱਸਾ ਆ ਗਿਆ। ਇਹ ਵੀ ਕੋਈ ਜੀਣਾ ਹੈ? ਮੈਂ ਭੱਜਾ ਭੱਜਾ ਅੰਦਰ ਗਿਆ ਤੇ ਬਾਰਾਂ ਬੋਰ ਦੀ ਦੁਨਾਲੀ ਚੁੱਕ ਲਈ। ਮਾਸੜ ਜੀ ਮੇਰੇ ਹੱਥ ਦੁਨਾਲੀ ਵੇਖਕੇ ਭੱਜੇ ਆਏ ਤੇ ਮੇਰੀ ਬਾਂਹ ਫੜਕੇ ਬੋਲੇ, “ਮੂਰਖ ਨਾ ਬਣ। ਕੀਹਦੇ ਨਾਲ ਲੜੇਂਗਾ? ਆਪਾਂ ਬਹਿਕੇ ਵਿਚਾਰ ਕਰਦੇ ਹਾਂ, ਕੋਈ ਇਤਨਾ ਵੀ ਹਨੇਰ ਨਹੀਂ ਪਿਆ।”
ਮੇਰੇ ਕੋਲੋਂ ਸਾਂ.ਤ ਹੁੰਦੇ ਹੁੰਦੇ ਵੀ ਘੋੜਾ ਦੱਬ ਹੋ ਗਿਆ। ਮੇਰੇ ਚਲਾਏ ਫਾਇਰ ਦੀ ਗਰਮਾਇਸ਼ ਪੰਜਾਂ ਦੇ ਮੁਕਾਬਲੇ ਕਾਫੀ. ਘੱਟ ਸੀ। ਸ਼ਾਮ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਚਿਮਟੇ ਛੈਣੇ ਖੜਕਦੇ ਰਹੇ। ਮਾਸੜ ਜੀ ਮੈਨੂੰ ਕਈ ਕੁੱਝ ਸਮਝਾਉਂਦੇ ਰਹੇ। ਆਉਣ ਵਾਲੇ ਸਮੇਂ ਨੂੰ ਨਿਪਟਣ ਲਈ ਜੁਗਤਾਂ ਦਸਦੇ ਰਹੇ। ਮੇਰੀ ਸਮਝ ਵਿਚ ਇਹ ਨਹੀਂ ਆ ਰਿਹਾ ਸੀ ਕਿ ਇਹ ਚਿਮਟੇ ਛੈਣੇ ਖੜਕਦੇ,ਇਹ ਝੰਡੇ ਦੇ ਆਲੇ ਦੁਆਲੇ ਲਿਪਦੇ ਗੋਹੇ ਦੇ ਬੇਤਰਤੀਬੇ ਪੂੰਝੇ , ਇਹ ਲਾਲ ਚੂਨੇ ਦੇ ਘੇਰੇ, ਕਬਜ਼ਾ ਕਿਵੇਂ ਹੋ ਗਏ? ਮਾਸੜ ਜੀ ਕਹਿ ਰਹੇ ਸਨ ਕਿ ਇਹ ਕਬਜਾ ਹੋ ਰਿਹਾ ਹੈ। ਅਨਜਾਣ ਲੋਕਾਂ ਦੇ ਆਉਣ ਜਾਣ ਦਾ ਤਾਂਤਾ ਲੱਗਾ ਹੋਇਆ ਸੀ। ਮੇਰਾ ਘਰ, ਮੇਰਾ ਬੂਹਾ, ਮੇਰਾ ਗੇਟ, ਮੈਂ ਸਭ ਕੁੱਝ ਹਾਰ ਰਿਹਾ ਸੀ। ਪਰ ਅਜੇ ਮੈਨੂੰ ਇਹ ਨਹੀਂ ਕਿਹਾ ਗਿਆ ਸੀ ਕਿ ਤੂੰ ਘਰੋਂ ਬਾਹਰ ਨਿਕਲ ਜਾ। ਇਸ ਹਿਸਾਬ ਨਾਲ ਮੇਰਾ ਵੀ ਕਬਜਾ ਸੀ। ਯੁੱਧ ਅਜੇ ਜਾਰੀ ਸੀ। ਮੈਂ ਅਜੇ ਵੀ ਟਿਊਬਵੈਲ ਦਾ ਬੱਟਨ ਦੱਬ ਸਕਦਾ ਸੀ। ਗੰਢੇ ਪੁੱਟ ਕੇ ਖਾ ਸਕਦਾ ਸੀ। ਫਰਕ ਉਦੋਂ ਪੈਣਾ ਸੀ ਜਦੋਂ ਮੈਂ ਇੱਕ ਵਾਰ ਘਰੋਂ ਬਾਹਰ ਹੋ ਗਿਆ। ਇੱਕ ਵਾਰ ਕੈਨੇਡਾ ਆਉਣ ਲਈ ਬੂਹਿਉਂ ਪੈਰ ਕੱਢਿਆ ਨਹੀਂ ਤੇ ਯੁੱਧ ਹਾਰਿਆ ਨਹੀਂ। ਅਜੇ ਤੇ ਸਿਰਫ ਹਾਰਿਆਂ ਵਰਗਾ ਹੀ ਸੀ। ਇਹ ਹੌਲੀ ਹੌਲੀ ਰੀਂਗਦਾ, ਬਦੀ ਦਾ ਕਬਜ਼ਾ, ਨੇਕੀ ਦੇ ਪੈਰ ਉਖਾੜ ਰਿਹਾ ਸੀ। ਮੇਰਾ ਸੈਨਾਪਤੀ, ਮੇਰਾ ਮਾਸੜ, ਮੇਰੇ ਹੋਰ ਸਲਾਹਕਾਰਾਂ ਨਾਲ ਮਿਲਕੇ ਮੈਨੂੰ ਹੁੱਕਮ ਦੇ ਰਿਹਾ ਸੀ ਕਿ ਮੈਂ ਕੁੱਝ ਨਹੀਂ ਬੋਲਣਾ। ਕਿਸੇ ਤਰ੍ਹਾਂ ਦੀ ਹੋਛੀ ਲੜਾਈ, ਗਾਲੀ ਗਲੋਚ ਜਾਂ ਮੁੰਕਦੇ ਦੀ ਭਰੀ ਸਭਾ ਵਿਚ ਚਰਚਾ, ਮੇਰੇ ਦਾਹਵੇ ਨੂੰ ਹੋਰ ਵੀ ਪੇਤਲਾ ਕਰ ਦੇਵੇਗੀ।
ਮੇਰਾ ਸੈਨਾਪਤੀ ਤੇ ਹੋਰ ਅਹਿਲਕਾਰ ਚਾਰੇ ਦਿਸ਼ਾਵਾਂ ਵਿਚ ਫੈਲ ਗਏ। ਮੈਂ ਤੇ ਸਿਰਫ ਬੈਂਕ ਜਾਂਦਾ ਸੀ।
ਆਖਰੀ ਘੜੀ ਆਣ ਪਹੁੰਚੀ। ਦੋ ਲੱਖ ਕੈਸ਼ ਪਹਿਲੋਂ ਦੇਣ ਤੋਂ ਬਾਦ ਇਹ ਮੇਰੀ ਪਹਿਲੀ ਮੁਲਾਕਾਤ ਸੀ। ਸਾਹਬ ਬਹਾਦਰ ਨੇ ਸਾਰੇ ਪੇਪਰ ਪੜ੍ਹੇ ਸਨ। ਬਹੁਤ ਇਮਾਨਦਾਰ ਅਫਸਰ ਸਨ। ਉਹਨਾਂ ਪਹਿਲਾਂ ਹੀ ਕਹਿ ਦਿੱਤਾ ਸੀ ਕੋਈ ਵੀ ਰਕਮ ਲੈਣ ਤੋਂ ਪਹਿਲਾਂ ਉਹ ਦਾਹਵੇ ਦੇ ਪੇਪਰ ਪੜਨਗੇ ਫਿਰ ਹੀ ਇਨਸਾਫ ਕਰਨਗੇ। ਫਰਦਾਂ ਦੇਖਣ ਤੋਂ ਬਾਦ ਹੀ ਉਹਨਾਂ ਧੰਨ ਦੀ ਮੰਗ ਕੀਤੀ ਸੀ।
“ਇਹ ਮੰਗਲ ਕੋਣ ਹੈ?” ਸਾਹਿਬ ਬਹਾਦਰ ਨੇ ਆਪਣੀ ਕੁਰਸੀ ਦੇ ਸਾਹਮਣੇ ਫੈਲੇ ਵਿਸ਼ਾਲ ਮੇਜ਼ ਦੇ ਪਰਲੇ ਪਾਸੇ ਪਈਆਂ ਵਾਧੂ ਕੁਰਸੀਆਂ ਤੇ ਬੈਠੇ ਤਿੰਨ ਜਣਿਆਂ ਨੂੰ ਸਾਂਝਾ ਜਿਹਾ ਸੁਆਲ ਕੀਤਾ। ਇਸਦਾ ਜੁਆਬ ਸਿਰਫ ਮੇਰੇ ਕੋਲ ਸੀ। ਸੈਨਾਪਤੀ ਤੇ ਆਪ ਹੈਰਾਨ ਸੀ। ਉਸਨੇ ਮੇਰੇ ਵੱਲ ਕੌੜਾ ਜਿਹਾ ਵੇਖਿਆ ਜਿਵੇਂ ਉਸਨੂੰ ਹਨੇਰੇ ਵਿਚ ਰੱਖਿਆ ਗਿਆ ਹੋਵੇ। ਵਿਚੋਲਾ ਚੁੱਪ ਸੀ। ਉਸਦਾ ਕੋਈ ਲੈਕਾ ਦੇਕਾ ਨਹੀਂ ਸੀ।
” ਜੀ ਸਰ, ਮੰਗਲ ਮੁੰਗਲ ਕੋਈ ਵੀ ਨਹੀਂ। ਇਹ ਤੇ ਐਵੇਂ ਮੇਰੇ ਮੁੰਡੇ ਦਵਿੰਦਰ ਬਾਰੇ ਕਹੀ ਜਾਂਦੇ ਹਨ ਕਿ ਉਹ ਪਿੱਛਲੇ ਜਨਮ ਵਿਚ ਮੰਗਲ ਸੀ। ਉਹ ਤੇ ਵਿਚਾਰਾ ਹੈਂਡੀਕੈਪ ਹੈ। “
“ਵੇਖੋ ਭਾਈ ਸਾਹਿਬ, ਮੈਂ ਪੜਤਾਲ ਕੀਤੀ ਹੈ। ਮੁਕੰਦੇ ਨੂੰ ਵੀ ਦਬਕਾ ਮਾਰਿਆ ਹੈ। ਉਹ ਕਹਿੰਦਾ ਹੈ ਕਿ ਇਹ ਡੇਰਾ ਤੁਸੀਂ ਆਪ ਮੰਗਲ ਦੇ ਨਾਮ ਤੇ ਬਨਾਉਣ ਲਈ ਉਸਨੂੰ ਦਿੱਤਾ ਹੈ ਤੇ ਪੁੱਤਰ ਦੀ ਖਾਤਰ, ਇਸਦੀ ਥੋੜੀ ਕੀਮਤ ਵੀ, ਡਾਲਰਾਂ ਵਿਚ ਲਈ ਹੈ।”
“ਇਹ ਝੂਠ ਹੈ ਜੀ ਸਭ ਕੁੱਝ। ਮੈਂ ਆਪ ਹੀ ਆਪਣੀ ਜ਼ਮੀਨ, ਆਪਣੇ ਹੀ ਮੁੰਡੇ ਨੂੰ ਦੇਣ ਲਈ ਕਿਸੇ ਹੋਰ ਨੂੰ ਕਿਉਂ ਕਹਾਂਗਾ?
“ਕੀ ਇਹ ਤੁਹਾਡੇ ਦਸਖਤ ਨਹੀਂ ਹਨ?” ਮੈਂ ਆਪਣੇ ਸਾਹਮਣੇ ਫੈਲਾਏ ਕਾਗਜ਼ ਵੱਲ ਬਿਟਰ ਬਿਟਰ ਝਾਕ ਰਿਹਾ ਸੀ, ਜਦੋਂ ਚਿੱਕ ਚੁੱਕ ਕੇ ਬਹਿਰਾ ਠੰਡੀਆਂ ਠਾਰ ਬੋਤਲਾਂ ਸਾਡੇ ਅੱਗੇ ਰੱਖ ਗਿਆ।
“ਚਲੋ ਛੱਡੋ ਜੀ, ਤੁਸੀਂ ਠੰਡਾ ਪੀਉ। ਅਸੀਂ ਇੱਥੇ ਬੈਠੇ ਹੀ ਤੁਹਾਡੀ ਸੇਵਾ ਲਈ ਹਾਂ। ਐਨ. ਆਰ. ਆਈ ਦੀ ਮਦਦ ਕਰਨ ਦੀ ਸਾਨੂੰ ਸਖਤ ਹਦਾਇਤ ਹੈ।” ਸਹਿਬ ਬਹਾਦਰ ਨੇ ਸਾਰੇ ਕਾਗਜ਼ ਚੁੱਕ ਕੇ ਇੱਕ ਟਰੇ ਵਿਚ ਸੁੱਟ ਦਿੱਤੇ ਤੇ ਬੋਲੇ, “ਦੇਖੋ ਜੀ ਗੱਲ ਹੈ ਇਸਤਰ੍ਹਾਂ। ਜੇ ਤੁਸੀਂ ਕਹੋ ਮੈਂ ਹੁਣੇ ਗਾਰਦ ਭੇਜ਼ ਕੇ ਮੁੰਕਦੇ ਦੇ ਸਾਰੇ ਚਿਮਟੇ ਛੈਣੇ ਸਣੇ ਮੁਕੰਦੇ ਦੇ, ਇੱਥੇ ਮੰਗਵਾ ਲੈਂਦਾ ਹਾਂ ਤੇ ਤੁਹਾਡਾ ਮੁਕਮੰਲ ਕਬਜ਼ਾ ਬਹਾਲ ਕਰਵਾ ਦਿੰਦਾ ਹਾਂ ਪਰ ਉਸ ਕਬਜ਼ੇ ਨੂੰ ਬਰਕਰਾਰ ਰੱਖਣਾ ਤੁਹਾਡੀ ਜਿੰਮੇਵਾਰੀ ਹੈ। ਮੈਂ ਸਿਰਫ ਇੱਕ ਵਾਰ ਤੁਹਾਡਾ ਕਬਜਾ ਕਰਵਾ ਸਕਦਾ ਹਾਂ। ਕਿਉਂ ਜਗੀਰ ਸਿੰਘ ਜੀ?” ਪੁਲੀਸ ਵਾਲੇ ਨੇ ਵਿਚੋਲੇ ਨੂੰ ਹੁੰਗਾਰੇ ਲਈ ਉਕਸਾ ਕੇ ਆਪਣੇ ਪੈਸੇ ਖਰੇ ਕਰ ਲਏ।
ਬਾਹਰ ਆਕੇ ਸੈਨਾਪਤੀ ਬੋਲਿਆ, “ਤੁਸੀਂ ਸਾਲ ਖੰਡ ਕੈਨੇਡਾ ਦਾ ਖਿਆਲ ਛੱਡੋ। ਮੈਂ ਕਰਦਾਂ ਕੁੱਝ ਜੁਗਾੜ।”
ਮੇਰੇ ਜਾਣ ਵਿਚ ਅਜੇ ਪੰਜ ਦਿਨ ਰਹਿੰਦੇ ਸਨ। ਦੋ ਦਿਨਾਂ ਵਿਚ ਹੀ ਮੇਰਾ ਵਿਚਾਰ ਕੈਨੇਡਾ ਜਾਣਦਾ ਤੇ ਇੰਡੀਆ ਛੱਡਣ ਦਾ ਬਣ ਗਿਆ। ਮੇਰਾ ਵਿਚਾਰ ਆਪ ਬਣਿਆ ਸੀ ਜਾਂ ਸ਼ਾਮ ਨੂੰ ਚਲਦੇ ਮੁਕੰਦੇ ਦੇ ਪਟਾਕੇ ਸੁਣਕੇ ਮੈਂ ਡਰ ਗਿਆ ਸੀ। ਇਹ ਨੇਕੀ ਨਹੀਂ ਸਗੋਂ ਮੈਂ ਹਾਰਿਆ ਸੀ। ਨੇਕੀ ਤੇ ਬਹੁਤ ਪਹਿਲਾਂ ਹੀ ਹਾਰਕੇ ਮਰ ਗਈ ਸੀ। ਆਪਣਾ ਬਾਗ ਵਾਪਸ ਲੈਣ ਲਈ ਭੂਆ ਫਿਰ ਜਨਮ ਲਵੇਗੀ। ਇਸ ਵਾਰ ਸ਼ਾਇਦ ਉਹ ਮੇਰੇ ਤੇ ਬਹੁਤਾ ਭਰੋਸਾ ਨਾ ਕਰੇ।
ਪੰਜਵੇਂ ਦਿਨ ਸਵੇਰੇ ਉੱਠਦਿਆਂ ਹੀ ਮੁਕੰਦੇ ਨੇ ਵੀ ਤਿਆਰੀ ਖਿੱਚ ਲਈ। ਜਾਣ ਤੋਂ ਪਹਿਲਾਂ ਉਸਨੇ ਮੇਰੇ ਵੱਲ ਵੇਖਿਆ। ਮੈਂ ਔਖੇ ਭਾਰੇ ਨੇ ਉਸਦੇ ਬੰਦਿਆਂ ਵੱਲ ਵੇਖਦਿਆਂ ਉਸਦੇ ਗੋਡੀ ਹੱਥ ਲਾਇਆ। ਜਸਬੀਰ ਨੇ ਪੈਰੀਂ ਹੱਥ ਲਾਇਆ। ” ਫੋਨ ਫਾਨ ਕਰਦਾ ਰਿਹਾ ਕਰੀਂ। ਜਦੋਂ ਵੀ ਇੰਡੀਆ ਆਵੇਂ ਸਾਡੇ ਇੱਥੇ ਹੀ ਠਹਿਰਨਾ ਹੈ, ਤੇਰਾ ਆਪਣਾ ਘਰ ਹੈ, ਸੁਣਿਆ ਕਿ ਨਹੀਂ। ਐਵੇਂ ਕੱਚੀਆਂ ਗੱਲਾਂ ਨਹੀਂ ਕਰੀਦੀਆਂ।”ਦਵਿੰਦਰ ਵੱਲ ਵੇਖਕੇ ਮੁਕੰਦੇ ਨੇ ਵਿਚਲੀ ਉਂਗਲ ਖੜੀ ਕਰ ਦਿੱਤੀ। ਜਿਸਦਾ ਦਵਿੰਦਰ ਨੇ ਕੋਈ ਜੁਆਬ ਨਾਂਹ ਦਿੱਤਾ। ਮੁਕੰਦੇ ਦੀ ਕਾਰ ਜਦੋਂ ਗੇਟੋਂ ਬਾਹਰ ਹੋ ਗਈ ਉਦੋਂ ਦਵਿੰਦਰ ਨੇ ਵਿਚਲੀ ਉਂਗਲ ਮੇਰੇ ਵੱਲ ਖੜੀ ਕਰ ਦਿੱਤੀ। ਮੈਂ ਉਦੋਂ ਗੁਰੋ ਬਾਰੇ ਸੋਚ ਰਿਹਾ ਸੀ।

ਪ੍ਰਕਾਸ਼ਿਤ: Uncategorized ਵਿੱਚ | ਟਿੱਪਣੀ ਕਰੋ

ਰੇਡੀਏਸ਼ਨ ਦੇ ਵੱਡੇ ਖਤਰੇ

ਜਾਪਾਨ ਵਿੱਚ ਆਏ ਵਿਨਾਸ਼ਕਾਰੀ ਭੁਚਾਲ ਨੇ ਪਰਮਾਣੂ ਸੰਯੰਤਰਾਂ ਦੀ ਸੁਰੱਖਿਆ ਨੂੰ ਵੀ ਵੀ ਭੇਦ ਦਿੱਤਾ ਹੈ ।  ਪਰਮਾਣੂ ਸੰਯੰਤਰਾਂ  ਦੇ ਆਸਪਾਸ ਰੇਡੀਏਸ਼ਨ ਦੀਆਂ ਆਰੰਭਕ ਸੂਚਨਾਵਾਂ ਮਿਲ ਰਹੀਆਂ ਹਨ ।  ਇਹ ਵੱਡੇ ਖਤਰੇ ਦਾ ਸੰਕੇਤ ਹਨ।  ਵਿਗਿਆਨੀਆਂ ਦਾ ਕਹਿਣਾ ਹੈ ਕਿ ਜਾਪਾਨ ਲੰਬੇ ਅਰਸੇ ਤੋਂ ਪਰਮਾਣੂ ਊਰਜਾ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਉਸਦੇ ਕੋਲ ਸੁਰੱਖਿਆ  ਦੇ ਚਾਕ – ਚੌਬੰਦ ਉਪਾਅ ਹਨ ।  ਜੋ ਛੋਟੀ – ਮੋਟੀ ਲੀਕੇਜ ਹੋਈ ਵੀ ਹੋਵੇਗੀ ਤਾਂ ਉਸਦੇ ਖਤਰਿਆਂ ਨੂੰ ਨਿਅੰਤਰਿਤ ਕਰ ਲਿਆ ਜਾਵੇਗਾ ਅਤੇ ਚੇਰਨੋਬਿਲ ਵਰਗੀ ਪਰਮਾਣੂ ਦੁਰਘਟਨਾ ਦੀ ਪੁਨਰਾਵ੍ਰੱਤੀ ਨਹੀਂ ਹੋਵੇਗੀ ।

ਊਰਜਾ ਦੀਆਂ ਵੱਧਦੀਆਂ ਜਰੂਰਤਾਂ  ਦੇ ਕਾਰਨ ਪਰਮਾਣੂ ਊਰਜਾ ਉੱਤੇ ਨਿਰਭਰਤਾ ਵੱਧਦੀ ਜਾ ਰਹੀ ਹੈ ।  ਭਾਰਤ ਵਿੱਚ ਵੀ ਭਵਿੱਖ ਦੀ ਊਰਜਾ ਪਰਮਾਣੂ ਊਰਜਾ ਹੀ ਹੈ ।  ਲੇਕਿਨ ਪਿਛਲੇ ਸਾਲ ਅਸੀ ਕੈਗਾ ਸੰਯੰਤਰ ਵਿੱਚ ਵਿਕਿਰਣ ਦਾ ਖ਼ਤਰਾ ਵੇਖ ਚੁੱਕੇ ਹਾਂ ।  ਪਿਛਲੇ ਸਾਲ ਹੀ ਕੂੜੇ ਵਿੱਚ ਆਏ ਰੇਡੀਉਐਕਟਿਵ ਪਦਾਰਥ ਨਾਲ ਦਿੱਲੀ  ਦੇ ਮਾਇਆਪੁਰੀ ਇਲਾਕੇ ਵਿੱਚ ਹਾਹਾਕਾਰ ਮੱਚ ਗਿਆ ਸੀ ਅਤੇ ਕੁੱਝ ਲੋਕਾਂ ਦੀ ਜਾਨ ਵੀ ਚੱਲੀ ਗਈ ਸੀ ।

ਰੇਡੀਉਐਕਟਿਵ ਪਦਾਰਥ ਨੂੰ ਸੁਰੱਖਿਅਤ ਰੱਖਣ ਲਈ ਹਾਲਾਂਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ  ( ਆਈ ਏ ਈ ਏ )   ਦੇ ਦਿਸ਼ਾ ਨਿਰਦੇਸ਼ਾਂ  ਦੇ ਤਹਿਤ ਸਖ਼ਤ ਉਪਾਅ ਕੀਤੇ ਜਾਂਦੇ ਹਨ ਲੇਕਿਨ ਭੁਚਾਲ ਅਤੇ ਸੁਨਾਮੀ ਵਰਗੀ ਅੰਬ ਆਪਦਾਵਾਂ ਅਜਿਹੀਆਂ ਹਨ ਜੋ ਇਨ੍ਹਾਂ ਸਭ ਉਪਾਅ ਉੱਤੇ ਪਾਣੀ ਫੇਰ ਦਿੰਦੀਆਂ ਹਨ ।  ਇਸ ਲਈ ਜਾਪਾਨ ਦੀ ਇਹ ਘਟਨਾ ਸਾਡੇ ਦੇਸ਼ ਲਈ ਵੀ ਸਬਕ ਹੈ ।  ਕਿਉਂਕਿ ਅਮਰੀਕਾ ਤੋਂ ਪਰਮਾਣੂ ਕਰਾਰ  ਦੇ ਬਾਅਦ ਅਸੀਂ ਵੀ ਵਿਆਪਕ ਪੈਮਾਨੇ ਉੱਤੇ ਪਰਮਾਣੂ ਬਿਜਲੀ ਉਤਪਾਦਨ ਕਰਨ ਜਾ ਰਹੇ ਹਾਂ ।

ਰੇਡੀਏਸ਼ਨ ਅਤੇ ਮਨੁੱਖ ਸਿਹਤ

ਪਰਮਾਣੂ ਬਿਜਲੀ ਘਰਾਂ ਦੀ ਸੁਰੱਖਿਆ  ਦੇ ਨਾਲ – ਨਾਲ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਕੂੜੇ  ਦੇ ਨਿਪਟਾਨ ਦੀ ਚੁਣੋਤੀ ਵੀ ਵਧੀ ਹੈ ।  ਖ਼ਤਰਾ ਸਿਰਫ ਬਿਜਲੀਘਰਾਂ ਦੇ ਚਲਣ ਦਾ ਹੀ ਨਹੀਂ ਹੈ ।  ਜੋ ਕੂੜਾ ਪੈਦਾ ਹੁੰਦਾ ਹੈ ,  ਉਹ ਵੀ ਸਾਲਾਂ ਤੱਕ ਰੇਡੀਏਸ਼ਨ ਪੈਦਾ ਕਰਦਾ ਰਹਿੰਦਾ ਹੈ ।

ਦੁਨੀਆ ਵਿੱਚ ਇਸਦੇ ਨਿਪਟਾਨ ਲਈ ਅਜੇ ਵੀ ਸਮਰੱਥ ਇੰਤਜਾਮਾਂ ਦੀ ਕਮੀ ਹੈ ।  ਭਾਰਤ ਵਿੱਚ ਹਾਲਾਂਕਿ ਅਜੇ ਪਰਮਾਣੂ ਕੂੜਾ ਜ਼ਿਆਦਾ ਨਹੀਂ ਹੈ ,  ਇਸ ਲਈ ਇਹ ਕਠਿਨਾਈ ਨਹੀਂ ਹੈ ।  ਲੇਕਿਨ ਪਰਮਾਣੂ ਊਰਜਾ ਦਾ ਉਤਪਾਦਨ ਵਧਣ  ਦੇ ਬਾਅਦ ਇਸਦੀ ਸਮੱਸਿਆ ਵਧੇਗੀ ।  ਸੰਸਾਰ ਸਿਹਤ ਸੰਗਠਨ  ( ਡਬਲਿਊ ਐਚ ਓ )   ਦੇ ਇੱਕ ਆਕਲਨ  ਦੇ ਅਨੁਸਾਰ ਖਣਿਜ ਤੇਲ ਨਾਲ ਪੈਦਾ ਪ੍ਰਦੂਸ਼ਣ ਤੋਂ ਸੰਸਾਰ ਵਿੱਚ ਹਰ ਸਾਲ ਤੀਹ ਲੱਖ ਮੌਤਾਂ ਹੁੰਦੀਆਂ ਹਨ ,  ਪਰਮਾਣੂ ਕੂੜੇ ਦਾ ਖ਼ਤਰਾ ਇਸ ਤੋਂ ਕਿਤੇ ਜਿਆਦਾ ਗੰਭੀਰ  ਹੈ ।

ਊਰਜਾ ਤੋਂ ਨਿਕਲਣ ਵਾਲੀਆਂ ਐਕਸਰੇ ,  ਗਾਮਾ ਰੇਜ ,  ਸੁਪਰ ਅਲਟਰਾਵਾਇਲੇਟ ਆਦਿ ਕਿਰਣਾਂ ਹੀ ਰੇਡੀਏਸ਼ਨ ਹਨ ।  ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ  ( ਆਈ ਏ ਈ ਏ )   ਦੇ ਅਨੁਸਾਰ ਆਮ ਤੌਰ ਉੱਤੇ 88 ਫ਼ੀਸਦੀ ਰੇਡੀਏਸ਼ਨ ਕੁਦਰਤੀ ਸਰੋਤਾਂ ਮਸਲਨ ,  ਸੂਰਜ ਦੀ ਰੋਸ਼ਨੀ ,  ਭੂਮੀ ਤੋਂ ਨਿਕਲਣ ਵਾਲੀ ਊਰਜਾ ਜਾਂ ਕਿਤੇ – ਕਿਤੇ ਚਟਾਨਾਂ ਤੋਂ ਨਿਕਲਣ  ਵਾਲੀ ਗਰਮੀ  ਦੇ ਕਾਰਨ ਹੁੰਦਾ ਹੈ ।

ਜਦੋਂ ਕਿ ਕਰੀਬ 12 ਫ਼ੀਸਦੀ ਰੇਡੀਏਸ਼ਨ ਪਰਮਾਣੂ ਬਿਜਲੀਘਰਨ ਜਾਂ ਹੋਰ ਪ੍ਰਤੀਸ਼ਠਾਨਾਂ ,  ਚਿਕਿਤਸਕੀ  ਸਮੱਗਰੀਆਂ ਅਤੇ ਮੋਬਾਇਲ ਟਾਵਰਾਂ ਆਦਿ ਤੋਂ ਹੁੰਦਾ ਹੈ ।  ਸੂਰਜ  ਦੇ ਪ੍ਰਕਾਸ਼ ਜਾਂ ਭੂਮੀ ਤੋਂ ਨਿਕਲਣ ਵਾਲੀ ਵੱਟ ਬਹੁਤ ਘੱਟ ਹੁੰਦੀ ਹੈ ,  ਇਸ ਲਈ ਇਸ ਰੇਡੀਏਸ਼ਨ ਦਾ ਖ਼ਤਰਾ ਮਨੁੱਖ ਸਿਹਤ ਲਈ ਬਹੁਤ ਘੱਟ ਹੈ ।  ਲੇਕਿਨ ਪਰਮਾਣੂ ਬਿਜਲੀਘਰਾਂ ਨਾਲ ਹੋਣ ਵਾਲਾ ਰੇਡੀਏਸ਼ਨ ਭਵਿੱਖ ਵਿੱਚ ਵਧੇਗਾ ਕਿਉਂਕਿ ਪੂਰੀ ਦੁਨੀਆ ਵਿੱਚ ਪਰਮਾਣੂ ਬਿਜਲੀ ਉੱਤੇ ਨਿਰਭਰਤਾ ਵੱਧ ਰਹੀ ਹੈ ।

ਨਿਊਕਲੀਇਰ ਪਾਵਰ ਪਲਾਂਟਾਂ ਵਿੱਚ ਕਾਰਜ ਕਰਨ ਵਾਲੀਆਂ ਅਤੇ ਇਨ੍ਹਾਂ   ਦੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਇਨ੍ਹਾਂ ਤੋਂ ਉਤਸਰਜਿਤ ਹੋਣ ਵਾਲੇ ਰੇਡੀਏਸ਼ਨ ਤੋਂ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ ।  ਹਾਲਾਂਕਿ ਅਜਿਹੇ ਪਲਾਂਟਾਂ ਵਿੱਚ ਰੇਡੀਏਸ਼ਨ ਰੋਕਣ ਲਈ ਕਰੜੇ ਉਪਾਅ ਕੀਤੇ ਜਾਂਦੇ ਹਨ ।  ਇਸਦੇ ਇਲਾਵਾ ਕੁੱਝ ਹੋਰ ਉਦਯੋਗਾਂ ਵਿੱਚ ਵੀ ਪਰਮਾਣੂ ਸਾਮਗਰੀ ਇਸਤੇਮਾਲ ਹੁੰਦੀ ਹੈ ਜਿਸਦੇ ਨਾਲ ਭਾਰੀ ਮਾਤਰਾ ਵਿੱਚ ਰੇਡੀਏਸ਼ਨ ਹੁੰਦਾ ਹੈ ।  ਇਸ ਲਈ ਇਨ੍ਹਾਂ ਨਾਲ ਜੁੜੇ  ਲੋਕ ‘ਪੇਸ਼ੇਵਰਾਨਾ ਖਤਰੇ’ ਵਿੱਚ ਹਨ ।  ਫਿਰ ਐਕਸਰੇ ਮਸ਼ੀਨਾਂ ,  ਮੋਬਾਇਲ ਟਾਵਰਾਂ  ਦੇ ਆਸਪਾਸ ਵੀ ਰੇਡੀਏਸ਼ਨ ਹੁੰਦਾ ਹੈ ।  ਦੇਸ਼ ਵਿੱਚ 50 ਹਜਾਰ ਐਕਸਰੇ ਯੂਨਿਟ ਅਤੇ ਸਾਢੇ ਚਾਰ ਲੱਖ ਮੋਬਾਇਲ ਟਾਵਰ ਵੀ ਰੇਡੀਏਸ਼ਨ ਪੈਦਾ ਕਰ ਰਹੇ ਹਨ ।

ਰੇਡੀਏਸ਼ਨ ਤੋਂ ਕੈਂਸਰ ਹੋ ਸਕਦਾ ਹੈ ।  ਦੂਜੇ ,  ਤਵਚਾ ਰੋਗ ਪ੍ਰਮੁੱਖ ਹਨ ।  ਜ਼ਿਆਦਾ ਰੇਡੀਏਸ਼ਨ  ਨੂੰ  ਸਰੀਰ ਦਾ ਤੰਤਰ ਕਾਰਜ ਕਰਨਾ ਬੰਦ ਕਰ ਸਕਦਾ ਹੈ ।  ਇਹ ਬਰੇਨ ਹੇਮਰੇਜ ਦਾ ਕਾਰਨ ਵੀ ਬਣ ਸਕਦਾ ਹੈ ।  ਰੇਡੀਉਐਕਟਿਵ ਕੂੜੇ ਨੂੰ ਛੂਹਣ ਜਾਂ ਸਿੱਧੇ ਸੰਪਰਕ ਵਿੱਚ ਆਉਣ ਨਾਲ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ।  ਲੇਕਿਨ ਇੱਕ ਨਿਸ਼ਚਿਤ ਮਾਤਰਾ 100 ਮਿਲੀਰੇਮ ਤੱਕ ਦਾ ਰੇਡੀਏਸ਼ਨ ਨੁਕਸਾਨਦਾਇਕ ਨਹੀਂ ਹੁੰਦਾ ਹੈ ਲੇਕਿਨ ਜਿਵੇਂ ਹੀ ਇਹ ਸੀਮਾ ਪਾਰ ਹੁੰਦੀ ਹੈ ਖ਼ਤਰਾ ਵੱਧ ਜਾਂਦਾ ਹੈ ।

ਵਿਗਿਆਨੀਆਂ  ਦੇ ਅਨੁਸਾਰ ਜੇਕਰ 100 ਲੋਕਾਂ ਨੂੰ ਇੱਕ – ਇੱਕ ਮਿਲੀ ਸੀਵਰਟ  ( ਮਿਲੀਰੇਮ )  ਰੇਡੀਏਸ਼ਨ ਦਿੱਤਾ ਜਾਵੇ ਤਾਂ ਅਧਿਕਤਮ ਇਹਨਾਂ ਵਿਚੋਂ ਪੰਜ ਲੋਕਾਂ ਨੂੰ ਕੈਂਸਰ ਹੋਣ  ਦੇ ਲੱਛਣ ਰਹਿੰਦੇ ਹਨ ।  ਚਿਕਿਤਸਾ ਕਾਰਜ ਜਾਂ ਫੋਨ ਟਾਵਰਾਂ ਨਾਲ ਹੋਣ ਵਾਲਾ ਰੇਡੀਏਸ਼ਨ ਆਮ ਤੌਰ ਉੱਤੇ ਘੱਟ ਹੁੰਦਾ ਹੈ ਇਸ ਲਈ ਉਸਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ।  ਮਸਲਨ ਰੋਗੀ ਨੂੰ ਉਪਚਾਰ ਲਈ ਸਿਰਫ ਇੱਕ ਮਾਇਕਰੋ ਸੀਵਰਟ ਰੇਡੀਏਸ਼ਨ ਦਿੱਤਾ ਜਾਂਦਾ ਹੈ ।  ਮਾਇਕਰੋ ਸੀਵਰਟ ਦਾ ਮਤਲਬ ਹੈ ਇੱਕ ਮਿਲੀ ਸੀਵਰਟ ਦਾ ਲੱਖਵਾਂ ਹਿੱਸਾ ।

ਹੁਣ ਜੇਕਰ ਕੈਂਸਰ ਹੋਣ ਦੀ 5 ਫ਼ੀਸਦੀ ਦੀ ਸੰਦੇਹ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਲਗਭੱਗ ਨਿਗੂਣੀ ਰਹਿ ਜਾਂਦੀ ਹੈ ।  ਇਸ ਲਈ ਇਸਦੇ ਉਪਚਾਰ  ਦੇ ਫਾਇਦੇ ਸਾਡੇ ਲਈ ਕਿਤੇ ਜ਼ਿਆਦਾ ਹਨ ।  ਦੂਜੇ ਅੰਤਰਰਾਸ਼ਟਰੀ ਮਾਨਕਾਂ  ਦੇ ਅਨੁਸਾਰ ਜੇਕਰ ਕੋਈ ਵਿਅਕਤੀ ਸਾਲ ਵਿੱਚ ਅਧਿਕਤਮ 20 ਮਿਲੀ ਸੀਵਰਟ ਰੇਡੀਏਸ਼ਨ ਡੋਜ ਲੈਂਦਾ ਹੈ ਤਾਂ ਇਸ ਨਾਲ ਉਸਦੀ ਸਿਹਤ ਉੱਤੇ ਦੁਸ਼ਪ੍ਰਭਾਵ ਲਗਭੱਗ ਨਿਗੂਣੇ ਹਨ ।

ਰੇਡੀਏਸ਼ਨ ਮਾਨੀਟਰ ਹੁੰਦਾ ਹੈ ।  ਜੇਕਰ ਕਿਸੇ ਸੰਸਥਾਨ ਵਿੱਚ ਰੇਡੀਏਸ਼ਨ ਹੋਵੇ ਤਾਂ ਉਸ ਵਿਅਕਤੀ ਨੂੰ ਰੇਡੀਏਸ਼ਨ ਮਾਨੀਟਰ ਆਪਣੇ ਨਾਲ ਰੱਖਣਾ ਹੁੰਦਾ ਹੈ । ਇਸ ਮੀਟਰ  ਦੇ ਅੰਕੜਿਆਂ ਦੀ ਸਟਡੀ ਪਰਮਾਣੂ ਊਰਜਾ ਰੈਗੂਲੇਟਰੀ ਏਜੰਸੀ ਦੁਆਰਾ ਕੀਤੀ ਜਾਂਦੀ ਹੈ । ਜੇਕਰ ਕਿਤੇ ਵਿਕਿਰਣ ਜ਼ਿਆਦਾ ਹੋ ਰਿਹਾ ਹੁੰਦਾ ਹੈ ਤਾਂ ਉਸਨੂੰ ਘੱਟ ਕੀਤਾ ਜਾਂਦਾ ਹੈ । ਇੱਕ ਰੋਚਕ ਸਚਾਈ ਹੈ ਕਿ  ਕੈਂਸਰ ਹਸਪਤਾਲਾਂ ਜਾਂ ਪਰਮਾਣੂ ਪ੍ਰਤੀਸ਼ਠਾਨਾਂ ਵਿੱਚ ਕਾਰਜ ਕਰਣ ਵਾਲੇ ਹਰ ਵਿਅਕਤੀ ਦੀ ਰੇਡੀਏਸ਼ਨ ਡੋਜ ਦਾ ਰਿਕਾਰਡ ਰੱਖਿਆ ਜਾਂਦਾ ਹੈ । ਅਜਿਹਾ ਪੇਸ਼ੇਵਰ ਦੁਨੀਆ ਵਿੱਚ ਕਿਤੇ ਵੀ ਕਾਰਜ ਕਰਣ ਵਾਲੇ ਨੂੰ ਰੇਡੀਏਸ਼ਨ ਡੋਜ  ਦੇ ਅੰਕੜਿਆਂ ਦਾ ਬਯੋਰਾ ਵੀ ਸਰਟੀਫਿਕੇਟ ਆਦਿ ਦੀ ਤਰ੍ਹਾਂ ਨਾਲ ਲੈ ਕੇ ਜਾਣਾ ਹੁੰਦਾ ਹੈ ।

-ਮਦਨ ਜੈੜਾ

ਪ੍ਰਕਾਸ਼ਿਤ: Uncategorized ਵਿੱਚ | ਟਿੱਪਣੀ ਕਰੋ

ਲੈਂਪ ਪੋਸਟ (ਕਹਾਣੀ)- ਜਸਵੰਤ ਸਿੰਘ ਵਿਰਦੀ

ਲੈਂਪ ਪੋਸਟ ਬਹੁਤ ਖੁਸ਼ ਸੀ।
‘ਕੋਈ ਤਾਂ ਹੈ ਮੈਨੂੰ ਮੁਹੱਬਤ ਕਰਨ ਵਾਲਾ, ਮੇਰੇ ਕੋਲੋਂ ਪ੍ਰੇਰਣਾ ਲੈਣ ਵਾਲਾ।’
ਹਨੇਰੀਆਂ ਤੂਫ਼ਾਨਾਂ ਦੇ ਬਾਵਜੂਦ ਵੀ ਲੈਂਪ ਪੋਸਟ ਦੀ ਰੌਸ਼ਨੀ ਕਾਇਮ ਸੀ, ਉਹ ਬੁਝਿਆ ਨਹੀਂ ਸੀ, ਉਹਦਾ ਸਰੀਰ ਵੀ ਮਜ਼ਬੂਤ ਸੀ। ਉਸ ਨੂੰ ਜਿਸ ਕੰਪਨੀ ਨੇ ਤਿਆਰ ਕੀਤਾ ਸੀ, ਉਸ ਦਾ ਦਾਅਵਾ ਸੀ ਕਿ ਉਸ ‘ਤੇ ਮਨੁੱਖੀ ਜੀਵਨ ਦੇ ਕੁਦਰਤੀ, ਗ਼ੈਰ-ਕੁਦਰਤੀ ਝਟਕਿਆਂ ਦਾ ਅਸਰ ਨਹੀਂ ਸੀ ਹੋ ਸਕਦਾ। ਫਿਰ ਉਹ ਸਵੈ-ਚਾਲਿਤ ਵੀ ਸੀ-
‘ਉਹ ਕਿਸੇ ਵੇਲੇ ਵੀ ਆ ਸਕਦੀ ਹੈ।’
ਲੈਂਪ ਪੋਸਟ ਸੋਚਦਾ ਸੀ, ‘ਇਥੇ ਮੇਰੇ ਪ੍ਰਕਾਸ਼ ‘ਚ ਖਲੋ ਕੇ ਹੀ ਉਹਨੇ ਕਿਹਾ ਸੀ, ’ਮੈਂ’ਤੁਸੀਂ ਤਾਂ ਇਸ ਲੈਂਪ ਪੋਸਟ ਤੋਂ ਵੀ ਪ੍ਰੇਰਣਾ ਲੈਂਦੀ ਹਾਂ…’
‘ਜ਼ਰਾ ਸੋਚੋ!’ ਉਹ ਆਪਣੇ-ਆਪ ਨੂੰ ਕਹਿ ਰਿਹਾ ਸੀ, ‘ਇਕ ਸੋਹਣੀ ਕੁੜੀ ਵੀ ਮੈਥੋਂ ਪ੍ਰੇਰਨਾ ਲੈ ਸਕਦੀ ਹੈ। ਕੀ ਇਹ ਸੱਚ ਨਹੀਂ ਕਿ ਪ੍ਰੇਰਨਾ ਦੇਣ ਵਾਲਾ ਵੀ ਘੱਟ ਮਹੱਤਵ ਨਹੀਂ ਰੱਖਦਾ।’
ਉਸ ਵੇਲੇ ਲੈਂਪ ਪੋਸਟ ਨੂੰ ਮਹਿਸੂਸ ਹੋਇਆ ਸੀ ਕਿ ਸਦੀਆਂ ਤੋਂ ਉਹ ਜਿਹੜਾ ਤਨ, ਮਨ ਸਾੜ ਕੇ ਲੋਕਾਂ ਲਈ ਪ੍ਰਕਾਸ਼ ਕਰਦਾ ਆ ਰਿਹਾ ਸੀ, ਉਹਦਾ ਹੱਕ ਉਹਨੂੰ ਮਿਲ ਗਿਆ ਹੈ।’ ‘ਜ਼ਿੰਦਗੀ ‘ਚ ਕੁਝ ਪਲ ਹੀ ਹੁੰਦੇ ਨੇ ਜਦੋਂ ਬੰਦੇ ਨੂੰ ਉਹਦੀ ਕਰਨੀ ਦਾ ਸੁਖਾਵਾਂ ਫਲ ਮਿਲ ਜਾਂਦੈ।’ ਲੈਂਪ ਪੋਸਟ ਨੇ ਆਪਣੇ-ਆਪ ਨੂੰ ਕਿਹਾ ਸੀ, ‘ਅਤੇ ਇਹ ਸਾਰੇ ਵਰ੍ਹੇ ਨੂੰ ਏਨਾ ਦੁਖੀ ਕਿਉਂ ਰਿਹਾ ਏਂ।’
ਲੈਂਪ ਪੋਸਟ ਨੂੰ ਮਹਿਸੂਸ ਹੋ ਰਿਹਾ ਸੀ ਕਿ ਲੋਕਾਂ ਨੂੰ ਪ੍ਰਕਾਸ਼ ਦੇਣ ਦਾ ਕੰਮ ਕੋਈ ਨਿਰ-ਅਰਥਕ ਵਗਾਰ ਨਹੀਂ ਸੀ, ਸਗੋਂ, ਸਗੋਂ ਕਦੀ ਨਾ ਕਦੀ ਇਸ ਦਾ ਵੀ ਮਹੱਤਵ ਬਣ ਜਾਣਾ ਹੈ। ਇਸ ਗੱਲ ਨੂੰ ਸੋਚ ਕੇ ਉਹ ਖੁਦ ਨੂੰ ਇਕ ਵਿਸ਼ੇਸ਼ ਸ਼ੈਅ ਸਮਝਣ ਲੱਗ ਪਿਆ ਸੀ।
ਲੈਂਪ ਪੋਸਟ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਹਦੇ ਪ੍ਰਕਾਸ਼ ਵਿਚ ਖਲੋ ਕੇ ਲਿਖਣ, ਪੜ੍ਹਨ ਵਾਲੀ ਕੁੜੀ ਇਕ ਕਵਿਤਰੀ ਸੀ ਅਤੇ ਉਹ ਸੁਰ-ਲੈਅ ‘ਚ ਕਵਿਤਾ ਪੜ੍ਹਦੀ ਸੀ…। ਉਸ ਦਿਨ ਉਹਨੇ ਲੈਂਪ ਪੋਸਟ ਦੇ ਪ੍ਰਕਾਸ਼ ਵਿਚ ਖਲੋ ਕੇ ਸ਼ਿਅਰ ਕਹੇ ਸਨ…
ਲੋਕਾਂ ਨੂੰ ਚਾਨਣ ਦੇਣਾ
ਖੁਦ ਚੁੱਪ ਰਹਿਣਾ।
ਸਦਾ ਚੁੱਪ ਰਹਿਣਾ
ਪਰ ਚਾਨਣ ਦੇਣਾ।
ਚਾਨਣ ਦੇਣ ਤਨ ਮਨ ਨੂੰ
ਭਟਕ ਨਾ ਜਾਵੇ ਕੋਈ
ਖਲੋ ਨਾ ਜਾਵੇ ਕੋਈ।
‘ਇਹ ਗੱਲ ਠੀਕ ਹੈ।’ ਲੈਂਪ ਪੋਸਟ ਨੇ ਕਿਹਾ ਸੀ, ’ਮੈਂ’ਤੁਸੀਂ ਵੀ ਇਹੋ ਹੀ ਗੱਲ ਸੋਚਦਾਂ, ਭਾਵੇਂ ਮੈਂ ਕੋਈ ਸ਼ਾਇਰ ਨਹੀਂ।’ ਪਰ ਉਸ ਕੁੜੀ ਨੇ ਲੈਂਪ ਪੋਸਟ ਦੀ ਇਹ ਗੱਲ ਨਹੀਂ ਸੀ ਸੁਣੀ। ਉਹ ਆਪਣੀ ਕਵਿਤਾ ਦੇ ਸ਼ਬਦਾਂ ਨਾਲ ਹੀ ਜੂਝ ਰਹੀ ਸੀ। ਕਈ ਵਾਰ ਕਵਿਤਾ ਦੇ ਸ਼ਬਦਾਂ ਨਾਲ ਜੂਝਣਾ ਵੀ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰਨ ਵਾਂਗ ਹੀ ਪ੍ਰਤੀਤ ਹੁੰਦਾ ਹੈ।
ਲੈਂਪ ਪੋਸਟ ਦਾ ਬਹੁਤ ਗਹਿਰ ਗੰਭੀਰ ਜੀਵਨ, ਅਨੁਭਵ ਸੀ ਉਹਨੇ ਅਨੇਕ ਉਤਰਾਅ-ਚੜ੍ਹਾਅ ਦੇਖੇ ਸਨ ਅਤੇ ਉਹ ਉਸ ਨਾਜ਼ੁਕ ਬਦਨੀ ਕਵਿੱਤਰੀ ਨੂੰ ਕੁਝ ਦੱਸਣਾ ਚਾਹੁੰਦਾ ਸੀ, ਜਿਸ ਨਾਲ ਉਹਦੀ ਜ਼ਿੰਦਗੀ ਸੁਖਾਵੀਂ, ਰਹਿ ਸਕਦੀ ਸੀ ਪਰ ਉਸ ਕੁੜੀ ਦਾ ਲੈਂਪ ਪੋਸਟ ਵੱਲ ਧਿਆਨ ਨਹੀਂ ਸੀ। ਉਹਦੀ ਨਜ਼ਰ ਕਿਧਰੇ ਹੋਰ ਘੁੰਮ ਰਹੀ ਸੀ।
‘ਇਹ ਕੁੜੀ ਸਿਦਕਵਾਨ ਰਹੀ ਤਾਂ ਕਮਾਲ ਕਰ ਸਕਦੀ ਹੈ।’ ਲੈਂਪ ਪੋਸਟ ਨੇ ਉਸ ਕੁੜੀ ਦੇ ਪਤਲੇ, ਕੋਮਲ, ਗੋਰੇ ਸਰੀਰ ਨੂੰ ਗਹੁ ਨਾਲ ਤੱਕ ਕੇ ਕਿਹਾ ਸੀ। ਉਹਦੇ ਨੈਣ-ਨਕਸ਼ ਤਿੱਖੇ ਸਨ ਅਤੇ ਅੱਖਾਂ ਵਿਚ ਜਿਵੇਂ ਚਾਨਣ ਦੀ ਲਾਟ ਜਗ ਰਹੀ ਸੀ। ਉਸ ਦੇ ਹੱਥ ਦੀਆਂ ਉਂਗਲੀਆਂ ਕਲਮ ਦਾ ਹੀ ਹਿੱਸਾ ਬਣ ਗਈਆਂ ਲਗਦੀਆਂ ਸਨ। ਉਸ ਨੂੰ ਮੋਹ ਨਾਲ ਦੇਖ ਕੇ ਲੈਂਪ ਪੋਸਟ ਨੂੰ ਮਹਿਸੂਸ ਹੋਇਆ ਸੀ, ‘ਅੱਜਕਲ੍ਹ ਦੀਆਂ ਕੁੜੀਆਂ ਬੁਹਤ ਸੂਖਮ ਭਾਵੀ ਹੋ ਗਈਆਂ ਨੇ। ਕੁਦਰਤ ਇਨ੍ਹਾਂ ‘ਤੇ ਬਹੁਤ ਮਿਹਰਬਾਨ ਹੋ ਗਈ ਹੈ।’
ਉਸ ਦਿਨ ਉਹ ਇਕੱਲੀ ਸੀ। ਲੈਂਪ ਪੋਸਟ ਨੇ ਸੋਚਿਆ ਸੀ, ‘ਜਦੋਂ ਤੱਕ ਇਹ ਇਕੱਲੀ ਰਹੇਗੀ, ਇਹਦੀ ਰਚਨਾ ਵਿਚ ਸ਼ਿੱਦਤ ਦਾ ਪ੍ਰਭਾਵ ਕਾਇਮ ਰਹੇਗਾ ਪਰ ਜਦੋਂ ਇਹ ਕਿਸੇ ਗੱਭਰੂ ਦੀ ਹੋ ਗਈ ਤਾਂ ਇਹਦੀ ਕਵਿਤਾ ਦੇ ਸ਼ਬਦ ਲੜਖੜਾ ਜਾਣਗੇ, ਫਿਰ ਪਤਾ ਨਹੀਂ ਕੀ ਹੋਵੇ ਅਤੇ ਇਹ ਗੱਲ ਸੋਚ ਕੇ ਲੈਂਪ ਪੋਸਟ ਨੇ ਕੁਝ ਘਬਰਾਹਟ ਮਹਿਸੂਸ ਕੀਤੀ, ਜਿਸ ਕਰਕੇ ਉਹਦੀ ਜੋਤ ਨੇ ਲੜਖੜਾ ਕੇ ਆਲੇ-ਦੁਆਲੇ ਵੱਲ ਤੱਕਿਆ ਸੀ। ਉਸ ਲੜਖੜਾਹਟ ਵਿਚ ਹੀ ਉਹਨੇ ਦੇਖਿਆ ਸੀ ਕਿ ਉਹ ਕੁੜੀ ਉਹਦੇ ਕੋਲੋਂ ਦੂਰ ਹੁੰਦੀ ਗਈ ਅਤੇ ਫਿਰ ਹਨੇਰੇ ਵਿਚ ਵੱਲ ਲੱਗ ਪਈ ਸੀ। ਪਤਾ ਨਹੀਂ ਉਹ ਕਿਧਰ ਜਾ ਰਹੀ ਸੀ। ਲੈਂਪ ਪੋਸਟ ਦੇ ਮਨ ‘ਚ ਆਇਆ, ‘ਪੁੱਛਾਂ, ਹਨੇਰੇ ਵਿਚ ਕਿਧਰ ਚੱਲੀ ਏਂ?’ ਤੈਨੂੰ ਚਾਨਣ ਚੰਗਾ ਨਹੀਂ ਲਗਦਾ?’ ਪਰ ਉਹਨੇ ਕੁਝ ਨਹੀਂ ਪੁੱਛਿਆ।
‘ਇਹ ਕੁੜੀ ਜ਼ਰੂਰ ਹੀ ਕਿਸੇ ਗੱਭਰੂ ਦੀ ਹੋ ਜਾਣਾ ਚਾਹੁੰਦੀ ਹੈ ਪਰ ਇਹਨੂੰ ਕਾਹਲੀ ਨਹੀਂ ਕਰਨੀ ਚਾਹੀਦੀ।’ ਲੈਂਪ ਪੋਸਟ ਨੂੰ ਖਿਆਲ ਆਇਆ, ‘ਕੁੜੀਆਂ ਦਾ ਉਤਾਵਲਾਪਨ ਕਈ ਵਾਰ ਉਨ੍ਹਾਂ ਨੂੰ ਤਬਾਹੀ ਵੱਲ ਵੀ ਲੈ ਜਾਂਦਾ ਹੈ ਅਤੇ ਲੈਂਪ ਪੋਸਟ ਡਾਢਾ ਪ੍ਰੇਸ਼ਾਨ ਹੋ ਗਿਆ ਸੀ।’
‘ਤੂੰ ਹਨੇਰਿਆਂ ‘ਚ ਗੁੰਮ ਜਾਣ ਲਈ ਨਹੀਂ ਜਨਮ ਲਿਆ।’ ਲੈਂਪ ਪੋਸਟ ਨੇ ਉਸ ਕੁੜੀ ਨੂੰ ਕਿਹਾ ਸੀ, ‘ਇਸ ਲਈ ਮੁੜ ਆ ਮੇਰੇ ਪ੍ਰਕਾਸ਼ ‘ਚ… ਅਤੇ ਇਨਸਾਨੀ ਰੂਹ ਵਾਂਗ ਵਰਤਾਰਾ ਕਰ।’
ਕੁੜੀ ਖਾਮੋਸ਼ ਰਹੀ ਸੀ, ਕੁਝ ਨਹੀਂ ਸੀ ਬੋਲੀ।
ਲੈਂਪ ਪੋਸਟ ਨੇ ਉਸ ਕੁੜੀ ਦੀ ਚਾਲ ਤੋਂ ਮਹਿਸੂਸ ਕੀਤਾ ਸੀ ਕਿ ਉਹਦੇ ਅੰਦਰ ਕੋਈ ਤੂਫ਼ਾਨ ਝੁੱਲਿਆ ਹੋਇਆ ਸੀ।
‘ਇਹ ਤੂਫਾਨ ਜਵਾਨੀ ਚੜ੍ਹਦੇ ਹਰ ਗੱਭਰੂ ਨਾਰ ਦੇ ਦਿਲ ਦਿਮਾਗ ‘ਚ ਝੁਲਦਾ ਹੀ ਹੈ ਪਰ ਇਹਦੀ ਮਾਰ ਤੋਂ ਬਚਣਾ ਬਹੁਤ ਜ਼ਰੂਰੀ ਹੈ।’
ਲੈਂਪ ਪੋਸਟ ਉਸ ਕੁੜੀ ਨੂੰ ਦੂਰ ਤੱਕ ਜਾਂਦੀ ਨੂੰ ਦੇਖਦਾ ਰਿਹਾ। ਉਹਨੇ ਅੱਜ ਤੱਕ ਏਨੀ ਦਿਲਚਸਪੀ ਕਿਸੇ ਹੋਰ ਬੰਦੇ ਵਿਚ ਨਹੀਂ ਸੀ ਲਈ ਅਤੇ ਉਹ ਭਾਵੁਕ ਹੁੰਦਾ ਜਾ ਰਿਹਾ ਸੀ।
‘ਤੈਨੂੰ ਮੇਰੇ ਚਾਨਣ ਦੀ ਡਾਢੀ ਲੋੜ ਹੈ।’ ਲੈਂਪ-ਪੋਸਟ ਕਹਿ ਰਿਹਾ ਸੀ, ‘ਹਨੇਰੇ ‘ਚ ਤੈਨੂੰ ਕਿਸੇ ਨੇ ਨਹੀਂ ਦੇਖਣਾ।’
ਪਰ ਉਹ ਕੁੜੀ ਮੁੜੀ ਨਹੀਂ ਸੀ। ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਚੌਰਾਹੇ ਵਿਚ ਜਗ ਰਿਹਾ ਲੈਂਪ ਪੋਸਟ ਉਹਦੇ ਲਈ ਕੀ ਭਾਵ ਰੱਖਦਾ ਸੀ ਅਤੇ ਉਹਨੂੰ ਕੀ ਕਹਿ ਰਿਹਾ ਸੀ…?
ਉਹ ਲਗਾਤਾਰ ਟੁਰਦੀ ਗਈ ਸੀ ਜਦੋਂ ਕਿ ਲੈਂਪ ਪੋਸਟ ਚੌਰਾਹੇ ਨੂੰ ਛੱਡ ਕੇ ਉਹਦਾ ਪਿੱਛਾ ਨਹੀਂ ਸੀ ਕਰ ਸਕਦਾ। ਉਹਨੂੰ ਚੌਰਾਹੇ ਦੁਆਲੇ ਦੀਆਂ ਸੜਕਾਂ ਨੂੰ ਰੌਸ਼ਨ ਕਰਨ ਦੀ ਵੀ ਚਿੰਤਾ ਸੀ।
’ਮੈਂ’ਤੁਸੀਂ ਇਸ ਚੌਰਾਹੇ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾ ਸਕਦਾ।’ ਉਹਨੂੰ ਖਿਆਲ ਆ ਰਿਹਾ ਸੀ, ’ਮੈਂ’ਤੁਸੀਂ ਇਕ ਨਿਸ਼ਚਿਤ ਕਾਰਜ ਲਈ ਜਨਮ ਲਿਆ ਹੈ।’
ਚੌਰਾਹੇ ਵਿਚ ਹੋਣ ਕਰਕੇ ਉਹਨੂੰ ਹਰ ਪਾਸੇ ਪ੍ਰਕਾਸ਼ ਕਰਨਾ ਪੈਂਦਾ ਸੀ। ਕਈ ਵਾਰ ਉਹ ਕਿਸੇ ਇਕ ਰਾਹ ਵੱਲ ਆਪਣਾ ਧਿਆਨ ਨਾ ਕਰ ਪਾਉਂਦਾ ਤਾਂ ਉਹਦੇ ਪ੍ਰਕਾਸ਼ ਦੀ ਅਣਹੋਂਦ ਕਾਰਨ ਉਸ ਰਾਹ ‘ਚ ਹਨੇਰਾ ਫੈਲ ਜਾਂਦਾ, ਗੱਡੀਆਂ ਇਕ-ਦੂਜੀ ਨਾਲ ਟਕਰਾਅ ਜਾਂਦੀਆਂ, ਲੋਕ ਜ਼ਖ਼ਮੀ ਹੋ ਜਾਂਦੇ ਅਤੇ ਆਵਾਜਾਈ ਦਾ ਸਿਲਸਿਲਾ ਰੁਕ ਕੇ ਰਹਿ ਜਾਂਦਾ…
ਲੋਕ ਕਹਿੰਦੇ, ‘ਪਤਾ ਨਹੀਂ ਕਿਹੜੀ ਮਨਹੂਸ ਕੰਪਨੀ ਨੇ ਲੈਂਪ ਪੋਸਟ ਨੂੰ ਤਿਆਰ ਕੀਤਾ ਹੈ? ਇਹ ਤਾਂ ਤਬਾਹੀ ਮਚਾ ਰਿਹੈ।’ ਇਸ ਸ਼ਾਇਰਾ ਕੁੜੀ ਨੇ ਤਾਂ ਉਹਦਾ ਸਾਰਾ ਹੀ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਇਸ ਲਈ ਉਹ ਪ੍ਰੇਸ਼ਾਨ ਲੋਕਾਂ ਵੱਲ ਧਿਆਨ ਨਹੀਂ ਸੀ ਦਿੰਦਾ। ਕਹਿੰਦਾ, ‘ਤੁਹਾਡੇ ਆਪਣੇ ਗਮ ਨੇ ਤਾਂ ਮੇਰੇ ਗਮ ਵੀ ਘੱਟ ਨਹੀਂ…।’
’ਮੈਂ’ਤੁਸੀਂ ਇਥੇ ਹਾਂ, ਤੇਰੀ ਪ੍ਰੇਰਣਾ?’ ਲੈਂਪ ਪੋਸਟ ਨੇ ਇਕ ਲਲਕਾਰ ਵਾਂਗ ਕਿਹਾ ਸੀ ਪਰ ਕੁੜੀ ਨੇ ਪਿਛਾਂਹ ਪਰਤ ਕੇ ਨਹੀਂ ਸੀ ਦੇਖਿਆ। ਉਹ ਚਾਨਣ ਵੱਲੋਂ ਹਨੇਰੇ ਵੱਲ ਵਧਦੀ ਜਾ ਰਹੀ ਸੀ। ’ਮੈਂ’ਤੁਸੀਂ ਨਹੀਂ ਚਾਹੁੰਦਾ ਕਿ ਇਹ ਰੂਹ ਭਟਕ ਜਾਵੇ।’ ਲੈਂਪ ਪੋਸਟ ਨੇ ਹਓਕਾ ਭਰਕੇ ਸੋਚਿਆ, ‘ਪਰ ਮੈਂ ਕੁਝ ਕਰ ਵੀ ਤਾਂ ਨਹੀਂ ਸਕਦਾ। ਮੈਂ ਕਿਸੇ ਕੋਲ ਜਾ ਕੇ ਉਹਨੂੰ ਪ੍ਰਕਾਸ਼ ਨਹੀਂ ਦੇ ਸਕਦਾ, ਮੇਰੇ ਕੋਲ ਤਾਂ ਜਿਹੜਾ ਕੋਈ ਆਵੇਗਾ, ਮੈਂ ਉਸ ਦਾ ਮੁਖੜਾ ਹੀ ਰੁਸ਼ਨਾ ਸਕਦਾਂ… ਅਤੇ ਉਹਦੇ ਰਾਹਵਾਂ ਨੂੰ ਵੀ…’ ਫਿਰ ਪਲ ਭਰ ਰੁਕ ਕੇ ਉਹਨੇ ਸੋਚਿਆ, ‘ਪਤਾ ਨਹੀਂ ਇਹ ਮੇਰੀ ਮਜਬੂਰੀ ਹੈ ਕਿ ਖੁਸ਼ਨਸੀਬੀ।’ ਅਤੇ ਫਿਰ ਉਹ ਉਸ ਸੁੰਨ-ਵੀਰਾਨੇ ਵਿਚ ਦੂਰ ਤੱਕ ਘੂਰਨ ਲੱਗ ਪਿਆ। ਉਹ ਆਪਣੇ ਮਾਹੌਲ ਪ੍ਰਤੀ ਸੁਚੇਤ ਹੋ ਗਿਆ ਸੀ। ਉਹਦੇ ਅੰਦਰ ਸੰਵੇਦਨਾ ਦਾ ਸੰਚਾਰ ਹੋ ਗਿਆ…
‘ਇਹ ਤਾਂ ਕਮਾਲ ਹੋ ਗਿਐ।’ ਲੈਂਪ ਪੋਸਟ ਨੇ ਸੋਚਿਆ, ‘ਪਹਿਲਾਂ ਕਦੀ ਵੀ ਮੈਂ ਆਪਣੇ ਮਹੱਤਵ ਬਾਰੇ ਨਹੀਂ ਸੀ ਸੋਚਿਆ। ਕਈ ਵਾਰ ਤਾਂ ਮੈਨੂੰ ਪਛਤਾਵਾ ਵੀ ਹੁੰਦਾ ਸੀ ਕਿ ਮੈਂ ਕਿਉਂ ਸੁੰਨ-ਵੀਰਾਨੇ ਵਿਚ ਖਲੋਤਾ ਹੋਇਆਂ, ਜਦੋਂ ਕਿ ਦੁਨੀਆ ਦੇ ਬਾਕੀ ਸਭੋ ਲੋਕ ਆਪਣੇ ਨਿੱਘੇ ਘਰਾਂ ਵਿਚ ਸੁੱਖ ਆਰਾਮ ਨਾਲ ਰਹਿ ਰਹੇ ਨੇ।’
ਸ਼ਹਿਰੋਂ ਬਾਹਰਲੇ ਇਸ ਸੁੰਨ-ਵੀਰਾਨੇ ਕੋਲੋਂ ਘਬਰਾ ਕੇ ਕਈ ਵਾਰ ਉਹ ਬੁਝਣ-ਬੁਝਣ ਵੀ ਕਰਦਾ ਸੀ ਪਰ ਅੱਜ ਉਹ ਬੜੀ ਬੇਸਬਰੀ ਨਾਲ ਉਸ ਕੁੜੀ ਦੇ ਪਰਤ ਆਉਣ ਦੀ ਉਡੀਕ ਕਰ ਰਿਹਾ ਸੀ ਅਤੇ ਬੁਝਿਆ ਨਹੀਂ ਸੀ। ਉਹ ਆਪਣੇ ਨੇੜੇ ਆਉਣ ਵਾਲੇ ਹਰ ਚਿਹਰੇ ਨੂੰ ਗਹੁ ਨਾਲ ਤੱਕਦਾ ਸੀ ਪਰ ਉਨ੍ਹਾਂ ਚਿਹਰਿਆਂ ਵਿਚ ਉਸ ਕੁੜੀ ਦਾ ਚਿਹਰਾ ਕਿਤੇ ਨਹੀਂ ਸੀ।
ਉਹਨੂੰ ਚੇਤੇ ਹੈ, ਜਦੋਂ ਕਿਸੇ ਵੇਲੇ ਉਸ ਨੂੰ ਇਸ ਚੌਰਾਹੇ ਵਿਚ ਖਲਿਆਰਿਆ ਗਿਆ ਸੀ ਇਥੋਂ ਦੀ ਵੀਰਾਨੀ ਨੂੰ ਤੱਕ ਕੇ ਉਹ ਬਹੁਤ ਪ੍ਰੇਸ਼ਾਨ ਹੋਇਆ ਸੀ, ‘ਭਲਾ ਏਨੇ ਵੀਰਾਨੇ ‘ਚ ਮੈਂ ਕਿਵੇਂ ਪ੍ਰਕਾਸ਼ ਕਰਦਾ ਰਹਿ ਸਕਦਾਂ?’
ਪਰ ਉਹ ਪ੍ਰਕਾਸ਼ ਕਰਦਾ ਰਿਹਾ ਸੀ। ਉਹਨੂੰ ਪੂਰੀ ਆਸ ਸੀ ਕਿ ਕਦੀ ਨਾ ਕਦੀ ਉਹਦੀ ਜ਼ਿੰਦਗੀ ਵਿਚ ਵੀ ਇਕ ਚਮਤਕਾਰ ਹੋਵੇਗਾ।
ਹੁਣ ਉਹ ਸੋਚ ਰਿਹਾ ਸੀ, ‘ਉਹ ਸ਼ਾਇਰ ਕੁੜੀ ਇਕ ਚਮਤਕਾਰ ਹੀ ਹੈ ਜਿਸ ਨੇ ਉਹਨੂੰ ਆਪਣੀ ਪ੍ਰੇਰਨਾ ਸਮਝਿਆ ਸੀ।’
’ਮੈਂ’ਤੁਸੀਂ ਇਕ ਵਾਰ ਉਹਨੂੰ ਜ਼ਰੂਰ ਦੇਖਾਂਗਾ।’ ਲੈਂਪ ਪੋਸਟ ਸੋਚ ਰਿਹਾ ਸੀ, ‘ਇਹ ਨਹੀਂ ਹੋ ਸਕਦਾ ਕਿ ਮੇਰੇ ਮਨ ਦੀ ਮੁਰਾਦ ਪੂਰੀ ਨਾ ਹੋਵੇ?’ ਜਿਸ ਕੁੜੀ ਲਈ ਮੈਂ ਪ੍ਰੇਰਨਾ ਬਣਿਆ ਹਾਂ, ਭਲਾ ਮੈਂ ਉਹਨੂੰ ਨਾ ਦੇਖ ਸਕਾਂਗਾ?’
ਸ਼ਹਿਰ ਬਾਹਰ ਜਾਂਦੀਆਂ ਸੜਕਾਂ ‘ਤੇ ਚੱਲਣ ਵਾਲੇ ਲੋਕਾਂ ਵਾਸਤੇ ਪ੍ਰਕਾਸ਼ ਦਾ ਕਾਰਜ ਨਿਭਾਅ ਰਿਹਾ ਲੈਂਪ ਪੋਸਟ ਸੁੰਨਵੀਰਾਨੇ ਵਿਚ ਸੀ। ਸ਼ਾਮ ਮਗਲਾ ਹਨੇਰਾ ਵੀ ਉਸੇ ਤਰ੍ਹਾਂ ਹੀ ਦਨਦਨਾ ਰਿਹਾ ਸੀ, ‘ਜਿਵੇਂ ਉਸ ਕੁੜੀ ਦੇ ਇਥੋਂ ਜਾਣ ਵੇਲੇ ਸੀ। ਇਸ ਤਰ੍ਹਾਂ ਦੀਆਂ ਹਨੇਰੀਆਂ ਰਾਤਾਂ ਲੈਂਪ ਪੋਸਟ ਵਾਸਤੇ ਜੁਗਾਂ ਲੰਮੀਆਂ ਹੋ ਜਾਂਦੀਆਂ ਸਨ। ਉਹਦੇ ਨਾਲ ਸੰਵਾਦ ਕਰਨ ਵਾਲਾ ਵੀ ਕੋਈ ਨਹੀਂ ਸੀ ਹੁੰਦਾ।
‘ਲੋਕ ਮੈਨੂੰ ਨਿਰੀ ਸਵੈ-ਚਾਲਿਤ ਮਸ਼ੀਨ ਸਮਝਦੇ ਨੇ।’ ਉਹ ਉਦਾਸੀ ਨਾਲ ਕਹਿੰਦਾ ਸੀ, ‘ਤਾਂ ਕੀ ਮੇਰੇ ਵਿਚ ਭਾਵਨਾਵਾਂ ਨਹੀਂ ਹੋ ਸਕਦੀਆਂ?’ ਪਤਾ ਨਹੀਂ ਉਹ ਕਿਸ ਨੂੰ ਕਹਿੰਦਾ ਸੀ, ‘ਪਤਾ ਨਹੀਂ ਮੇਰੀ ਕਿਸਮਤ ‘ਚ ਹਨੇਰੀਆਂ ਰਾਤਾਂ ਹੀ ਕਿਉਂ ਲਿਖੀਆਂ ਗਈਆਂ ਨੇ?’ ਉਹ ਕਈ ਵਾਰ ਦੁਖੀ ਮਨ ਨਾਲ ਸੋਚਦਾ ਸੀ। ਪਰ ਹੁਣ ਉਹਨੂੰ ਖਿਆਲ ਆ ਰਿਹਾ ਸੀ, ‘ਇਨ੍ਹਾਂ ਹਨੇਰੀਆਂ ਰਾਤਾਂ ਵਿਚ ਹੀ ਉਸ ਕੁੜੀ ਨੇ ਮੈਨੂੰ ਆਪਣੀ ਪ੍ਰੇਰਨਾ ਕਿਹਾ ਸੀ।’
ਦਰਅਸਲ, ਲੈਂਪ ਪੋਸਟ ਦੇ ਅੰਦਰ ਉਸ ਸ਼ਾਇਰਾ ਕੁੜੀ ਵਾਸਤੇ ਕਬਜ਼ੇਬਾਜ਼ੀ ਦੀ ਭਾਵਨਾ ਪੈਦਾ ਹੋ ਗਈ ਸੀ। ਉਹ ਚਾਹੁੰਦਾ ਸੀ, ‘ਉਹ ਕੁੜੀ ਮੇਰੇ ਨੇੜੇ, ਮੇਰੇ ਕੋਲ ਰਹੇ ਅਤੇ ਕੇਵਲ ਮੇਰੇ ਨਾਲ ਹੀ ਸੰਵਾਦ ਕਰੇ… ਮੈਂ ਸੱਚਮੁੱਚ ਹੀ ਉਹਦੇ ਵਾਸਤੇ ਪ੍ਰਕਾਸ਼ ਕਰਕੇ ਸਦੀਵੀ ਪ੍ਰੇਰਨਾ ਬਣ ਸਕਦਾ ਹਾਂ।’
‘ਉਹ ਮੇਰੀ ਹੈ।’ ਸਵੈ-ਚਾਲਿਤ ਲੈਂਪ ਪੋਸਟ ਆਪਣੇ-ਆਪ ਨੂੰ ਕਹਿ ਰਿਹਾ ਸੀ, ‘ਉਹਨੇ ਮੇਰੇ ਅੰਦਰ ਮੁਹੱਬਤ ਦੀ ਭਾਵਨਾ ਭਰੀ ਹੈ, ਤੇ ਹੁਣ ਮੈਂ ਸੰਵੇਦਨਾਹੀਣ ਨਹੀਂ ਰਿਹਾ। ਮੇਰਾ ਤਾਂ ਤਨ, ਮਨ ਉਸ ਨੱਢੀ ਤੋਂ ਕੁਰਬਾਨ ਹੋਣ ਲਈ ਤਿਆਰ ਹੈ। ਉਹਨੇ ਮੇਰੀ ਸਾਰਥਿਕ ਹੋਂਦ ਨੂੰ ਕਵਿਤਾ ‘ਚ ਢਾਲਿਆ ਹੈ।’
ਲੈਂਪ ਪੋਸਟ ਹਾਲੇ ਇਹ ਗੱਲਾਂ ਸੋਚ ਹੀ ਰਿਹਾ ਸੀ ਜਦੋਂ ਕਿ ਉਹਨੇ ਦੇਖਿਆ ਕਿ ਉਹਦੇ ਨੇੜੇ ਜਿਹੜੇ ਦੋ ਮਾਨਵੀ ਸਰੂਪ ਆ ਕੇ ਖਲੋਤੇ ਸਨ, ਉਨ੍ਹਾਂ ਵਿਚੋਂ ਇਕ ਉਹੋ ਹੀ ਸ਼ਾਇਰਾ ਕੁੜੀ ਸੀ ਅਤੇ ਦੂਸਰਾ ਆਕਾਰ ਇਕ ਨੌਜਵਾਨ ਦਾ ਸੀ, ਜਿਹੜਾ ਉਸ ਕੁੜੀ ਨੂੰ ਬੜੀ ਲੋਭੀ ਨਜ਼ਰ ਨਾਲ ਘੂਰ ਰਿਹਾ ਸੀ, ਜਿਵੇਂ ਉਹ ਕੁੜੀ ਉਸੇ ਦੀ ਮਲਕੀਅਤ ਹੋਵੇ। ਲੈਂਪ ਪੋਸਟ ਨੇ ਉਸ ਨੌਜਵਾਨ ਨੂੰ ਘੂਰ ਕੇ ਦੇਖਿਆ ਤਾਂ ਉਹਨੂੰ ਮਹਿਸੂਸ ਹੋਇਆ ਕਿ ਉਹ ਨੌਜਵਾਨ ਉਸ ਕੁੜੀ ਦੇ ਰੂਪ-ਰਸ ਦਾ ਲੋਭੀ ਹੀ ਸੀ… ਉਹਦੇ ‘ਚ ਸਿਦਕਦਿਲੀ ਨਜ਼ਰ ਨਹੀਂ ਸੀ ਆਉਂਦੀ।
ਇਹ ਗੱਲ ਮਹਿਸੂਸ ਕਰਕੇ ਲੈਂਪ ਪੋਸਟ ਨੇ ਬੜੀ ਸ਼ਿੱਦਤ ਨਾਲ ਸੋਚਿਆ, ‘ਇਸ ਕੁੜੀ ਨੂੰ ਨੌਜਵਾਨ ਦੇ ਕਿਰਦਾਰ ਬਾਰੇ ਸੁਚੇਤ ਕਰ ਦੇਵਾਂ?’
ਪਰ ਉਹ ਚੁੱਪ ਕੀਤਾ ਰਿਹਾ, ਕੇਵਲ ਉਨ੍ਹਾਂ ਨੂੰ ਦੇਖਦਾ ਰਿਹਾ। ’ਮੈਂ’ਤੁਸੀਂ ਇਨ੍ਹਾਂ ਦੀ ਗੱਲਬਾਤ ਵਿਚ ਵਿਘਨ ਨਹੀਂ ਪਾ ਸਕਦਾ। ਘੱਟੋ-ਘੱਟ ਮੈਨੂੰ ਇਸ ਸ਼ਾਇਰਾ ਕੁੜੀ ਖਾਤਰ ਹੀ ਚੁੱਪ ਰਹਿਣਾ ਚਾਹੀਦੈ।’ ਲੈਂਪ ਪੋਸਟ ਨੇ ਸੋਚਿਆ, ‘ਪਤਾ ਨਹੀਂ ਇਹ ਗੱਲ ਕਿਹਨੇ ਕਹੀ ਸੀ ਕਿ ਮੁਹੱਬਤ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਕਰਨੀ ਚਾਹੀਦੀ ਹੈ।’ ਅਤੇ ਲੈਂਪ ਪੋਸਟ ਉਨ੍ਹਾਂ ਦੋਵਾਂ ਵਾਸਤੇ ਚੁੱਪ ਕੀਤਾ ਰਿਹਾ। ਉਹ ਉਸ ਸ਼ਾਇਰਾ ਕੁੜੀ ਨੂੰ ਪੂਰੀ ਨੀਂਝ ਨਾਲ ਦੇਖਣਾ ਚਾਹੁੰਦਾ ਸੀ, ਇਸ ਲਈ ਉਹਦੇ ਪ੍ਰਕਾਸ਼ ਦਾ ਪ੍ਰਭਾਵ ਵੀ ਵਧ ਗਿਆ ਸੀ।
ਉਹ ਦੋਵੇਂ ਕਿਸੇ ਛੋਟੀ ਜਿਹੀ ਗੱਲ ‘ਤੇ ਬਹਿਸ ਕਰਦੇ ਹੋਏ ਆਪਸ ‘ਚ ਲੜ ਰਹੇ ਸਨ, ਜਦੋਂ ਕਿ ਉਸ ਕੁੜੀ ਨੇ ਫਿਰ ਉਹੋ ਹੀ ਗੱਲ ਦੁਹਰਾਈ ਜਿਹੜੀ ਉਹਨੇ ਲੈਂਪ ਪੋਸਟ ਦੇ ਕੋਲ ਖਲੋ ਕੇ ਇਕ ਵਾਰ ਪਹਿਲਾਂ ਕਹੀ ਸੀ, ’ਮੈਂ’ਤੁਸੀਂ ਤਾਂ ਇਸ ਲੈਂਪ ਪੋਸਟ ਤੋਂ ਵੀ ਪ੍ਰੇਰਨਾ ਲੈਂਦੀ ਹਾਂ…।’
ਇਹ ਗੱਲ ਸੁਣ ਕੇ ਲੈਂਪ ਪੋਸਟ ਦੀ ਲਾਟ ਪਲ ਛਿਣ ਲਈ ਹੋਰ ਵੀ ਤੇਜ਼ ਹੋ ਗਈ। ਉਹਨੇ ਡਾਢੇ ਮੋਹ ਨਾਲ ਸ਼ਾਇਰਾ ਕੁੜੀ ਨੂੰ ਕਿਹਾ,’ਜਿਊਂਦੀ ਰਹੁ ਸੋਹਣੀਏਂ।’
ਪਰ ਉਸੇ ਵੇਲੇ ਹੀ ਉਹ ਨੌਜਵਾਨ ਰੋਹ ਨਾਲ ਦਨਦਨਾਇਆ, ‘ਪਰ ਤੂੰ ਤੇ ਕਹਿੰਦੀ ਸੀ…ਮੈਥੋਂ ਪ੍ਰੇਰਨਾ ਲੈਂਦੀ ਹੈ।’
ਉਸ ਵੇਲੇ ਉਸ ਨੌਜਵਾਨ ਦੀ ਆਵਾਜ਼ ਵਿਚ ਕੁਝ ਅਜਿਹਾ ਤਿੱਖਾ-ਤਲਖ ਪ੍ਰਭਾਵ ਸੀ, ਜਿਸ ਨਾਲ ਕੱਚ ਨਾਲੋਂ ਵੀ ਕੱਚਾ ਦਿਲ ਟੁੱਟ ਸਕਦਾ ਸੀ…
‘ਕਮੀਨਾ!’ ਲੈਂਪ ਪੋਸਟ ਨੇ ਸੋਚਿਆ ‘ਇਹ ਨੌਜਵਾਨ ਕਦੀ ਵੀ ਇਸ ਕੁੜੀ ਦੇ ਸੂਖਮ ਭਾਵੀ ਦਿਲ ਨੂੰ ਨਹੀਂ ਸਮਝ ਸਕਦਾ। ਏਦਾਂ ਦੇ ਲੋਕ ਹੀ ਧਰਤੀ ਦੀ ਸੁੰਦਰਤਾ ਨੂੰ ਤਬਾਹ ਕਰਦੇ ਨੇ।
ਫਿਰ ਲੈਂਪ ਪੋਸਟ ਨੇ ਦੇਖਿਆ, ਉਸ ਗੱਭਰੂ ਦੀ ਇਸ ਗੱਲ ਨੂੰ ਸੁਣ ਕੇ ਸ਼ਾਇਰਾ ਕੁੜੀ ਨੇ ਮਧਮ ਜਿਹੀ ਆਵਾਜ਼ ‘ਚ ਕਿਹਾ, ‘ਇਕੋ ਹੀ ਗੱਲ ਹੈ, ਇਕੋ ਹੀ ਗੱਲ।’
‘ਕੀ ਈ?’ ਨੌਜਵਾਨ ਫਿਰ ਦਨਦਨਾਇਆ ਤਾਂ ਕੁੜੀ ਨੇ ਕਿਹਾ, ‘ਹਾਂ ਆਂ…।’
‘ਪਰ ਤੂੰ ਤੇ ਕਹਿੰਦੀ ਸੀ ਕਿ…?’
‘ਹਾਂ ਆਂ…’ ਕੁੜੀ ਨੇ ਫਿਰ ਕਿਹਾ, ‘ਤੇਰੇ ‘ਤੇ ਲੈਂਪ ਪੋਸਟ ‘ਚ ਕੀ ਫ਼ਰਕ ਹੈ?’
‘ਫ਼ਰਕ?’
‘ਹਾਂ ਆਂ…’
‘ਨਹੀਂ…’
ਫਿਰ ਪਤਾ ਨਹੀਂ ਕੀ ਹੋਇਆ ਪਰ ਜੋ ਕੁਝ ਹੋਇਆ, ਉਹ ਲੈਂਪ ਪੋਸਟ ਦੇ ਬਰਦਾਸ਼ਤ ਤੋਂ ਬਾਹਰ ਸੀ…
ਇਸ ਲਈ ਅਨੇਕ ਵਰ੍ਹਿਆਂ ਤੋਂ ਜਗਮਗਾ ਰਹੀ ਉਸ ਦੀ ਲਾਟ ਤੁਰੰਤ ਬੁਝ ਕੇ ਰਹਿ ਗਈ। ਸ਼ਾਇਦ ਉਹਨੇ ਕਿਹਾ ਸੀ, ‘ਹੁਣ ਮੇਰੇ ਜਿਊਣ ਲਈ ਕੀ ਰਹਿ ਗਿਐ?’
ਅਗਲੇ ਦਿਨ ਜਿਹੜੇ ਕਾਰੀਗਰ ਉਸ ਦੀ ਮੁਰੰਮਤ ਲਈ ਆਏ ਉਨ੍ਹਾਂ ਨੇ ਮੁਸਕਰਾ ਕੇ ਕਿਹਾ ਸੀ, ‘ਹੁਣ ਰੋਬੋਟ ਵੀ ਮਾਹੌਲ ਦੀ ਸ਼ਿੱਦਤ ਦੇ ਤਣਾਓ ਨੂੰ ਮਹਿਸੂਸ ਕਰਨ ਲੱਗ ਪਏ ਨੇ।’

ਜਸਵੰਤ ਸਿੰਘ ਵਿਰਦੀ

ਪ੍ਰਕਾਸ਼ਿਤ: Uncategorized ਵਿੱਚ | ਟਿੱਪਣੀ ਕਰੋ

ਦੋਹੜੇ- ਸੂਫ਼ੀ ਤਬੱਸਮ

 

ਲੋਕੀ ਆਖਣ ਦੋ ਜਣੇ ਨੇਂ, ਤੇਰੇ ਸੱਜੇ ਖੱਬੇ
ਮੈਂ ਹੱਥ ਦੋਵੇਂ ਪਾਸੇ ਮਾਰਾਂ, ਮੈਨੂੰ ਕੋਈ ਨਾ ਲੱਭੇ

ਇਕ ਦੁਨੀਆਂ ਕਹੇ ਇਹ ਦੀਵਾਨਾ, ਇਕ ਕਹੇ ਇਹ ਝੱਲਾ
ਰੋਗ ਵਧਾਵਨ ਵਾਲੇ ਲੱਖਾਂ, ਰੋਗੀ ਕਲੱਮਕੱਲਾ

ਆਪੇ ਕੌਲ ਕਰਾਰ ਕਰੋ ਤੇ ਆਪੇ ਆਸਾਂ ਲਾਓ
ਨਾ ਕੋਈ ਆਉਂਦਾ ਏ, ਨਾ ਕੋਈ ਜਾਂਦਾ, ਆਪੇ ਤੋੜ ਨਿਭਾਓ

ਹਿਜਰ ਦੀ ਤਪਦੀ ਸ਼ਿਖਰ ਦੁਪਹਿਰ ਦਾ ਸੇਕ ਨਾ ਝੱਲਿਆ ਜਾਵੇ
ਮੇਰਾ ਸਾਇਆ ਵੀ ਮੇਰੇ ਹੇਠਾਂ ਆਪ ਆਪ ਲੁਕਾਵੇ

ਇਕ ਦੁਖ ਮਗਰੋਂ ਲਾਹੁਣ ਦੀ ਖ਼ਾਤਰ ਹੋਰ ਕਈ ਦੁਖ ਵਾਲੇ
ਪੈਰਾਂ ਦੇ ਕੰਡੇ ਕਢਕੇ ਕਢਕੇ ਹੱਥੀਂ ਪੈ ਗਏ ਛਾਲੇ

ਯਾਰੋ ਤੁਹਾਨੂੰ ਆਖ ਰਿਹਾ ਸਾਂ, ਐਵੇਂ ਖੋਜ ਨਾ ਲਾਓ
ਹੁਣ ਤੇ ਕਿੱਸਾ ਛੇੜ ਦਿੱਤਾ ਜੇ, ਹੁਣ ਤੇ ਸੁਣ ਕੇ ਜਾਓ

ਆਉ ਮੇਰੇ ਗ਼ਮ ਖ੍ਵਾਰੋ ਆਉ, ਕੁਝ ਤੇ ਭਾਰ ਵੰਡਾਉ
ਕੁਝ ਪਾਉ ਸਿਰ ਆਪਣੇ ਮਿੱਟੀ ਕੁਝ ਮੇਰੇ ਸਿਰ ਪਾਉ

ਮਿਰੇ ਸੁਹਣੇ ਪਿਆਰੇ ਹੰਝੂਉ, ਐਵੇਂ ਨਾ ਡੁਲ੍ਹਦੇ ਜਾਉ
ਜੇ ਤੁਹਾਨੂੰ ਕੋਈ ਨਹੀਂ ਝੋਲੀ ਪਾਉਂਦਾ, ਮੋਤੀ ਈ ਬਣ ਜਾਉ

ਅੱਖਾਂ ਨਾਲ ਸੁਣਾ ਸਭ ਗੱਲਾਂ ਕੰਨ ਨਾਲ ਲਾਵਾਂ ਨੀਝਾਂ
ਪੱਲੇ ਕੁਝ ਪਵੇ ਨਾ ਪਵੇ, ਮਨ ਦੀਆਂ ਲਾਵਾਂ ਰੀਝਾਂ

ਝੂਠੀਆਂ ਆਸਾਂ ਪੱਲੇ ਬੰਨ੍ਹ ਕੇ, ਮੋਤੀ ਲੱਭਣ ਚੱਲੇ
ਆਪ ਕਿਨਾਰੇ ਤੇ ਆ ਕੇ ਡਿੱਗੇ, ਬੇੜੀ ਬਹਿ ਗਈ ਥੱਲੇ

ਜਦ ਤੋਂ ਯਾਰ ਨੂੰ ਵਿਦਿਆ ਕੀਤਾ, ਮੈਨੂੰ ਕਿਤੇ ਨਾ ਮਿਲਦੀ ਢੋਈ
ਲੋਕ ਬਾਹਰ ਪਰਦੇਸੀ ਹੋਵਣ, ਮੈਂ ਘਰ ਪ੍ਰਦੇਸਣ ਹੋਈ

ਕਰਮ ਤੇ ਪਾਪ ਦਾ ਡਾਹਢਾ ਘਪਲਾ, ਮੈਨੂੰ ਕੁਝ ਵੀ ਸਮਝ ਨ ਆਏ
ਜਿਹੜੇ ਹੱਥ ਯਤੀਮਾਂ ਨੂੰ ਪਾਲਣ, ਉਹਨਾਂ ਹੱਥਾਂ ਪਿਉ ਮਰਵਾਏ

ਇਹੋ ਅੱਖੀਆਂ ਵੱਗਣ ਭਰੀਆਂ, ਵਿਚ ਕਿਸੇ ਦਾ ਦੋਸ਼ ਨਾ ਕਾਈ
ਆਪੇ ਜੁਪ ਜੁਪ ਨਿਉਂ ਲਗਾਵਣ ਅਤੇ ਆਪੇ ਦੇਣ ਦੁਹਾਈ

ਪ੍ਰਕਾਸ਼ਿਤ: Uncategorized ਵਿੱਚ | ਟਿੱਪਣੀ ਕਰੋ